ਬੈਂਗਲੂਰੂ- ਕਾਂਗਰਸ ਨੇ ਕਰਨਾਟਕ ਵਿਧਾਨ ਸੱਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਝੰਡਾ ਝੁਲਾਇਆ। ਬੀਜੇਪੀ ਨੂੰ ਇਨ੍ਹਾਂ ਚੋਣਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ 7 ਸਾਲ ਬਾਅਦ ਆਪਣੇ ਦਮ ਤੇ ਸੱਤਾ ਪ੍ਰਾਪਤ ਕੀਤੀ ਹੈ।ਬੀਜੇਪੀ ਨੂੰ ਸਾਬਕਾ ਮੁੱਖਮੰਤਰੀ ਯੇਦੀਰੁੱਪਾ ਦਾ ਪਾਰਟੀ ਛੱਡਣਾ ਮਹਿੰਗਾ ਪਿਆ। ਰਾਸ਼ਟਰੀ ਪੱਧਰ ਤੇ ਘੋਟਾਲਿਆਂ ਦਾ ਸਾਹਮਣਾ ਕਰ ਰਹੀ ਕਾਂਗਰਸ ਨੂੰ ਇਸ ਜਿੱਤ ਨੇ ਭਾਰੀ ਰਾਹਤ ਦਿੱਤੀ।
ਕਰਨਾਟਕ ਵਿਧਾਨ ਸੱਭਾ ਦੀਆਂ 223 ਸੀਟਾਂ ਲਈ 5 ਮਈ ਨੂੰ ਚੋਣਾਂ ਹੋਈਆਂ ਸਨ।ਬੁੱਧਵਾਰ ਨੂੰ ਹੋਈ ਵੋਟਾਂ ਦੀ ਗਿਣਤੀ ਵਿੱਚ ਕਾਂਗਰਸ ਨੇ 121 ਸੀਟਾਂ ਤੇ ਜਿੱਤ ਹਾਸਿਲ ਕਰਕੇ ਪੂਰਣ ਬਹੁਮੱਤ ਪ੍ਰਾਪਤ ਕਰ ਲਿਆ ਹੈ।ਬੀਜੇਪੀ ਨੂੰ ਸਿਰਫ਼ 40 ਸੀਟਾਂ ਹੀ ਮਿਲੀਆਂ।ਸਾਬਕਾ ਪ੍ਰਧਾਨਮੰਤਰੀ ਦੇਵਗੌੜਾ ਦੀ ਅਗਵਾਈ ਵਾਲੇ ਜਨਤਾ (ਦਲ ਐਸ) ਨੇ ਵੀ 40 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਯੇਦੀਰੁੱਪਾ ਦੀ ਕੇਜੇਪੀ ਨੇ 6 ਸੀਟਾਂ, ਸਮਾਜਵਾਦੀ ਪਾਰਟੀ ਨੇ ਇੱਕ ਅਤੇ 16 ਤੇ ਹੋਰਾਂ ਨੇ ਜਿੱਤ ਹਾਸਿਲ ਕੀਤੀ। ਬੀਜੇਪੀ ਦੇ ਉਪ ਮੁੱਖ ਮੰਤਰੀ ਸਮੇਤ 12 ਮੰਤਰੀ ਆਪਣੀ ਸੀਟ ਹਾਰ ਚੁੱਕੇ ਹਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੀ ਇਸ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਪ੍ਰਧਾਨਮੰਤਰੀ ਨੇ ਇਸ ਜਿੱਤ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੰਦੇ ਹੋਏ ਕਿਹਾ ਕਿ ਉਸ ਦੇ ਯਤਨਾਂ ਸਦਕਾ ਹੀ ਇਹ ਸੰਭਵ ਹੋਇਆ।ਸੋਨੀਆ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਸੀ ਕਿ ਅਸੀਂ ਜਿੱਤਾਂਗੇ ਪਰ ਇਸ ਜਿੱਤ ਤੇ ਮੈਂ ਬਹੁਤ ਖੁਸ਼ ਹਾਂ।