ਇਰਾਨ – (ਪਰਮਜੀਤ ਸਿੰਘ ਬਾਗੜੀਆ )-ਇਰਾਨ ਨੇ 31 ਵਰ੍ਹਿਆਂ ਦੀ ਅਮਰੀਕੀ ਪੱਤਰਕਾਰ ਕੁੜੀ ਰੁਕਸਾਨਾ ਸਬਰੇਰੀ ਨੂੰ ਅਮਰੀਕਾ ਲਈ ਜਸੂਸੀ ਕਰਨ ਦੇ ਦੋਸ਼ ਵਿਚ 8 ਸਾਲ ਦੀ ਸਜਾ ਸੁਣਾਈ ਹੈ।ਰੁਕਸਾਨਾ ਇਰਾਨੀ ਪਿਤਾ ਤੇ ਜਪਾਨੀ ਮਾਂ ਤੋਂ ਪੈਦਾ ਹੋਈ ਤੇ ਅਮਰੀਕਾ ਵਿਚ ਹੀ ਜੰਮੀ-ਪਲੀ ਤੇ ਪੜ੍ਹੀ ਇਕ ਸੁਨੱਖੀ ਮੁਟਿਆਰ ਹੈ ਇਰਾਨ ਵਿਚ ਉਹ ਇਰਾਨੀ ਪੜ੍ਹਾਈ ਕਰਨ ਲਈ ਆਈ ਹੋਈ ਸੀ ਤੇ ਨਾਲ ਹੀ ਉਹ ਬੀ,ਬੀ.ਸੀ.ਤੇ ਫੋਕਸ ਨਿਊਜ ਸਮੇਤ ਕਈ ਮੀਡੀਆ ਸੰਗਠਨਾਂ ਲਈ ਕੰਮ ਕਰਦੀ ਸੀ।ਇਸ ਤੋਂ ਪਹਿਲਾਂ ਰੁਕਸਾਨਾ ਇੰਗਲੈਂਡ ਤੇ ਅਮਰੀਕਾ ਦੀਆਂ ਯੁਨੀਵਰਸਿਟੀਆਂ ਤੋਂ ਦੋ ਮਾਸਟਰ ਡਿਗਰੀਆਂ ਵੀ ਕਰ ਚੁੱਕੀ ਹੈ ਤੇ ਅਮਰੀਕੀ ਸੂਬੇ ਨਾਰਥ ਡਿਕੋਟਾ ਦੇ ਸੁੰਦਰਤਾ ਮੁਕਾਬਲੇ ਦੀ ਜੇਤੂ ਹੈ ਅਤੇ 1998 ਵਿਚ ਮਿਸ ਅਮਰੀਕਾ ਸੁੰਦਰਤਾ ਮੁਕਾਬਲੇ ਵਿਚ ਆਖਿਰੀ ਦਸਾਂ ਵਿਚ ਪਹੁੰਚੀ ਸੀ।ਇਰਾਨ ਸਰਕਾਰ ਨੇ ਜਨਵਰੀ ਵਿਚ ਉਸਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਸੀ।ਰੁਕਸਾਨਾ ‘ਤੇ ਬਿਨਾ ਲਾਈਸੰਸ ਲਏ ਵਿਦੇਸ਼ੀ ਮੀਡੀਏ ਲਈ ਕੰਮ ਕਰਨ ਦਾ ਦੋਸ਼ ਹੈ।
ਦੂਜੇ ਪਾਸੇ ਅਮਰੀਕਾ ਨੇ ਰੁਕਸਾਨਾ ਦੇ ਅਮਰੀਕਾ ਲਈ ਜਸੂਸੀ ਕਰਨ ਦੇ ਦੋਸ਼ ਨੂੰ ਸਿਰੇ ਤੋਂ ਨਕਾਰਿਆ ਹੈ।ਅਮਰੀਕਾ ਦੀ ਸੈਕਟਰੀ ਆਫ ਸਟੇਟ ਹਿਲੇਰੀ ਕਲਿੰਟਨ ਨੇ ਉਸਦੀ ਜਲਦੀ ਰਿਹਾਈ ਦੀ ਮੰਗ ਕੀਤੀ ਹੈ।ਉਸਦੇ ਵਕੀਲ ਅਬਦੁਲਸਮਾਦ ਖੁਰਮਸ਼ੀ ਨੇ ਸਜ਼ਾ ਵਿਰੁੱਧ ਅਪੀਲ ਤਿਆਰ ਕੀਤੀ ਹੈ। ਇਹ ਸਬੱਬ ਹੀ ਕਿਹਾ ਜਾ ਸਕਦਾ ਹੈ ਕਿ ਇਕ ਧਾਰਮਿਕ ਤੌਰ ਤੇ ਕੱਟੜ ਤੇ ਸਖਤ ਇਸਲਾਮੀ ਕਾਨੂੰਨ ਵਾਲੇ ਮੁਲਕ ਵਿਚ ਪੜ੍ਹਾਈ ਕਰਨ ਦੌਰਾਨ ਵਿਦੇਸ਼ੀ ਮੀਡੀਏ ਲਈ ਰਿਪੋਰਟਿੰਗ ਕਰਨ ਤੋਂ ਪਹਿਲਾਂ ਜਦੋਂ ਰੁਕਸਾਨਾ ਨੇ ਮਿਸ ਡਿਕੋਟਾ ਦਾ ਸੁੰਦਰਤਾ ਮੁਕਾਬਲੇ ਦਾ ਤਾਜ ਜਿੱਤਿਆ ਸੀ ਤਾਂ ਉਸਨੇ ਸੱਭਿਆਚਾਰਕ ਵਖਰੇਵਿਆਂ ਨੂੰ ਉਤਸ਼ਾਹਿਤ ਕਰਨਾ ਹੀ ਆਪਣਾ ਉਦੇਸ਼ ਦੱਸਿਆ ਸੀ। ਇਥੇ ਵਰਨਣਯੋਗ ਹੈ ਕਿ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ ਅਮਰੀਕਾ ਤੇ ਇਰਾਨ ਵਿਚ ਸਬੰਧ ਪਹਿਲਾਂ ਹੀ ਤਣਾਅ ਭਰੇ ਚਲ ਰਹੇ ਹਨ।