ਗਜਿੰਦਰ ਸਿੰਘ ਦਲ ਖਾਲਸਾ,
ਕੱਲ ਦਾ ਲੰਡਨ ਦਾ ਮੁਜ਼ਾਹਰਾ ਨਿਰਾਸ਼ਾ ਵਿੱਚੋਂ ਨਿਕਲੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਲਾ ਸੀ । ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਐਸਾ ਨਹੀਂ ਸੀ, ਜੋ ਘਰ ਬੈਠਾ ਰਿਹਾ ਹੋਵੇ । ਸੱਭ ਕੇਸਰੀ ਝੰਡੇ ਚੁੱਕ ਕੇ ਮੁਜ਼ਾਹਰੇ ਵਿੱਚ ਸ਼ਾਮਿਲ ਸਨ । ਛੋਟੇ ਛੋਟੇ ਬਚਿਆਂ ਦੇ ਹੱਥਾਂ ਵਿੱਚ ਕੇਸਰੀ ਝੰਡੇ ਦੇਖ ਕੇ, ਮਾਣ ਮਹਿਸੂਸ ਹੋ ਰਿਹਾ ਸੀ, ਤੇ ਕੌਮ ਦਾ ਭਵਿੱਖ ਇਸ ਅਗਲੀ ਪੀੜੀ ਦੇ ਹੱਥਾਂ ਵਿੱਚ ਸੁਰਖਿਅਤ ਮਹਿਸੂਸ ਹੋ ਰਿਹਾ ਸੀ । ਮੁਜ਼ਾਹਰੇ ਦੀਆਂ ਤਸਵੀਰਾਂ ਵਿੱਚੋਂ ਖਾਲਸਿਤਾਨ ਦੀਆਂ ਗੂੰਜਾਂ ਹੀ ਗੂੰਜਾ ਸੁਣਾਈ ਦਿੰਦੀਆਂ ਮਹਿਸੂਸ ਹੋਈਆਂ । ਇੱਕ ਐਸਾ ਦੇਸ਼ ਜਿੱਥੇ ਸਿੱਖਾਂ ਦੀ ਕੁੱਲ ਆਬਾਦੀ ਹੀ ਪੰਜ/ਸੱਤ ਲੱਖ ਦੀ ਹੋਵੇ, ਉਥੇ ਇੱਕ ਲੱਖ ਦੇ ਕਰੀਬ ਸਿੱਖ (ਦੋਸਤਾਂ ਮੁਤਾਬਿਕ ) , ਜੂਨ 84 ਦੇ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦੇ ਹਮਲੇ ਦੇ ਖਿਲਾਫ ਸੜਕਾਂ ਉਤੇ ਨਿਕਲ ਆਣ, ਇਹ ਕੋਈ ਛੋਟੀ ਗੱਲ ਨਹੀਂ ਹੈ । ਇਹ ਜਜ਼ਬਾ ਮਾਣ ਦੇ ਕਾਬਿਲ ਹੈ । ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਮੁਜ਼ਾਹਰੇ ਵਿੱਚ ਸੱਭ ਪੰਥਕ ਜੱਥੇਬੰਦੀਆਂ ਇਕ ਸਟੇਜ ਤੇ ਕੱਠੀਆਂ ਦਿਖਾਈ ਦਿੱਤੀਆਂ ।
ਇਸ ਤੋਂ ਪਹਿਲਾਂ 6 ਜੂਨ ਨੂੰ ਫਰੈਂਕਫਰਟ, ਜਰਮਨ ਵਿੱਚ ਵੀ ਭਾਰਤੀ ਅੰਬੈਸੀ ਦੇ ਬਾਹਰ ਮੁਜ਼ਾਹਰਾ ਹੋਇਆ ਸੀ । ਇਹ, ਤੇ ਇਸ ਤਰ੍ਹਾਂ ਦਾ ਹਰ ਮੁਜ਼ਾਹਰਾ ਤਾਰੀਫ ਦੇ ਕਾਬਿਲ ਹੈ । ਇਹ ਦਿਨ ਹੀ ਐਸਾ ਹੈ ਕਿ ਜਿਸ ਦਿਨ ਹਰ ਸਿੱਖ ਨੂੰ, ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦਾ ਹੋਵੇ, ਕਿਸੇ ਨਾ ਕਿਸੇ ਰੂਪ ਵਿੱਚ ਜੂਨ 84 ਦੀ ਯਾਦ ਤਾਜ਼ਾ ਕਰਨੀ ਚਾਹੀਦੀ ਹੈ, ਤੇ ਕੌਮ ਦੇ
ਸਵੈਮਾਣ ਲਈ ਕੁਰਬਾਨੀਆਂ ਦੇਣ ਵਾਲਿਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਨਾ ਚਾਹੀਦਾ ਹੈ ।
ਛੇ ਜੂਨ ਨੂੰ ਸ ਸਿਰਮਨਜੀਤ ਸਿੰਘ ਮਾਨ ਦਾ ਅਕਾਲ ਤਖੱਤ ਸਾਹਿਬ ਤੇ, ਜਿੱਥੇ ਬਾਦਲਕਿਆਂ ਦੀ ਸੇਵਾ ਰੂਪੀ ਹਕੂਮੱਤ ਹੈ, ਪਹੁੰਚ ਕੇ ਖਾਲਸਿਤਾਨ ਜ਼ਿੰਦਾਬਾਦ ਦੀਆਂ ਗੂੰਜਾਂ ਪਾਉਣੀਆਂ ਇੱਕ ਵਿਲੱਖਣ ਖਿੱਚ ਰੱਖਦਾ ਹੈ । ਇਹ ਉਹਨਾਂ ਲੋਕਾਂ ਲਈ ਇੱਕ ਕਰਾਰੇ ਜਵਾਬ ਵਾਂਗ ਹੈ, ਜੋ ਖਾਲਿਸਤਾਨ ਦੀ ਲਹਿਰ ਨੂੰ ਬੀਤੇ ਵਕਤ ਦੀ ਗੱਲ ਕਹਿਣ ਦੀ ਖੁਸ਼ਫਹਿਮੀ ਪਾਲਦੇ ਨੇ ।
ਪੰਜ ਜੂਨ ਦਾ ਅਮ੍ਰਤਿਸਰ ਸਾਹਿਬ ਵਿੱਚ ਦਲ ਖਾਲਸਾ ਦਾ ਮੁਜ਼ਾਹਰਾ ਵੀ ਇੱਕ ਵੱਖਰੀ ਹੀ ਚੜ੍ਹਤ ਵਾਲਾ ਸੀ । “ਘੱਲੂਘਾਰਾ ਯਾਦਗਾਰੀ ਮਾਰਚ” ਦੇ ਨਾਮ ਹੇਠ ਆਰਗੇਨਾਈਜ਼ ਕੀਤਾ ਗਿਆ ਇਹ ਮੁਜ਼ਾਹਰਾ ਇਸ ਪੱਖੋਂ ਵਿਸ਼ੇਸ਼ ਜ਼ਿਕਰ ਦਾ ਹੱਕਦਾਰ ਹੈ ਕਿ ਇਹ ਇਕ ਮੁਖਾਲਿਫ ਮਾਹੋਲ ਵਿੱਚ ਕੀਤਾ ਗਿਆ ਮੁਜ਼ਾਹਰਾ ਸੀ । ਉਹ ਮਾਹੋਲ ਜਿੱਥੇ ਭਾਰਤੀ ਜ਼ੁਲਮਾਂ ਨੂੰ ਲਫਜ਼ਾਂ ਨਾਲ ਲਾਹਨਤ ਪਾਣਾ ਤੇ ਕੌਮ ਦੀ ਆਜ਼ਾਦੀ ਦੀ ਗੱਲ ਕਰਨੀ ਵੀ ਜੁਰਮ ਬਣਾ ਦਿੱਤੀ ਗਈ ਹੋਵੇ, ਉਥੇ ਇੱਕ ਹਜ਼ਾਰ ਆਜ਼ਾਦੀ ਪਸੰਦ ਨੌਜਵਾਨਾਂ ਦਾ ਸੜਕਾਂ ਤੇ ਆਣਾ ਇੱਕ ਲੱਖ ਦੇ ਵਜ਼ਨ ਵਰਗਾ ਹੈ । ਇਸ ਦ੍ਰਿੜਤਾ ਤੇ ਹੌਂਸਲੇ ਲਈ ਇਸ ਮਾਰਚ ਵਿੱਚ ਸ਼ਾਮਿਲ ਹੋਣ ਵਾਲਾ ਹਰ ਨੌਜਵਾਨ ਵਧਾਈ ਦਾ ਪਾਤਰ ਹੈ, ਤੇ ਇਸ ਨੂੰ ਆਰਗੇਨਾਈਜ਼ ਕਰਨ ਵਾਲੇ ਦਲ ਖਾਲਸਾ ਦੇ ਆਗੂ ਵੀ ਯਕੀਨਨ ਮੁਬਾਰਕਬਾਦ ਦੇ ਹੱਕਦਾਰ ਹਨ ।
ਵੀਰੋ, ਭੈਣੋ, ਦੋਸਤੋ, ਮਿੱਤਰੋ, ਤੇ ਸਾਥੀਓ ਜੂਨ ਮਹੀਨਾ ਆਇਆ, ਤੇ ਇੱਕ ਰਵਾਇਤ ਵਾਂਗ ਕੁੱਝ ਹੱਲ ਚੱਲ ਦੇ ਬਾਦ ਲੰਘ ਗਿਆ, ਇੰਝ ਨਹੀਂ ਹੋਣਾ ਚਾਹੀਦਾ । ਸਾਨੂੰ ਹਰ ਪੱਲ, ਤੇ ਸਾਲ ਭਰ ਕੌਮੀ ਆਜ਼ਾਦੀ ਲਈ ਆਪਣੇ ਜਜ਼ਬੇ ਬੁਲੰਦ ਰੱਖਣੇ ਹੋਣਗੇ । ਸੰਘਰਸ਼ ਕਰ ਰਹੀ ਕੌਮ ਦਾ ਮਾਣ ਮੱਤਾ ਰੁਤਬਾ ਅਸੀਂ ਨਹੀਂ ਗਵਾਣਾ । ਆਜ਼ਾਦੀ ਦਾ ਨਿੱਘ ਅਸੀਂ ਮਾਣਾਂਗੇ, ਜਾਂ ਸਾਡੇ ਪੁੱਤ ਪੋਤਰੇ, ਇਹ ਵਾਹਿਗੁਰੂ ਤੇ ਛੱਡਦੇ ਹਾਂ, ਪਰ ਆਜ਼ਾਦੀ ਸੰਘਰਸ਼ ਦੇ ਰੁੱਖ ਨੂੰ ਹਰਾ ਭਰਾ ਰੱਖਣ ਵਿੱਚ ਹੀ ਸਾਡੀ ਸ਼ਾਨ ਹੈ, ਸਾਡੀ ਸਫਲਤਾ ਹੈ । ਯਕੀਨ ਰਖਿਓ, “ਇੱਕ ਦਿਨ ਸਾਡੇ ਘਰ ਵੀ ਚਾਨਣ ਹੋਵੇਗਾ,……” ਤੇ ਜ਼ਰੂਰ ਹੋਵੇਗਾ ।