ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ‘ਚ ਦਿੱਲੀ ਸਿੱਖ ਕਤਲੇਆਮ ਦੇ ਕਰੂਰ ਵਰਤਾਰੇ ਨੂੰ ਮਨੁੱਖਤਾ ਦੇ ਨਾਮ ਤੇ ਵੱਡਾ ਕਲੰਕ ਦੱਸਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿੱਚੋਂ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਜਿਸ ਤੇ ਦਿੱਲੀ ਦੇ ਛਾਉਣੀ ਇਲਾਕੇ ‘ਚ ਪੰਜ ਸਿੱਖਾਂ ਦੇ ਮਾਰੇ ਜਾਣ ਦਾ ਕੇਸ ਸੀ ਨੂੰ ਕੜਕੜਡੂਮਾ ਅਦਾਲਤ ਵੱਲੋਂ ਬਰੀ ਕਰਨ ਵਾਲਾ ਫੈਸਲਾ ਬਹੁਤ ਹੀ ਮੰਦਭਾਗਾ ਤੇ ਸਿੱਖਾਂ ਨੂੰ ਨਿਆਂ ਤੋਂ ਵਾਂਝਾ ਕਰਨ ਵਾਲਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਦੇਸ਼ ਦੀ ਨਿਆਂ ਪ੍ਰਣਾਲੀ ਪ੍ਰਤੀ ਸ਼ੰਕੇ ਖੜੇ ਕਰਨ ਦੇ ਬਰਾਬਰ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 1984 ਤੋਂ ਲੈ ਕੇ ਅੱਜ ਤੀਕ ਹਰੇਕ ਸਿੱਖ ਦੀ ਜੁਬਾਨ ਤੇ ਹੈ ਕਿ ਦਿੱਲੀ ਵਿੱਚ ਹਜ਼ਾਰਾਂ ਬੇ-ਗੁਨਾਹ ਸਿੱਖਾਂ ਨੂੰ ਕਤਲ ਕਰਵਾਉਣ ਲਈ ਹਜੂਮ ਦੀ ਅਗਵਾਈ ਕਾਂਗਰਸ ਦੇ ਇਹਨਾਂ ਦੋ ਵੱਡੇ ਆਗੂ ਜਗਦੀਸ਼ ਟਾਈਟਲਰ ਤੇ ਸੱਜਨ ਕੁਮਾਰ ਨੇ ਹੀ ਕੀਤੀ ਸੀ ਤੇ ਤਕਰੀਬਨ 28 ਸਾਲ ਦਾ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਦੰਗਾਕਾਰੀਆਂ ਦੀ ਅਗਵਾਈ ਕਰਨ ਵਾਲੇ ਕਿਸੇ ਵੀ ਆਗੂ ਨੂੰ ਸਜਾ ਨਹੀਂ ਮਿਲੀ ਜਿਸ ਕਰਕੇ ਸਿੱਖ ਭਾਈਚਾਰੇ ਵਿੱਚ ਨਿਆਂ ਪ੍ਰਣਾਲੀ ਪ੍ਰਤੀ ਵਿਸ਼ਵਾਸ਼ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਬੇਕਸੂਰ ਹਨ ਤਾਂ ਫਿਰ ਹਜ਼ਾਰਾਂ ਸਿੱਖਾਂ ਦਾ ਕਾਤਲ ਕੌਣ ਹੈ?
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੇਕਰ ਦੇਸ਼ ਦੇ ਬਾਰਡਰ ਤੇ ਗੋਲੀ ਖਾਣ ਦੀ ਜਰੂਰਤ ਹੋਵੇ ਤਾਂ ਸਭ ਤੋਂ ਪਹਿਲਾਂ ਸਿੱਖ ਦਾ ਸੀਨਾ ਅੱਗੇ ਹੁੰਦਾ ਹੈ। ਜੇਕਰ ਦੇਸ਼ ਦੇ ਅੰਨ ਭੰਡਾਰ ਭਰਨ ਦੀ ਗੱਲ ਆਵੇ ਤਾਂ ਵੀ ਪੰਜਾਬ ਦੇ ਮਿਹਨਤੀ ਕਿਸਾਨ ਭਰਨ, ਜੇਕਰ ਦੇਸ਼ ਲਈ ਕੁਰਬਾਨੀਆਂ ਦੀ ਜਰੂਰਤ ਸੀ ਤਾਂ ਉਹ ਵੀ ਅੱਸੀ ਫੀਸਦੀ ਤੋਂ ਵੱਧ ਸਿੱਖਾਂ ਦੇ ਹਿੱਸੇ ਆਈਆਂ। ਪਰ ਜੇਕਰ ਸਿੱਖਾਂ ਨੂੰ ਕਿਧਰੇ ਇਨਸਾਫ ਦੀ ਜਰੂਰਤ ਪੈ ਜਾਵੇ ਤਾਂ ਉਥੇ ਸਬੂਤਾਂ ਦੀ ਘਾਟ ਕਹਿ ਕੇ ਸਿੱਖਾਂ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੁਲਸ ਹਿਰਾਸਤ ਵਿੱਚ ਦਿਤੇ ਬਿਆਨਾਂ ਦੇ ਅਧਾਰ ਤੇ ਫਾਂਸੀ ਲਾਇਆ ਜਾ ਰਿਹਾ ਹੈ, ਜਦੋਂ ਕਿ ਉਸ ਖਿਲਾਫ 133 ਗਵਾਹਾਂ ਵਿੱਚੋ ਕਿਸੇ ਨੇ ਵੀ ਉਸਦੀ ਸ਼ਨਾਖਤ ਨਹੀਂ ਕੀਤੀ। ਦੂਜੇ ਪਾਸੇ 34 ਸਿੱਖਾਂ ਦਾ ਕਾਤਲ ਕਿਸ਼ੋਰੀ ਲਾਲ ਜਿਸ ਨੂੰ 7 ਫਾਂਸੀਆਂ ਦੀ ਸਜਾ ਸੁਪਰੀਮ ਕੋਰਟ ਨੇ ਸੁਣਾਈ ਹੋਵੇ ਉਸ ਦੀਆਂ 7 ਫਾਂਸੀਆਂ ਦੀ ਸਜਾ ਨੂੰ ਮੁਆਫ ਕਰਕੇ ਉਮਰ ਕੈਦ ‘ਚ ਤਬਦੀਲ ਕੀਤਾ ਜਾਵੇ ਤੇ ਉਮਰ ਕੈਦ ਵੀ ਘਟਾਉਣ ਬਾਰੇ ਵਿਚਾਰ ਹੋਵੇ, ਪਰ 1984 ਦੇ ਕਤਲੇਆਮ ਕਰਨ ਵਾਲੇ ਹਜੂਮ ਦੀ ਅਗਵਾਈ ਕਰਨ ਵਾਲਿਆਂ ਨੂੰ ਗਵਾਹ ਭੁਗਤਣ ਦੇ ਬਾਵਜੂਦ ਸਬੂਤਾਂ ਦੀ ਘਾਟ ਕਹਿ ਕੇ ਸੱਜਨ ਕੁਮਾਰ ਨੂੰ ਬਰੀ ਕੀਤਾ ਜਾਂਦਾ ਹੈ ਇਹ ਸਭ ਕੁਝ ਸਿੱਖਾਂ ਪ੍ਰਤੀ ਦੋਹਰੇ ਮਾਪਦੰਡ ਹਨ। ਦੇਸ਼ ਇੱਕ ਹੈ ਪਰ ਨਿਆਂ ਵੱਖਰਾ-ਵੱਖਰਾ ਹੈ, ਇਸ ਲਈ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਨਿਆਂ ਦੇਣ।