ਚੰਡੀਗੜ੍ਹ-“ਸਿੱਖ ਕੌਮ ਨਾਲ ਹਿੰਦ ਦੇ ਹੁਕਮਰਾਨ ਬੀਤੇ 62 ਸਾਲਾਂ ਤੋ ਘੋਰ ਵਧੀਕੀਆਂ ਤੇ ਬੇਇਨਸਾਫੀਆਂ ਕਰਦੇ ਆ ਰਹੇ ਹਨ । 1984 ਵਿਚ ਹਿੰਦ ਦੇ ਵੱਖ-ਵੱਖ ਹਿੱਸਿਆਂ ਵਿਚ ਸਾਜ਼ਸੀ ਢੰਗਾਂ ਨਾਲ ਸਿੱਖਾਂ ਦੇ ਹੋਏ ਕਤਲੇਆਮ ਦੇ ਕਿਸੇ ਇਕ ਦੋਸੀ ਨੂੰ ਵੀ ਹਿੰਦ ਹਕੂਮਤ, ਅਦਾਲਤਾਂ ਜਾਂ ਜੱਜ਼ਾਂ ਨੇ ਸਜ਼ਾ ਨਹੀਂ ਸੁਣਾਈ । ਬਲਕਿ ਹਿੰਦ ਕਾਨੂੰਨ ਕਾਤਲਾਂ ਨੂੰ ਵਾਰੋ-ਵਾਰੀ ਚੋਰ ਦਰਵਾਜਿਓ ਬਚਾਉਣ ਵਿਚ ਲੱਗਿਆ ਹੋਇਆ ਹੈ । ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਲ ਜਿਸ ਨੂੰ ਬੀਬੀ ਨਿਰਪ੍ਰੀਤ ਕੌਰ ਨੇ ਕਤਲੇਆਮ ਕਰਦੇ ਹੋਏ ਆਪ ਵੇਖਿਆ ਸੀ ਅਤੇ ਜੋ ਸਿੱਖ ਕਤਲੇਆਮ ਦੀ ਚਸਮਦੀਦ ਗਵਾਹ ਹੈ, ਉਹਨਾਂ ਵੱਲੋਂ ਜੰਤਰ-ਮੰਤਰ ਵਿਖੇ ਬੀਤੇ 5 ਦਿਨਾਂ ਤੋ ਨਿਰੰਤਰ ਚੱਲਦੀ ਆਈ ਭੁੱਖ ਹੜਤਾਲ ਦੇ ਬਾਵਜੂਦ ਵੀ ਹੁਕਮਰਾਨਾਂ ਦੇ ਬੋਲੇ ਕੰਨਾਂ ਨੂੰ ਸਿੱਖ ਕੌਮ ਦੀ ਅਵਾਜ਼ ਸੁਣਾਈ ਨਾ ਦੇਣ ਦਾ ਦੁੱਖਦਾਇਕ ਵਰਤਾਰਾ ਸਿੱਖ ਮਨਾਂ ਨੂੰ ਹੋਰ ਵੀ ਡੂੰਘੀ ਠੇਸ ਪਹੁੰਚਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਬੀਬੀ ਨਿਰਪ੍ਰੀਤ ਕੌਰ ਵੱਲੋਂ ਦਿੱਤੇ ਜਾ ਰਹੇ ਰੋਸ ਮਈ ਧਰਨੇ ਵਿਚ 12 ਮਈ ਨੂੰ ਸਮੂਹਿਕ ਤੌਰ ਤੇ ਸਮੂਲੀਅਤ ਕਰਦੇ ਹੋਏ ਹੁਕਮਰਾਨਾਂ ਦੀਆਂ ਵਧੀਕੀਆਂ ਵਿਰੁੱਧ ਜੰਤਰ-ਮੰਤਰ ਵਿਖੇ ਅਵਾਜ਼ ਉਠਾਈ ਜਾਵੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ 11 ਮਈ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ । ਤਾਂ ਕਿ ਅਸੀ ਕੌਮੀ ਤਾਕਤ ਦੀ ਸਹੀ ਵਰਤੋਂ ਕਰਦੇ ਹੋਏ ਹੁਕਮਰਾਨਾਂ ਨੂੰ ਇਨਸਾਫ਼ ਦੇਣ ਲਈ ਮਜਬੂਰ ਕਰ ਸਕੀਏ ਅਤੇ ਕਾਤਲਾਂ ਨੂੰ ਸਜ਼ਾਵਾਂ ਦਿਵਾ ਸਕੀਏ । ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਪਾਰਟੀ ਦੇ ਮੁੱਖ ਦਫ਼ਤਰ ਜੋ ਜਾਰੀ ਕੀਤੀ ਗਈ ਅਪੀਲ ਵਿਚ ਪ੍ਰਗਟ ਕੀਤੇ ।
ਬੀਬੀ ਨਿਰਪ੍ਰੀਤ ਕੌਰ ਵੱਲੋਂ ਰੱਖੀ ਭੁੱਖ ਹੜਤਾਲ ਵਿਚ 12 ਮਈ ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਸਾਮਿਲ ਹੋਣਗੀਆਂ : ਮਾਨ
This entry was posted in ਪੰਜਾਬ.