ਨਵੀਂ ਦਿੱਲੀ :- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਕੱਤਰ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ ਅਤੇ ਜਤਿੰਦਰ ਸਿੰਘ ਸ਼ੰਟੀ ਨਿਗਮ ਪਾਰਸ਼ਦ ਨੇ ਅੱਜ ਦਿੱਲੀ ਦੀ ਕੜਕੜਡੁਮਾ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਤੇ ਆਪਣਾ ਤਿੱਖਾ ਪ੍ਰਤਿਕਰਮ ਪ੍ਰਗਟ ਕਰਦੇ ਹੋਏ ਕੋਰਟ ਪਰਿਸਰ ਦੇ ਬਾਹਰ ਜੋਰਦਾਰ ਨਾਰ੍ਹੇਬਾਜੀ ਕੀਤੀ ਜਿਸ ਕਰਕੇ ਇਨ੍ਹਾਂ ਆਗੁਆਂ ਨੂੰ ਦਿੱਲੀ ਪੁਲਿਸ ਫੜ੍ਹ ਕੇ ਵਿਵੇਕ ਵਿਹਾਰ ਥਾਣੇ ਲੈ ਗਈ। ਜਿੱਥੇ ਮਨਜੀਤ ਸਿੰਘ ਜੀ. ਕੇ. ਨੇ ਕੋਰਟ ਦੇ ਅੱਜ ਦੇ ਫੈਸਲੇ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਇਕ ਪਾਸੇ 4,000 ਸਿੱਖ ਦਿੱਲੀ ਵਿਚ ਸ਼ਹੀਦ ਹੋਇਆ ਹੋਵੇ ਤੇ ਇਸ ਮਸਲੇ ਵਿਚ ਮੁੱਖ ਆਰੋਪੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਜਾਵੇ ਤੇ ਫਿਰ ਵੀ ਸਰਕਾਰ ਅਤੇ ਨਿਆਪਾਲੀਕਾ ਵੱਲੋਂ ਸਿੱਖਾਂ ਤੋਂ ਹੀ ਚੁੱਪ ਰਹਿਣ ਦੀ ਉਮੀਦ ਕੀਤੀ ਜਾਵੇ ਇਹ ਕਿਵੇਂ ਹੋ ਸਕਦਾ ਹੈ, ਅੱਜ ਸਾਡੇ ਸਬਰ ਦਾ ਬਨ੍ਹ ਟੁੱਟ ਗਿਆ ਹੈ ਤੇ ਅਸੀ ਉਸ ਵੇਲੇ ਤੱਕ ਚੁੱਪ ਨਹੀਂ ਬੈਠਾਗੇ ਜਦੋ ਤੱਕ ਸੱਜਣ ਕੁਮਾਰ ਨੂੰ ਸਲਾਖਾਂ ਦੇ ਪਿਛੇ ਨਹੀਂ ਭੇਜਿਆ ਜਾਂਦਾ। ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕਤਲ ਕਰਵਾਉਂਣ ਵਾਲੇ ਹੀ ਸਰਕਾਰ ਦੇ ਮੁੱਖੀ ਬਣ ਕੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਣ ਦੇ ਰਹੇ। ਇਸ ਵਾਸਤੇ ਅਕਾਲੀ ਦਲ ਵੱਲੋਂ 1 ਮਈ ਨੂੰ ਦਿੱਲੀ ਦੇ ਤਿਲਕ ਨਗਰ ਥਾਣੇ ਦੇ ਬਾਹਰ ਜੋਰ ਦਾਰ ਰੋਸ਼ ਮੁਜ਼ਾਹਿਰਾ ਕਰਕੇ ਸੁੱਤੀ ਹੋਈ ਨਿਆਪਾਲਿਕਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਅਸੀਂ ਇਸ ਦਿਨ ਨੂੰ ਕਾਲੇ ਦਿਨ ਵਾਂਗ ਮਨਾਵਾਂਗੇ ਤੇ ਅਗਰ ਵਿਕਾਉ ਮਾਨਸਿਕਤਾ ਦੇ ਜੱਜਾ ਨੇ ਸੱਜਣ ਕੁਮਾਰ ਦੇ ਖਿਲਾਫ ਸਵਿਧਾਨਿਕ ਤਰੀਕੇ ਦੀ ਵਰਤੋਂ ਕਰਦੇ ਹੋਏ ਕੋਈ ਕਰਵਾਈ ਨਹੀ ਕੀਤੀ ਤੇ ਅਸੀ ਦੂਜੇ ਰਸਤੇ ਤੇ ਚਲਣ ਨੂੰ ਮਜਬੂਰ ਹੋ ਜਾਵਾਂਗੇ।