ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੋਣ ਕਰਕੇ ਦੇਸ਼ ਵਿਦੇਸ਼ ‘ਚ ਕਿਤੇ ਵੀ ਸਿੱਖ ਭਾਈਚਾਰੇ ਨੂੰ ਆਉਂਦੀ ਮੁਸ਼ਕਿਲ ਦਾ ਸਥਾਈ ਹੱਲ ਲੱਭਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਸੁਨਾਮੀ ਆਵੇ ਜਾਂ ਭੁਚਾਲ ਹਰ ਕੁਦਰਤੀ ਆਫਤ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਤਨਦੇਹੀ ਤੇ ਆਪਣੇ ਧਰਮ ਕਰਮ ਅਨੁਸਾਰ ਲੋਕ ਸੇਵਾ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੀਤੇ ਦਿਨੀਂ ਉਤਰਾਖੰਡ ਸੂਬੇ ਚ ਭਾਰੀ ਬਾਰਸ਼ਾਂ ਕਾਰਨ ਆਂਈ ਕੁਦਰਤੀ ਆਫਤ ਹੜ੍ਹਾਂ ‘ਚ ਘਿਰੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗਏ ਸ਼ਰਧਾਲੂ ਤੇ ਸਥਾਨਕ ਲੋਕਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਹੋਰਨਾਂ ਥਾਵਾਂ ਤੋਂ ਇਲਾਵਾ ਸ੍ਰੀਨਗਰ ਗੜਵਾਲ ਅਤੇ ਜੋਸ਼ੀਮਠ ਵਿਖੇ ਫਸੇ ਸ਼ਰਧਾਲੂਆਂ ਨੂੰ ਆਪਣੇ ਸਾਧਨਾਂ ਰਾਹੀਂ ਸੁਰੱਖਿਅਤ ਕੱਢਣ ਅਤੇ ਉਨ੍ਹਾਂ ਲਈ ਲੰਗਰ ਤੇ ਡਾਕਟਰੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਸੇਵਾਵਾਂ ਉਨ੍ਹਾਂ ਚਿਰ ਤੀਕ ਜਾਰੀ ਰਹਿਣਗੀਆਂ ਜਿਨੀਂ ਦੇਰ ਤੀਕ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਏ ਜਿਹੜੇ ਸ਼ਰਧਾਲੂ ਪਰਿਵਾਰਾਂ ਸਮੇਤ ਸਹੀ ਸਲਾਮਤ ਵਾਪਸ ਘਰ ਪਰਤ ਰਹੇ ਹਨ ਉਨ੍ਹਾਂ ਸ਼ਰਧਾਲੂਆਂ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਅਤੇ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਹਰਿਆਣਾ ਦੇ ਮੈਨੇਜਰਾਂ ਨੂੰ ਹਦਾਇਤ ਕਰਕੇ ਸੈਕਟਰ 43 ਚੰਡੀਗੜ੍ਹ ਦੇ ਬੱਸ ਅੱਡੇ ‘ਤੇ ਚਾਹ, ਪ੍ਰਸ਼ਾਦੇ ਦਾ ਲੰਗਰ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਲੰਗਰ ਸੇਵਾ ਉਨ੍ਹਾ ਚਿਰ ਜਾਰੀ ਰਹੇਗੀ ਜਿਨੀਂ ਦੇਰ ਤੀਕ ਸਾਰੇ ਸ਼ਰਧਾਲੂ ਵਾਪਸ ਨਹੀਂ ਮੁੜਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੁਖ ਦੀ ਘੜੀ ‘ਚ ਉਤਰਾਖੰਡ ਗਏ ਸਮੁੱਚੇ ਸ਼ਰਧਾਲੂਆਂ ਨਾਲ ਖੜ੍ਹੀ ਹੈ ਤੇ ਲੰਗਰ, ਚਾਹ, ਪਾਣੀ ਤੋਂ ਇਲਾਵਾ ਲੋੜੀਂਦੀ ਡਾਕਟਰੀ ਸਹਾਇਤਾ ਹਰ ਹਾਲਤ ਵਿਚ ਮੁੱਹਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਉਤਰਾਖੰਡ ਵਿਖੇ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਦੀ ਸੇਵਾ ਵਾਸਤੇ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸ. ਦਿਲਜੀਤ ਸਿੰਘ ਬੇਦੀ ਐਡੀ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ. ਜਗਜੀਤ ਸਿੰਘ ਮੀਤ ਸਕੱਤਰ ਉੱਥੋਂ ਦੇ ਹਾਲਾਤਾਂ ਬਾਰੇ ਪਲ-ਪਲ ਦੀ ਜਾਣਕਾਰੀ ਦੇ ਰਹੇ ਹਨ ਤੇ ਸ਼ਰਧਾਲੂਆਂ ਦੀ ਲੋੜ ਅਨੁਸਾਰ ਜ਼ਰੂਰੀ ਪ੍ਰਬੰਧ ਕਰ ਰਹੇ ਹਨ। ਉਨ੍ਹਾ ਕਿਹਾ ਕਿ ਉਤਰਾਖੰਡ ਵਿਖੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗਏ ਸ਼ਰਧਾਲੂਆਂ ਦੀ ਤੰਦਰੁਸਤੀ ਤੇ ਚੜ੍ਹਦੀਕਲਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਗੁਰਦੁਆਰਾ ਝੰਡਾ ਬੁੰਗਾ ਵਿਖੇ 23 ਜੂਨ ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ। ਜਿਨ੍ਹਾਂ ਦੇ ਭੋਗ 25 ਜੂਨ ਨੂੰ ਪੈਣਗੇ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੁਝ ਰਿਪੋਰਟਾਂ ਮਿਲੀਆਂ ਹਨ ਕਿ ਸਥਾਨਕ ਲੋਕਾਂ ਵਲੋਂ ਸ਼ਰਧਾਲੂਆਂ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਨਗਦੀ ਤੇ ਮੋਬਾਈਲ ਫੋਨ ਆਦਿ ਖੋਹੇ ਗਏ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਪੂਰਾ ਦੇਸ਼ ਉਤਰਾਖੰਡ ਦੀ ਤ੍ਰਾਸਦੀ ਤੋਂ ਚਿੰਤਤ ਹੈ ਤੇ ਦੂਜੇ ਪਾਸੇ ਕੁਝ ਮਾੜੀ ਬਿਰਤੀ ਦੇ ਲੋਕ ਸ਼ਰਧਾਲੂਆਂ ਦੀ ਲੁੱਟ ਖਸੁੱਟ ‘ਚ ਰੁਝੇ ਹਨ, ਜੋ ਘਟੀਆ ਕਾਰਵਾਈ ਹੈ।