ਡਾ: ਹਰਸ਼ਿੰਦਰ ਕੌਰ, ਐਮ ਡੀ,
ਬੇਹੋਸ਼ੀ ਵਿਚ ਪਿਆ ਬੰਦਾ ਕਿੰਨੀ ਕੁ ਤਿੱਖੀ ਪੀੜ ਸਹਾਰ ਰਿਹਾ ਹੈ, ਇਸ ਬਾਰੇ ਪਤਾ ਲਾਉਣਾ ਲਗਭਗ ਨਾਮੁਮਕਿਨ ਹੈ। ਜੇ ਕਿਸੇ ਡਾਕਟਰ ਜਾਂ ਰਿਸ਼ਤੇਦਾਰ ਨੂੰ ਪਤਾ ਹੀ ਨਾ ਲੱਗੇ ਕਿ ਬੇਹੋਸ਼ ਬੰਦਾ, ਜੋ ਆਪ ਬੋਲ ਕੇ ਦਸ ਨਹੀਂ ਸਕਦਾ, ਦਰਦ ਨਾਲ ਤੜਫ ਰਿਹਾ ਹੈ, ਤਾਂ ਉਸਦੀ ਪੀੜ ਨੂੰ ਅਰਾਮ ਦੇਣ ਲਈ ਜਤਨ ਕਿਵੇਂ ਕਰ ਸਕਦਾ ਹੈ?
ਦਰਦ ਨੂੰ ਨਾਪ ਨਾ ਸਕਣ ਦਾ ਨਾਜਾਇਜ਼ ਫ਼ਾਇਦਾ ਵੀ ਬਹੁਤ ਵਾਰ ਲਿਆ ਜਾਂਦਾ ਹੈ। ਕੋਈ ਵੀ ਸਿਰ ਦਰਦ ਦਾ ਬਹਾਨਾ ਲਾ ਕੇ ਦਫਤਰੋਂ ਛੁੱਟੀ ਲੈ ਸਕਦਾ ਹੈ ਜਾਂ ਪਿ¤ਠ ਦਰਦ ਲਈ ਝੂਠਾ ‘ਰੈਸਟ’ ਲਿਖਾ ਕੇ ਮਹੀਨਾ ਭਰ ਮੈਡੀਕਲ ਲੀਵ ਮਾਣ ਸਕਦਾ ਹੈ।
ਬ¤ਚੇ ਵੀ ਕਿੱਥੇ ਪਿੱਛੇ ਰਹਿੰਦੇ ਹਨ! ਉਨ੍ਹਾਂ ਨੂੰ ਵੀ ਇਸ ਗੱਲ ਬਾਰੇ ਪੂਰੀ ਖ਼ਬਰ ਹੈ ਕਿ ਮਾਂ, ਪਿਓ ਜਾਂ ਅਧਿਆਪਕ ਕੋਲ ਕੋਈ ਪੀੜ ਨਾਪਣ ਦਾ ਜੰਤਰ ਨਹੀਂ ਹੈ। ਇਸੇ ਲਈ ਮਾਪਿਆਂ ਤੋਂ ਵਾਧੂ ਲਾਡ ਲੈਣ ਲਈ ਜਾਂ ਸਕੂਲੋਂ ਛੁੱਟੀ ਮਾਰਨ ਲਈ ਢਿਡ ਪੀੜ, ਪਿਠ ਪੀੜ ਜਾਂ ਲੱਤ ਪੀੜ ਦਾ ਬਹਾਨਾ ਬਣਾ ਕੇ ਟੀ.ਵੀ. ਵੇਖ ਸਕਦੇ ਹਨ ਜਾਂ ਫੇਰ ਵੀਡਿਓ ਗੇਮਜ਼ ਦਾ ਆਨੰਦ ਮਾਣ ਸਕਦੇ ਹਨ।
ਕਈ ਸਦੀਆਂ ਤੋਂ ਅਜਿਹਾ ਸਭ ਚਲਦਾ ਆ ਰਿਹਾ ਹੈ। ਵਿਗਿਆਨੀ ਬੜੇ ਚਿਰਾਂ ਤੋਂ ਪੀੜ ਬਾਰੇ ਖੋਜ ਕਰਨ ਜੁਟੇ ਰਹੇ ਕਿ ਕਿਸ ਤਰੀਕੇ ਕੋਈ ਅਜਿਹਾ ਜੰਤਰ ਬਣਾਇਆ ਜਾਏ ਜਿਹੜਾ ਪੀੜ ਬਾਰੇ ਸਹੀ ਜਾਣਕਾਰੀ ਦੇ ਸਕੇ ਕਿ ਕਿਸੇ ਨੂੰ ਕਿੰਨੀ ਕੁ ਤਿੱਖੀ ਪੀੜ ਹੋ ਰਹੀ ਹੈ ਤੇ ਕਿਹੜੀ ਥਾਂ ਉਤੇ ਹੋ ਰਹੀ ਹੈ।
ਇਸ ਦੁਨੀਆ ਵਿਚ ਜੇ ਕੋਈ ਇਨਸਾਨ ਪੱਕੇ ਮਨ ਨਾਲ ਕੁ¤ਝ ਕਰਨ ਦੀ ਠਾਣ ਲਵੇ ਤਾਂ ਕੁੱਝ ਵੀ ਅਸੰਭਵ ਨਹੀਂ ਰਹਿ ਜਾਂਦਾ। ਇਹੀ ਸਭ ਕੁੱਝ ਵਿਗਿਆਨੀਆਂ ਨੇ ਕਰ ਵਿਖਾਇਆ ਹੈ। ਮਿਲਾਨ (ਇਟਲੀ) ਵਿਖੇ ਵਿਸ਼ਵ ਪੱਧਰੀ ‘ ਦਰਦ ’ ਉਤੇ ਹੋਈ ਡਾਕਟਰੀ ਕਾਨਫਰੰਸ ਵਿਖੇ ਇਹ ਖੋਜ ਜਗ ਜਾਹਰ ਕੀਤੀ ਗਈ ਕਿ ਦਰਦ ਨੂੰ ਨਾਪਣ ਦਾ ਜੰਤਰ ਤਿਆਰ ਹੋ ਗਿਆ ਹੈ।
‘ ਪੇਨ ਮੈਪ ’ ਯਾਨੀ ਦਰਦ ਨੂੰ ਨਾਪਣ ਦਾ ਜੰਤਰ ਜੋ ਲੰਡਨ ਦੇ ‘ ਯੂਨੀਵਰਸਿਟੀ ਕਾਲਜ ਆਫ ਮੈਡੀਸਨ’ ਵਿਚ ਕੰਮ ਕਰ ਰਹੇ ਵਿਗਿਆਨੀਆਂ ਨੇ ਈਜਾਦ ਕੀਤਾ ਹੈ, ਉਸ ਨਾਲ ਦਿਮਾਗ਼ ਅੰਦਰ ਵਪਰ ਰਹੀਆਂ ਘਟਨਾਵਾਂ ਦਾ ਮਸ਼ੀਨ ਰਾਹੀਂ ਨਕਸ਼ਾ ਉਤਾਰ ਲਿਆ ਜਾਂਦਾ ਹੈ।
ਜਿਉਂ ਹੀ ਉਗੰਲ ਜਾਂ ਸਰੀਰ ਦੇ ਕਿਸੇ ਹਿੱਸੇ ਉਤੇ ਦਰਦ ਮਹਿਸੂਸ ਹੋਈ, ਉਸ ਨਾਲ ਦਿਮਾਗ਼ ਵਿਚਲਾ ਉਹ ਹਿੱਸਾ ਜਿਹੜਾ ਉਸ ਅੰਗ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ, ਉਸ ਹਿੱਸੇ ਵਿਚਲੇ ਸੈਲ ਤੇਜ਼ੀ ਨਾਲ ਹਰਕਤ ਵਿਚ ਆ ਜਾਂਦੇ ਹਨ ਤੇ ਉਨ੍ਹਾਂ ਵਿਚ ਲਹੂ ਜ਼ਿਆਦਾ ਜਾਣ ਲੱਗ ਪੈਂਦਾ ਹੈ। ਦਿਮਾਗ਼ ਵਿਚਲੇ ਸੈਲਾਂ ਦੀ ਇਹੀ ਜ਼ਿਆਦਾ ਹਿਲਜੁਲ ਅਤੇ ਲਹੂ ਦਾ ਵੱਧ ਜਾਣਾ ਹੀ ਮਸ਼ੀਨ ਰਾਹੀਂ ਨਾਪ ਲਿਆ ਜਾਂਦਾ ਹੈ। ਉਸ ਨਕਸ਼ੇ ਰਾਹੀਂ ਝਟ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਫਲਾਣੀ ਥਾਂ ਉਤੇ ਦਰਦ ਹੋਈ ਤੇ ਕਿੰਨੀ ਕੁ ਤਿੱਖੀ ਹੋਈ!
ਜਿੰਨਾ ਜ਼ਿਆਦਾ ਲਹੂ ਸੈਲਾਂ ਵੱਲ ਜਾਂਦਾ ਦਿਸੇ, ਓਨੀ ਹੀ ਤਿੱਖੀ ਦਰਦ ਗਿਣੀ ਜਾਂਦੀ ਹੈ। ਖੋਜੀ ‘ਫਲੇਵੀਆ ਮੈਨਸੀਨੀ’ ਨੇ ਸਪਸ਼ਟ ਕੀਤਾ ਹੈ ਕਿ ਜਿੱਥੇ ਇਸ ਤਰ੍ਹਾਂ ਦੀ ਖੋਜ ਨਾਲ ਪੁਲਿਸ ਨੂੰ ਵੀ ਮਦਦ ਮਿਲੇਗੀ ਕਿ ਉਨ੍ਹਾਂ ਕੋਲ ਅਦਾਲਤ ਵੱਲੋਂ ਜੇਲ੍ਹ ਭੇਜਿਆ ਗਿਆ ਕੈਦੀ ਹਸਪਤਾਲ ਜਾਣ ਲਈ ਝੂਠ ਤਾਂ ਨਹੀਂ ਬੋਲ ਰਿਹਾ, ਉਥੇ ਬੇਹੋਸ਼ ਪਿਆ ਬੰਦਾ ਜਾਂ ਨਿਕੜਾ ਜਿਹਾ ਨਵਜੰਮਿਆ ਬੱਚਾ ਜੋ ਆਪ ਦਸ ਨਹੀਂ ਸਕਦਾ, ਇਸਤਰ੍ਹਾਂ ਦੇ ਬੇਜ਼ਬਾਨਾਂ ਦੀ ਦਰਦ ਨੂੰ ਵੀ ਆਰਾਮ ਦਵਾਇਆ ਜਾ ਸਕੇਗਾ।
ਸਦੀਆਂ ਤੋਂ ਪੀੜ ਨੂੰ ਅਰਾਮ ਦੇਣ ਲਈ ਤੇਜ਼ ਤੋਂ ਤੇਜ਼ ਦਵਾਈਆਂ ਤੇ ਟੀਕੇ ਈਜਾਦ ਕੀਤੇ ਜਾਂਦੇ ਰਹੇ ਹਨ। ਇਸਦਾ ਮਕਸਦ ਇਹ ਸੀ ਕਿ ਜਿੰਨੇ ਵੀ ਪਲ ਇਨਸਾਨ ਨੇ ਜੀਣੇ ਹਨ, ਉਹ ਦਰਦ ਰਹਿਤ ਹੋਣ। ਇੱਥੋਂ ਤਕ ਕਿ ਕੈਂਸਰ ਨਾਲ ਪੀੜਤ ਮਰੀਜ਼ ਜੋ ਤਿੱਖੀ ਪੀੜ ਨੂੰ ਨਾ ਜਰਦੇ ਹੋਏ ਮਰਨ ਨੂੰ ਤਰਜੀਹ ਦਿੰਦੇ ਹਨ, ਉਹ ਵੀ ਇਹੀ ਤਰਲਾ ਲੈਂਦੇ ਰਹਿੰਦੇ ਹਨ ਕਿ ਕੈਂਸਰ ਦਾ ਇਲਾਜ ਨਹੀਂ ਹੋ ਸਕਦਾ ਤਾਂ ਨਾ ਸਹੀ ਪਰ ਜਿੰਨੇ ਵੀ ਪਲ ਉਨ੍ਹਾਂ ਦੀ ਜ਼ਿੰਦਗੀ ਵਿਚ ਬਾਕੀ ਬਚੇ ਹਨ, ਦਰਦ ਰਹਿਤ ਹੋ ਜਾਣ!
ਇਹ ਤਾਂ ਹੋਈ ਗੱਲ ਜਿਸਮਾਨੀ ਪੀੜ ਦੀ, ਜਿਸਦੀ ਉਪਜ ਵਾਲੀ ਥਾਂ ਅਤੇ ਤਿੱਖਾਪਨ ਲੱਭਿਆ ਜਾ ਸਕਦਾ ਹੈ। ਕੀ ਕਰੀਏ ਉਸ ਮਾਨਸਿਕ ਪੀੜ ਦਾ ਜਿਹੜੀ ਦਿਲ ਚੁੱਭਵੀਂ ਗੱਲ ਨਾਲ ਕਿਤੇ ਢੂੰਘੀ ਕਚੋਟਦੀ ਰਹਿੰਦੀ ਹੈ ਤੇ ਉਸਦਾ ਕੋਈ ਡਾਕਟਰ ਇਲਾਜ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਖੋਜੀ ਉਸਨੂੰ ਨਾਪਣ ਵਾਲਾ ਜੰਤਰ ਬਣਾ ਸਕਿਆ ਹੈ?
ਉਸਦਾ ਤਾਂ ਸਿਰਫ ਇੱਕੋ ਹਲ ਹੈ ਕਿ ਇਨਸਾਨ ਜੀਭ ਨੂੰ ਕਾਬੂ ਕਰਨਾ ਸਿੱਖੇ ਕਿਉਂਕਿ ਜੀਭ ਵੱਲੋਂ ਵੱਜਿਆ ਅਜਿਹਾ ਫੱਟ ਆਖ਼ਰੀ ਸਾਹ ਤਕ ਰਵਾਂ ਹੀ ਰਹਿੰਦਾ ਹੈ।
ਅਜਿਹੀ ਪੀੜ ਨੂੰ ਨਾ ਜਰ ਸਕਣ ਵਾਲੇ ਕਈ ਸਿਆਣੇ ਲੋਕ ਕੋਈ ਆਹਰ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਲਈ ਇਕ ਖ਼ੁਸ਼ਖ਼ਬਰੀ ਹੈ।
ਤੁਰ ਫਿਰ ਕੇ, ਆਪਣੇ ਆਪ ਨੂੰ ਕਿਸੇ ਆਹਰੇ ਲਾਉਣ ਵਾਲਿਆਂ ਦੀ ਉਮਰ ਲੰਬੀ ਹੋਣ ਬਾਰੇ ਇਕ ਖੋਜ ਸਾਹਮਣੇ ਆਈ ਹੈ। ਜਿਹੜੇ ਜ਼ਿਆਦਾ ਦੇਰ ਬੈਠੇ ਰਹਿੰਦੇ ਹੋਣ, ਉਨ੍ਹਾਂ ਦੇ ਲੱਤਾਂ ਦੇ ਵੱਡੇ ਪੱਠਿਆਂ ਦਾ ਕੰਮ ਕਾਰ ਲਗਭਗ ਨਾ ਬਰਾਬਰ ਹੀ ਹੁੰਦਾ ਹੈ। ਇਹ ਵੱਡੇ ਪੱਠੇ ਜੇ ਕੰਮ ਕਰਦੇ ਰਹਿਣ ਤਾਂ ਸਰੀਰ ਅੰਦਰਲੀ ਸ਼ੱਕਰ ਤੇ ਕੋਲੈਸਟਰੋਲ ਦੀ ਮਾਤਰਾ ਕਾਬੂ ਵਿਚ ਰਹਿੰਦੀ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਵੀ ਬਚਾਓ ਹੋ ਜਾਂਦਾ ਹੈ। ਇਸੇ ਲਈ ਸਾਰੇ ਸੈਰ ਕਰਨ ਦੇ ਸ਼ੌਕੀਨ ਬੰਦਿਆਂ ਲਈ ਖੁਸ਼ਖ਼ਬਰੀ ਹੈ ਤੇ ਜਿਹੜੇ ਸੈਰ ਨਹੀਂ ਕਰਦੇ, ਉਨ੍ਹਾਂ ਲਈ ਚੇਤਾਵਨੀ ਹੈ ਕਿ ਤੁਰਨਾ ਫਿਰਨਾ ਸ਼ੁਰੂ ਕਰ ਦਿਓ ਕਿਉਂਕਿ ਖੋਜ ਸਾਬਤ ਕਰ ਰਹੀ ਹੈ ਕਿ ਜੇ ਰੋਜ਼ ਤਿੰਨ ਘੰਟੇ ਤੋਂ ਘਟ ਬੈਠਣ ਦਾ ਕੰਮ ਹੋਵੇ ਤਾਂ ਉਮਰ ਦੋ ਸਾਲਾਂ ਤਕ ਲਈ ਲੰਬੀ ਹੋ ਜਾਂਦੀ ਹੈ। ਜਿਹੜੇ ਜ਼ਿਆਦਾ ਸਮਾਂ ਬਹਿ ਕੇ ਗੁਜ਼ਾਰਦੇ ਹੋਣ, ਉਹ ਭਾਵੇਂ ਰੋਜ਼ ਜਿਮ ਵੀ ਜਾਂਦੇ ਹੋਣ ਤੇ ਭਾਵੇਂ ਰੋਜ਼ਾਨਾ ਘੰਟਾ ਸੈਰ ਵੀ ਕਰਦੇ ਹੋਣ, ਫੇਰ ਵੀ ਹਰ ਦੋ ਢਾਈ ਘੰਟਿਆਂ ਬਾਅਦ ਖੜ੍ਹੇ ਹੋ ਕੇ ਜਾਂ ਹਲਕਾ ਟਹਿਲ ਕੇ ਲੱਤਾਂ ਦੇ ਪੱਠਿਆਂ ਨੂੰ ਰਵਾਂ ਕਰਦੇ ਰਹਿਣ ਤਾਂ ਜੋ ਲੱਤਾਂ ਦੀ ਹਲਕੀ ਅਤੇ ਟੁੱਟਵੀਂ ਹੀ ਸਹੀ, ਪਰ ਅਜਿਹੀ ਕਸਰਤ ਸਰੀਰ ਨੂੰ ਸਿਹਤਮੰਦ ਰੱਖਣ ਲਈ ਲੋੜੀਂਦੀ ਹੈ ਅਤੇ ਕਰਦੇ ਰਹਿਣਾ ਚਾਹੀਦਾ ਹੈ।
ਮੇਰੇ ਇਸ ਲੇਖ ਤੋਂ ਇਹ ਸੁਣੇਹਾ ਤਾਂ ਮਿਲ ਹੀ ਚੁੱਕਿਆ ਹੋਵੇਗਾ ਕਿ ਨਕਲੀ ਪੀੜ ਵਾਲੇ ਹੁਣ ਛੁੱਟੀ ਲਈ ਕੋਈ ਹੋਰ ਬਹਾਨਾ ਲੱਭ ਲੈਣ ਕਿਉਂਕਿ ਉਨ੍ਹਾਂ ਦਾ ਝੂਠ ਇਸ ਦਰਦ ਨਾਪਣ ਵਾਲੇ ਜੰਤਰ ਨੇ ਝਟ ਲੱਭ ਲੈਣਾ ਹੈ। ਜਿੱਥੋਂ ਤਕ ਜੀਭ ਵੱਲੋਂ ਵੱਜੀ ਸੱਟ ਦਾ ਸਵਾਲ ਹੈ, ਉਸ ਬਾਰੇ ਹਾਲੇ ਤਕ ਕੋਈ ਠੋਸ ਇਲਾਜ ਸਾਹਮਣੇ ਨਹੀਂ ਆਇਆ, ਪਰ ਦੱਸੋ ਕਿ ਆਪਣੀ ਜ਼ਿੰਦਗੀ ਤੋਂ ਵਧ ਪਿਆਰੀ ਕੋਈ ਹੋਰ ਚੀਜ਼ ਹੈ? ਜੇ ਨਹੀਂ ਤਾਂ ਆਪਣੇ ਦਿਮਾਗ਼ ਨੂੰ ਫਾਲਤੂ ਗੱਲਾਂ ਵੱਲੋਂ ਧਿਆਨ ਹਟਾ ਕੇ ਕਿਸੇ ਹੋਰ ਗੰਭੀਰ ਮਸਲੇ ਵਲ ਉਲਝਾਉਣ ਦੀ ਕੋਸ਼ਿਸ਼ ਕਰੋ ਤੇ ਜੇ ਹੋਰ ਕੋਈ ਕੰਮ ਨਹੀਂ ਲੱਭ ਰਿਹਾ ਤਾਂ ਚਲੋ ਆਓ ਫੇਰ ਰਲ ਮਿਲ ਕੇ ਤੁਰ ਹੀ ਲਈਏ! ਘੱਟੋ ਘਟ ਉਮਰ ਤਾਂ ਲੰਬੀ ਹੋਵੇ!