ਬ੍ਰਿਮਿੰਘਮ, ਇੰਗਲੈਂਡ: ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਮੈਨੂੰ ਇਸ ਨਾਲ ਕੋਈ ਹੈਰਾਨੀ ਨਹੀਂ ਹੋਈ ਕਿ ਅੱਜ ਦਿੱਲੀ ਦੀ ਕੜਕੁੰਮਾ ਅਦਲਤ ਨੇ ਸੱਜਨ ਕੁਮਾਰ ਨੂੰ ਬਰੀ ਕੀਤਾ ਹੈ। ਹੋਰ ਭਾਵੇਂ ਕੋਈ ਭਾਰਤ ਦੀਆਂ ਅਦਾਲਤਾਂ ਕੋਲੋਂ ਘਟ ਗਿਣਤੀਆਂ ਵਾਸਤੇ ਇਨਸਾਫ਼ ਦੀ ਆਸ ਰਖਦਾ ਪਿਆ ਹੋਵੇ ਪਰ ਮੈਨੂੰ ਕਦੇ ਭਰਮ ਨਹੀਂ ਰਿਹਾ ਕਿ ਇਨਸਾਫ਼ ਦੇ ਮਸਲੇ ‘ਤੇ ਭਾਰਤੀ ਅਦਾਲਤਾਂ ਦੇ ਦੋ ਅਸੂਲ ਹਨ: ਇਕ ਬਹੁ-ਗਿਣਤੀ ਵਾਸਤੇ ਤੇ ਇਕ ਗ਼ੈਰ-ਹਿੰਦੂਆਂ ਵਾਸਤੇ। ਭਾਰਤ ਵਿਚ 15 ਅਗਸਤ 1947 ਤੋਂ ਅੱਜ ਤਕ ਹੋਏ ਅਦਾਲਤੀ ਫ਼ੈਸਲਿਆਂ ਵਿਚੋਂ ਸਾਫ਼ ਪੈਗ਼ਾਮ ਮਿਲਦਾ ਹੈ ਕਿ ਘਟ ਗਿਣਤੀਆਂ ਨੂੰ ਬੇਇਨਸਾਫ਼ੀ ਨੂੰ ਹੀ ਇਨਸਾਫ਼ ਸਮਝ ਲੈਣਾ ਚਾਹੀਦਾ ਹੈ।
ਇਕ ਹੋਰ ਗੱਲ ਵਾਜ਼ਿਆ ਕਰ ਦਿਆਂ ਕਿ ਜਿਹੜੇ ਲੋਕ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਕੇਸ ਬੰਦ ਕਰਨ ਸਬੰਧੀ ਦਰਖ਼ਾਸਤ ਨੂੰ ਅਦਾਲਤ ਵੱਲੋਂ ਰੱਦ ਕੀਤੇ ਜਾਣ ਅਤੇ ਉਸ ‘ਤੇ ਮੁਕੱਦਮਾ ਚਲਾਉਣ ਵਾਲੇ ਫ਼ੈਸਲੇ ‘ਤੇ ਕੱਛਾਂ ਵਜਾਉਂਦੇ ਪਏ ਸਨ ਉਨ੍ਹਾਂ ਨੂੰ ਵੀ ਇਸ ਭਰਮ ਵਿਚੋਂ ਨਿਕਲ ਆਉਣਾ ਚਾਹੀਦਾ ਹੈ। ਜਦ ਟਾਈਲਟਰ ਦਾ ਮੁਕੱਦਮਾ ਅਸਲ ਵਿਚ ਆਵੇਗਾ ਤਾਂ ਉਸ ਦਾ ਅਦਾਲਤੀ ਫ਼ੈਸਲਾ ਵੀ ਇਹੀ ਹੋਵੇਗਾ। ਗਵਾਹਾਂ ਦੇ ਬਿਆਨਾਂ ਵਿਚ ਇਕੁਸਰਤਾ ਨਾ ਹੋਣ ਦੇ ਨਾਂ ‘ਤੇ ਜਾਂ ਕਿਸੇ ਹੋਰ ਬਹਾਨੇ ਨਾਲ ਉਸ ਨੂੰ ਸ਼ੱਕ ਦੀ ਗੁੰਜਾਇਸ਼ ਦੇ ਨਾਂ ‘ਤੇ ਬਰੀ ਕਰ ਦਿੱਤਾ ਜਾਵੇਗਾ ਜਦ ਕਿ ਇਕ ਵੀ ਗਵਾਹ ਨਾ ਹੋਣ ਦੇ ਬਾਵਜੂਦ ਦਵਿੰਦਰ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਜਾਵੇਗੀ।