ਨਵੀਂ ਦਿੱਲੀ : ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਪੁਰ ਦੋਸ਼ ਲਾਇਆ ਹੈ ਕਿ ਉਨ੍ਹਾਂ ਰਾਜਸੀ ਸੁਆਰਥ ਦੀ ਪੂਰਤੀ ਲਈ ਬਜ਼ਿਦ ਹੋ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਨਵੰਬਰ-84 ਦੇ ਸਿੱਖ ਕਤਲੇਆਮ ਦੌਰਾਨ ਹੋਏ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਨੀਂਹ ਪੱਥਰ ਰਖਵਾ ਕੇ, ਉਨ੍ਹਾਂ ਨੂੰ ਮਹਾਨ ਆਤਮਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਰਾਬਰ ਸਥਾਪਤ ਕਰਨ ਦਾ ਜੋ ਗੁਨਾਹ ਕੀਤਾ ਹੈ, ਉਹ ਸ਼ਾਇਦ ਕੁਦਰਤ ਵਲੋਂ ਕਦੀ ਵੀ ਮਾਫ ਨਾ ਕੀਤਾ ਜਾ ਸਕੇ। ਸ. ਪਰਮਜੀਤ ਸਿੰਘ ਸਰਨਾ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਕਿਸੇ ਸਮੇਂ ਸੰਤ ਫਤਹ ਸਿੰਘ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਇਤਿਹਾਸਕ ਸਥਾਨ ਸ੍ਰੀ ਅਕਾਲ ਤਖਤ ਪੁਰ ਹਵਨ-ਕੁੰਡ ਦੇ ਰੂਪ ਵਿੱਚ ਆਪਣੀ ਯਾਦਗਾਰ ਸਥਾਪਤ ਕਰਵਾ ਆਪਣੇ ਆਪਨੂੰ ਗੁਰੂ ਸਾਹਿਬ ਦੇ ਬਰਾਬਰ ਸਥਾਪਤ ਕਰਨ ਦਾ ਗੁਨਾਹ ਕੀਤਾ ਸੀ, ਇਤਿਹਾਸ ਗੁਆਹ ਹੈ ਕਿ ਕੁਦਰਤ ਉਸਨੂੰ ਪ੍ਰਵਾਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਅੱਜ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਹਵਨ ਕੁੰਡਾਂ ਅਤੇ ਸੰਤ ਫਤਹ ਸਿੰਘ ਦਾ ਆਪਣਾ ਕੀ ਹਸ਼ਰ ਹੋਇਆ? ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਗੁਨਾਹ ਕਰ ਭਾਵੇਂ ਕੁਝ ਸਮੇਂ ਲਈ ਰਾਜਸੀ ਸੁਆਰਥ ਨੂੰ ਪੂਰਿਆਂ ਕੀਤਾ ਜਾ ਸਕੇ, ਪਰ ਜਦੋਂ ਇਸਦਾ ਅੰਤਿਮ ਨਤੀਜਾ ਸਾਹਮਣੇ ਆਉਂਦਾ ਹੈ ਤਾਂ ਉਸ ਸਮੇਂ ਸ਼ਾਇਦ ਭੁਲ ਬਖਸ਼ਾਣ ਦਾ ਮੌਕਾ ਵੀ ਨਹੀਂ ਮਿਲ ਪਾਂਦਾ। ਸ. ਸਰਨਾ ਨੇ ਸਪਸ਼ਟ ਕੀਤਾ ਕਿ ਗੁਰਦੁਆਰਾ ਰਕਾਬ ਗੰਜ ਵਿਖੇ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦਾ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਵਿਰੋਧ ਕਿਸੇ ਰਾਜਸੀ ਉਦੇਸ਼ ਨਾਲ ਨਹੀਂ ਕੀਤਾ ਜਾ ਰਿਹਾ, ਸਗੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨਤਾ ਅਤੇ ਸਰਵੁਚਤਾ ਦੀ ਰਖਿਆ ਕਾਇਮ ਰਖਣ ਦੀ ਭਾਵਨਾ ਨੂੰ ਮੁਖ ਰਖ ਕੇ ਕੀਤਾ ਜਾ ਰਿਹਾ ਹੈ ਅਤੇ ਉਹ ਇਸਨੂੰ ਲਗਾਤਾਰ ਜਾਰੀ ਰਖਣਗੇ।
ਇਸਦੇ ਨਾਲ ਹੀ ਸ. ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਸੇਵਾ-ਸੰਭਾਲ ਦੇ ਸਮੇਂ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਇਤਿਹਾਸਕ ਗੁਰਧਾਮਾਂ ਤੋਂ ਬਾਹਰ 1947, 1978 ਅਤੇ 1984 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਜੋ ਮਤਾ ਪਾਸ ਕੀਤਾ ਗਿਆ ਹੋਇਆ ਹੈ, ਉਹ ਅਤੇ ਉਨ੍ਹਾਂ ਦਾ ਦਲ ਉਸ ਪੁਰ ਅਮਲ ਕਰਨ ਪ੍ਰਤੀ ਅੱਜ ਵੀ ਪੂਰੀ ਤਰ੍ਹਾਂ ਵਚਨਬਧ ਹਨ ਅਤੇ ਇਸ ਯਾਦਗਾਰ ਨੂੰ ਕਾਇਮ ਕਰਨ ਲਈ ਉਨ੍ਹਾਂ ਵਲੋਂ ਤਦ ਤਕ ਜਤਨ ਜਾਰੀ ਰਹਿਣਗੇ, ਜਦੋਂ ਤਕ ਇਸਨੂੰ ਅਮਲ ਵਿੱਚ ਨਹੀਂ ਲੈ ਆਇਆ ਜਾਂਦਾ।
ਇਸਦੇ ਨਾਲ ਹੀ ਸ. ਭਜਨ ਸਿੰਘ ਵਾਲੀਆ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਆਪਣੀ ਹਊਮੈ ਨੂੰ ਪੱਠੇ ਪਾਣ ਲਈ ਗੁਰਦੁਆਰਾ ਰਕਾਬਗੰਜ ਵਿਖੇ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਰਖਣ ਦੇ ਸਮਾਗਮ ਦਾ ਪ੍ਰਚਾਰ ਕਰਨ ਲਈ ਗੁਰੂ ਗੋਲਕ ਵਿਚੋਂ ਤਕਰੀਬਨ 25 ਲਖ ਰੁਪਏ ਦੇ ਇਸ਼ਤਿਹਾਰ ਛਪਵਾਏ ਅਤੇ 35 ਹਜ਼ਾਰ ਦੇ ਕਰੀਬ ਸਦਾ ਪਤ੍ਰ ਛਪਵਾ ਕੇ ਵੰਡੇ, ਪਰ ਨੀਂਹ ਪੱਥਰ ਰਖੇ ਜਾਣ ਦੇ ਸਮੇਂ ਗਿਣਤੀ ਦੇ ਬੰਦਿਆਂ, ਜਿਨ੍ਹਾਂ ਵਿੱਚ ਵੀ ਬਹੁਤੇ ਗਰਦੁਆਰਾ ਕਮੇਟੀ ਦਾ ਸਟਾਫ ਅਤੇ ਮੀਡੀਆ ਕਰਮੀ ਸਨ, ਦੀ ਹਾਜ਼ਰੀ ਵੇਖ ਸਪਸ਼ਟ ਹੋ ਗਿਆ ਕਿ ਇਸ ਮੁੱਦੇ ਤੇ ਬਾਦਲ ਦਲ ਦੇ ਮੁਖੀਆਂ ਨੂੰ ਸਿੱਖ ਸੰਗਤਾਂ ਦੀ ਸਹਿਮਤੀ ਪ੍ਰਾਪਤ ਨਹੀਂ। ਸ. ਵਾਲੀਆ ਨੇ ਦਸਿਆ ਕਿ ਨੀਂਹ ਪੱਥਰ ਰਖਣ ਸਮੇਂ ਪੰਜਾਂ ਤਖਤਾਂ ਦੇ ਜਥੇਦਾਰਾਂ, ਬਾਦਲ ਅਕਾਲੀ ਦਲ ਅਤੇ ਭਾਜਪਾ ਦੀ ਸਮੁਚੀ ਕੌਮੀ ਲੀਡਰਸ਼ਿਪ ਦੀ ਹਾਜ਼ਰੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਨੀਂਹ ਪੱਥੲ ਰਖੇ ਜਾਣ ਦੇ ਸਮੇਂ ਕੇਵਲ ਦੋ ਤਖਤਾਂ ਦੇ ਜਥੇਦਾਰ ਸਾਹਿਬਾਨ ਪੁਜੇ। ਉਥੇ ਬਾਦਲ ਅਕਾਲੀ ਦਲ ਤੇ ਭਾਜਪਾ ਦਾ ਕੋਈ ਕੌਮੀ ਲੀਡਰ ਮੌਜੂਦ ਨਹੀਂ ਸੀ। ਸ, ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਅਤੇ ਰਾਜਨਾਥ ਬਾਅਦ ਵਿੱਚ ਆਏ ਤੇ ਮੂੰਹ ਵਿਖਾਲੀ ਕਰ ਰਵਾਨਾ ਹੋ ਗਏ। ਸ. ਵਾਲੀਆ ਨੇ ਦਸਿਆ ਕਿ ਸ. ਸੁਖਬੀਰ ਸਿੰਘ ਬਾਦਲ ਨੇ ਜ਼ਰੂਰ ਨੀਂਹ ਪੱਥਰ ਤੋਂ ਪਰਦਾ ਹਟਾਣ ਦੀ ਰਸਮ ਅਦਾ ਕਰ ਫੋਟੋ ਖਿਚਵਾਣ ਦੀ ਜ਼ਿਮੇਂਦਾਰੀ ਨਿਭਾਈ। ਸ. ਵਾਲੀਆ ਨੇ ਕਿਹਾ ਕਿ ਬਾਦਲ ਦਲ ਦੇ ਮੁਖੀਆਂ ਦੇ ਦਮਗਜਿਆਂ ਦੀ ਪੋਲ ਉਸ ਸਮੇਂ ਖੁਲ੍ਹ ਗਈ ਜਦੋਂ ਇਨ੍ਹਾਂ 11.30 ਵਜੇ ਨੀਂਹ ਪੱਥਰ ਰਖੇ ਜਾਣ ਦੇ ਕੀਤੇ ਗਏ ਆਪਣੇ ਐਲਾਨ ਨੂੰ ਬਦਲ ਕੇ ਇਸ ਡਰੋਂ 9.30 ਵਜੇ ਕਰ ਲਿਆ ਕਿ ਕਿਧਰੇ ਅਦਾਲਤ ਵਲੋਂ ਇਸਤੇ ਰੋਕ ਨਾ ਲਾ ਦਿੱਤੀ ਜਾਏ। ਉਨ੍ਹਾਂ ਦਸਿਆ ਕਿ ਦੋ ਦਿਨ ਪਹਿਲਾਂ ਹੀ ਇਨ੍ਹਾਂ ਐਲਾਨ ਕੀਤਾ ਸੀ ਕਿ ਉਹ ਕਿਸੇ ਵੀ ਅਦਾਲਤ ਦੇ ਫੈਸਲੇ ਦੀ ਪ੍ਰਵਾਹ ਨਹੀਂ ਕਰਨਗੇ। ਅਦਾਲਤ, ਸਰਕਾਰ ਅਤੇ ਐਨ ਡੀ ਐਮ ਸੀ ਦੇ ਵਿਰੋਧੀ ਫੈਸਲੇ ਦੇ ਬਾਵਜੂਦ ਨੀਂਹ ਪੱਥਰ ਰਖਣ ਦੀ ਰਸਮ ਅਦਾ ਕਰਵਾਣਗੇ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਏ।