ਨਵੀਂ ਦਿੱਲੀ- ਲਦਾਖ ਦੇ ਦੌਲਤ ਬੇਗ ਔਲਦੀ (ਡੀਬੀਓ) ਸੈਕਟਰ ਵਿੱਚ ਚੀਨੀ ਸੈਨਿਕਾਂ ਨੇ ਇੱਕ ਹੋਰ ਟੈਂਟ ਲਗਾ ਲਿਆ ਹੈ। ਅਜਿਹਾ ਕਰਕੇ ਚੀਨ ਨੇ ਇਹੋ ਜਿਹੇ ਪੰਜ ਸਥਾਨਾਂ ਤੇ ਟੈਂਟ ਖੜ੍ਹੇ ਕਰ ਦਿੱਤੇ ਹਨ।ਪਿੱਛਲੇ ਦੋ ਹਫ਼ਤਿਆਂ ਤੋਂ ਇਸ ਘੁਸਪੈਠ ਨੂੰ ਲੈ ਕੇ ਭਾਰਤ ਅਤੇ ਚੀਨ ਦਰਮਿਆਨ ਮੱਤਭੇਦ ਚੱਲ ਰਹੇ ਹਨ। ਚੀਨੀ ਸੈਨਿਕਾਂ ਨੇ ਆਪਣੀ ਸੁਰੱਖਿਆ ਲਈ ਖੂੰਖਾਰ ਕਿਸਮ ਦੇ ਮੋਲੋਸਰ ਕੁੱਤੇ ਵੀ ਤੈਨਾਤ ਕੀਤੇ ਹੋਏ ਹਨ।
ਚੀਨ ਨੇ ਪਹਿਲੀ ਵਾਰ 15 ਅਪਰੈਲ ਨੂੰ ਬੇਗ ਔਲਦੀ ਦੀ ਦੇਪਸਾਂਗ ਘਾਟੀ ਵਿੱਚ ਟੈਂਟ ਲਗਾਉਂਦੇ ਹੋਏ ਭਾਰਤ-ਤਿੱਬਤ ਸੀਮਾ ਪੁਲਿਸ ਨੇ ਵੇਖਿਆ ਸੀ।ਭਾਰਤ ਨੇ ਇਹ ਮੁੱਦਾ ਉਠਾਇਆ ਸੀ ਪਰ ਚੀਨ ਨੇ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਚੀਨ ਨੇ ਨਵੇਂ ਟੈਂਟ ਲਦਾਖ ਵਿੱਚ ਬੁਤਸੇਰ ਤੋਂ 70 ਕਿਲੋਮੀਟਰ ਦੱਖਣ ਵੱਲ ਗੱਡੇ ਹਨ। ਇਨ੍ਹਾਂ ਟੈਂਟਾਂ ਤੇ ਸਪੱਸ਼ਟ ਤੌਰ ਤੇ ਅੰਗਰੇਜੀ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਚੀਨ ਦੇ ਖੇਤਰ ਵਿੱਚ ਹੋ।ਵਿਰੋਧੀ ਧਿਰ ਭਾਜਪਾ ਨੇ ਚੀਨ ਦੀ ਘੁਸਪੈਠ ਸਬੰਧੀ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।