ਲੁਧਿਆਣਾ- ਜੂਨ 84 ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸਮੂਹ ਸਹੀਦਾਂ ਦੀ ਯਾਦਗਾਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਤੋੜ-ਭੰਨ ਦੀ ਕਾਰਵਾਈ ਅਣਉਚਿਤ ਹੈ ਅਤੇ ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਤੇ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨੇ ਕੀਤਾ।
ਆਗੂਆਂ ਨੇ ਕਿਹਾ ਕਿ ਜਿਵੇ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਅਸਥਾਨਾਂ ਉਪਰ ਉਹਨਾਂ ਦੇ ਨਾਮ ਸੁਸ਼ੋਭਿਤ ਹਨ ਉਵੇਂ ਹੀ ਬਾਬਾ ਜਰਨੈਲ ਸਿੰਘ ਜੀ ਦੇ ਸ਼ਹੀਦੀ ਅਸਥਾਨ ਉਪਰ ਵੀ ਉਹਨਾਂ ਦਾ ਨਾਮ ਸੁਸ਼ੋਭਿਤ ਰਹਿਣਾ ਚਾਹੀਦਾ ਹੈ ਕਿਉਂਕਿ ਬੇਸ਼ੱਕ ਜੂਨ 84 ਘੱਲੂਘਾਰਾ ਵਿਚ ਹੋਰ ਵੀ ਅਨੇਕਾਂ ਸਿੰਘ-ਸਿੰਘਣੀਆਂ ਤੇ ਭੁਝੰਗੀ ਸ਼ਹੀਦ ਹੋਏ ਪਰ ਉਹਨਾਂ ਸਭ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਜ਼ੁਲਮ ਖਿਲਾਫ ਜੰਗ ਲੜ੍ਹਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ ਅਤੇ ਸ਼ਹੀਦੀ ਯਾਦਗਾਰ ਜੂਝਣ ਵਾਲੇ ਸਿੰਘਾਂ ਦੀ ਯਾਦ ਵਿਚ ਹੈ।
ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਪ੍ਰਿਥੀਏ ਤੇ ਧੀਰਮੱਲੀਆਂ ਵਾਲੀ ਮਸੰਦ-ਨੀਤੀ ਛੱਡ ਕੇ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਇਤਿਹਾਸ ਉਹਨਾਂ ਨੂੰ ਪੰਥ ਚੋ ਛੇਕਿਆਂ ਜਿੰਨੀ ਹੀ ਥਾਂ ਦੇਵੇਗਾ।