ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੇਸਬੁੱਕ ਤੇ ਸਿੱਖ-ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਦੀ ਸਖ਼ਤ ਨਿਖੇਧੀ ਕਰਦਿਆਂ ਅਜਿਹੇ ਅਸਮਾਜਿਕ ਤੱਤਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਪੁਲੀਸ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਿੱਖ ਵਿਰੋਧੀ ਸੰਗਠਨਾਂ ਵੱਲੋਂ ਸੋਚੀ-ਸਮਝੀ ਸਾਜ਼ਿਸ ਤਹਿਤ ਸਿੱਖ-ਗੁਰੂ ਸਾਹਿਬਾਨ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਯੋਗ ਨਹੀਂ।
ਉਨ੍ਹਾਂ ਜਿਲ੍ਹਾ ਮੋਗਾ ਦੇ ਪੁਲੀਸ ਪ੍ਰਸਾਸ਼ਨ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਸ਼ੁਭਮ ਕਪੂਰ ਨਾਂ ਦੇ ਵਿਅਕਤੀ ਵੱਲੋਂ ਸਿੱਖ-ਗੁਰੂ ਸਾਹਿਬਾਨ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਵਾਲੀ ਘਟੀਆ ਕਰਤੂਤ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ। ਇਸ ਅਧਰਮੀ ਵਿਅਕਤੀ ਦੀ ਕਾਲੀ ਕਰਤੂਤ ਸਿੱਖ ਭਾਈਚਾਰੇ ਵਿੱਚ ਭੜਕਾਹਟ ਪੈਦਾ ਕਰ ਸਕਦੀ ਹੈ। ਇਸ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਸ਼ੁਭਮ ਕਪੂਰ ਨਾਂ ਦੇ ਦੋਸ਼ੀ ਵਿਅਕਤੀ ਖਿਲਾਫ ਧਾਰਾ 295 ਏ. ਤਹਿਤ ਪਰਚਾ ਦਰਜ਼ ਕੀਤਾ ਜਾਵੇ ਤੇ ਇਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਿੱਖ-ਗੁਰੂ ਸਾਹਿਬਾਨ ਪ੍ਰਤੀ ਭੱਦੀ ਟਿੱਪਣੀ ਕਰਨ ਦੇ ਰੁਝਾਨ ਦਾ ਹਰੇਕ ਸੱਚ ਸਾਹਮਣੇ ਲਿਆਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਪਾਸੋਂ ਸਖਤੀ ਨਾਲ ਪੁੱਛਗਿੱਛ ਕਰਕੇ ਇਸ ਪਿਛੇ ਸਾਜਿਸ਼ਕਾਰਾਂ ਨੂੰ ਵੀ ਨੰਗਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਪਣੇ ਆਪ ਨੂੰ ਸ਼ਿਵ ਸੈਨਾ ਮੋਹਾਲੀ ਦਾ ਅਖੌਤੀ ਆਗੂ ਅਖਵਾਉਣ ਵਾਲੇ ਅਮਿਤ ਸ਼ਰਮਾਂ ਨਾਂ ਦੇ ਵਿਅਕਤੀ ਵੱਲੋਂ ਵੀ ਅਜਿਹੀ ਹੀ ਕਰਤੂਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਪਸੀ ਪਿਆਰ ਭਾਈਚਾਰਕ ਸਾਂਝ ਦਾ ਮੁੱਦਈ ਹੈ ਤੇ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਗੁਰੂ-ਸਾਹਿਬਾਨ ਦਾ ਅਪਮਾਨ ਸਹਿਨ ਕਰੀਏ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਉੱਤਰਾਖੰਡ ਸੂਬੇ ‘ਚ ਆਈ ਕੁਦਰਤੀ ਆਫ਼ਤ ‘ਚ ਹਜ਼ਾਰਾਂ ਲੋਕ ਘਰੋਂ-ਬੇਘਰ ਹੋ ਗਏ। ਇਸ ਖੌਫਨਾਕ ਮੰਜਰ ‘ਚ ਹਜ਼ਾਰਾਂ ਲੋਕ ਮਾਰੇ ਗਏ ਹਨ, ਪੂਰਾ ਦੇਸ਼ ਉੱਤਰਾਖੰਡ ਦੀਆਂ ਘਟਨਾਵਾਂ ਤੋਂ ਚਿੰਤਤ ਹੈ ‘ਤੇ ਲੋਕਾਂ ਦੀਆਂ ਜਿੰਦਗੀਆਂ ਬਚਾਉਣ ‘ਚ ਰੁੱਝਾ ਹੋਇਆ ਹੈ ਪਰ ਦੂਜੇ ਪਾਸੇ ਅਜਿਹੇ ਸ਼ਰਾਰਤੀ ਲੋਕ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਝੀ ਸਾਜਿਸ਼ ਰਚ ਰਹੇ ਹਨ, ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।