ਅਪਣੇ ਦੇਸ਼
ਕਰਵਾਉਂਦੇ ਨੇ
ਘਰ ਪ੍ਰਵੇਸ਼
ਵਹੁਟੀਆਂ ਨੂੰ
ਉਹ ਬੋਲੀ
ਰਸਮ ਤੇ ਹੈ
ਕੀ ਦੱਸਾਂ!
ਰਸਮ ਰਹਿਤ ਹੀ
ਠੀਕ ਹਾਂ।
ਕੀ ਪਿਆ ਰਸਮਾਂ ’ਚ?
ਬੁੱਢੇ ਵਾਰੇ ਇਹ
ਮਨ ਵਿਚਾਰ ਕਿਉਂ?
ਭਲੇ ਇਨਸਾਨ ਪੁੱਛਿਆ
ਉਜਾਗਰ ਹੋਈ ਇਛਾ
ਥੁਹਾਡਾ ਪਿੰਡ ਵਾਲ਼ਾ ਘਰ
ਵੇਖਿਆ ਈ ਨੀਂ
ਅਮਰੀਕਾ ਚੇ ਈ ਕਟ ਗਈ
ਕਰਾਂਗੀ ਪੂਰੀ
ਅਧੂਰੀ ਰਹੀ ਚਾਹਤ!
ਕਰ ਆਵੀਂ
ਸੱਧਰਾਂ ਪੂਰੀਆਂ
ਰੱਜ ਕੇ
ਅਪਣੇ ਬਿਰਧ ਵੀਰੇ ਨਾਲ਼
ਨਾਲ਼ੇ ਮਿਲ ਆਵੀਂ
ਵਿਚਾਰੇ ਨੂੰ
ਕੰਢੇ ਤੇ ਹੀ ਬੈਠਾ ਐ
ਮੇਰੇ ਰਿਸ਼ਤੇਦਾਰ ਕੋਲ
ਹੈ ਚਾਬੀ।
ਭਲੇ ਇਨਸਾਨ
ਮਨ ਢੰਡੋਲਿਆ
ਭੂਤਕਾਲ ਖਰੋਦਿਆ
ਬੀਤੇ ਪਲਾਂ ਦੇ ਦ੍ਰਿਸਾਂ
ਮਜਬੂਰੀਆਂ, ਅਗਿਆਨਤਾ
ਭੁੱਲਾਂ, ਅਨਗਹਿਲੀਆਂ ਨੇ
ਚਲ ਚਿੱਤਰ ਬਣ ਕੀਤਾ,
ਸੋਝੀ ਤੇ ਹਮਲਾ, ਕਬਜ਼ਾ
ਜ਼ਬਾਨ ਚੋਂ ਬੋਲ
ਹੋਏ ਖੁਸ਼ਕ
ਉਹ ਬੋਲੀ
ਜ਼ਰੂਰ ਕਰਾਂਗੀ
ਕਮ’ਜ਼ ਕਮ
ਇੱਕ ਵੇਰ
ਅਪਣੇ ਘਰ ਪ੍ਰਵੇਸ਼
ਦੇਰ ਹੀ ਸਹੀ
ਦਰੁੱਸਤ ਹੈ ਰਸਮ
ਸ਼ਗਨ ਪੂਰਤੀ ਹੋਏਗੀ
ਇਸੇ ਜਨਮ ’ਚ
ਜੱਦੀ ਘਰ ਧਰਾਂਗੀ
ਪੈਰ!
ਜਾ ਪੰਜਾਬ
ਦਿਵਾਲੀ ਦਿਨੀ!
ਵਾਪਸ ਆਈ ਵੱਲ
ਭਲੇ ਇਨਸਾਨ ਦਾ
ਪਹਿਲਾ ਸੁਆਲ!
ਗਈ ਸੀ, ਮੇਰੇ ਪਿੰਡ?
ਦੂਜਾ ਸੁਆਲ!
ਕਰ ਆਈ ਜੋ ਕਰਨਾ ਸੀ?
ਹਾਂ, ਗਈ ਸੀ
ਆਪਦੇ ਰਿਸ਼ਤੇਦਾਰ ਨਾਲ਼
ਅਪਣੇ ਵੀਰੇ ਨਾਲ਼
ਤਾਲੇ ’ਚ ਤਾਲੀ ਫਸਾਈ
ਝੱਟ ਚੇਤਾਵਨੀ ਦਿੱਤੀ
ਆਪਦੇ ਸਗੈਰ ਨੇ
ਜ਼ਰਾ ਘੁੰਮੋ
ਚੁਫੇਰੇ ਘਰ ਦੇ
ਵੇਖੋ ਗਹੁ ਨਾਲ਼
ਕੰਧਾਂ, ਛੱਤ, ਖਿੜਕੀਆਂ
ਦਿੱਸਣਗੇ ਦ੍ਰਾੜ
ਟੁੱਟ ਭੱਜ, ਬੁਰਾ ਹਾਲ!
ਕਿਸੇ ਪਲ ਵੀ
ਡਿੱਗ ਪਵੇਗੀ
ਪੁਰਖਾਂ ਦੀ ਨਿਸ਼ਾਨੀ
ਸੋਚ ਕੇ ਟੱਪਣਾ
ਦਹਿਲੀਜ!
ਅੰਦਰ ਕੁੱਪ ਹਨੇਰਾ
ਬਿਜਲੀ ਬੰਦ
ਬਚਕੇ, ਸੱਪ ਸਲੂਪੀ ਤੋਂ!
ਨਹੀਂ ਕਰ ਸਕੀ
ਨਹੀਂ ਕੀਤਾ
ਘਰ ਪ੍ਰਵੇਸ਼
ਹੌਂਸਲਾ ਨਹੀਂ ਪਿਆ
ਤਾਲਾ ਖੋਹਲਣ ਦਾ
ਚੁਬਾਰੇ ਚੜ੍ਹਨ ਦਾ
ਭਲੇ ਇਨਸਾਨ
ਅੱਖਾਂ ਮੁੰਦ ਲੱਈਆਂ
ਧਾਰ ਲਈ ਗਿਆਨ ਸਾਧਨਾ
ਜਾ ਪਹੁੰਚਾ
ਦੂਰ ਦੇਸ਼
ਬੇਸੁੱਧ, ਸ਼ਾਂਤ
ਭਲੇ ਇਨਸਾਨ ਦੀ
ਟੁੱਟੀ ਸਮਾਧੀ
ਉਸ ਗੁਣਗੁਣਾਇਆ
ਮੈਂ ਤੇ ਕਰ ਆਇਆਂ
ਹੁਣੇ ਹੁਣੇ
ਘਰ ਪਰਵੇਸ਼
ਵੇਖਿਆ
ਘਰ ਵਿੱਚ ਚਿੱਕੜ
ਹਨੇਰੇ ’ਚ ਘਰ ਅੰਦਰ
ਸ਼ੋਰ ਮਚਾਉਂਦੇ
ਨੱਚਦੇ, ਟੱਪਦੇ ਜੀਵ
ਚੂਹੇ, ਚਾਮਚੜਿਕਾਂ
ਮੱਕੜੀਆਂ, ਜਾਲੇ
ਭਿੰਡਾਂ, ਪਰਛੱਤੇ
ਪਾਣੀ ਭਿੱਜੇ, ਗਾਰੇ ਮੱਧੇ
ਦੀਮਕ ਖਾਧੇ
ਦਰ, ਦਲਹੀਜਾਂ, ਖਿੜਕੀਆਂ
ਜੰਗਾਲ ਰੰਗਾ
ਵਿਹੜੇ ਦਾ ਨਲਕਾ
ਉਸਦੀ ਭੱਜੀ ਹੱਥੀ
ਫੁੱਟੇ, ਟੁੱਟੇ ਭਾਂਡੇ
ਦੁਧੌੜੀ, ਤੌੜੀ
ਝੱਕਰੀ ’ਚ ਅਚਾਰ
ਉਲੀ ਖਾਧਾ, ਸੁੱਕਾ
ਚੁਬਾਰੇ ’ਚ ਕਿਤਾਬਾਂ
ਉਧੜੀਆਂ ਜਿਲਦਾਂ
ਖਿੰਡਰੇ ਵਰਕੇ
ਮੈਂ ਤੇ ਹੁਣੇ ਕਰ ਆਇਆਂ
ਘਰ ਪ੍ਰਵੇਸ਼
ਭਾਵੇਂ ਬੈਠਾਂ ਪਰਦੇਸ!
ਵੇਚ ਹੀ ਦਿਓ
ਉਹ ਬੋਲੀ
ਘਰ ਵੇਚਣਾ
ਅਕਲਮੰਦੀ ਐ!
ਕੁੱਝ ਬੋਲੋ
ਸੁਣਦੇ ਕਿਉਂ ਨਹੀਂ?
ਹੌਲੀ ਬੋਲ, ਰਤਾ ਹੌਲੀ
ਤਾਰਿਆਂ ’ਚ ਬੈਠੇ
ਬੇਬੇ ਬਾਪੂ
ਸੁਣ ਨਾ ਲੈਣ
ਖਿਝਣਗੇ, ਦੁਖੀ ਹੋਣਗੇ
ਕੋਸਣਗੇ