ਗੁਰਦਾਸਪੁਰ – ਕਾਂਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕਾਂਗਰਸ ਦਾ ਇੱਕ ਵਫ਼ਦ ਗੁਰਦਾਸਪੁਰ ਦੇ ਡੀ ਸੀ ਅਭਿਨਵ ਤ੍ਰਿਖਾ ਨੂੰ ਮਿਲ ਕੇ ਵੋਟਰ ਸੂਚੀਆਂ ਵਿੱਚ ਹੋ ਰਹੀ ਹੇਰਾਫੇਰੀ ਅਤੇ ਬਿਨਾ ਵਜਾ ਸਿਆਸੀ ਸ਼ੈਅ ’ਤੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਆਦਿ ਚੋਣ ਧਾਂਦਲੀਆਂ ਬਾਰੇ ਜਾਣਕਾਰੀ ਦਿੱਤੀ ਗਈ ।
ਕਾਂਗਰਸ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਪੰਚਾਇਤੀ ਚੋਣਾ ਲੜਨ ਦੀ ਥਾਂ ਚੋਣਾਂ ਲੁੱਟਣ ਦੀ ਤਾਕ ਵਿੱਚ ਹਨ। ਕਾਂਗਰਸ ਪਾਰਟੀ ਦੇ ਮੁਦਈਆਂ ਅਤੇ ਹਮਾਇਤੀਆਂ ਦੇ ਸਰਪੰਚੀ ਅਤੇ ਪੰਚੀ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਸਤਾ ਧਿਰ ਦੇ ਸਿਆਸੀ ਦਬਾਅ ਹੇਠ ਵੱਡੇ ਪੈਮਾਨੇ ’ਤੇ ਬਿਨਾ ਵਜਾ ਰੱਦ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਪੰਚੀ ਅਤੇ ਸਰਪੰਚੀ ਦੀਆਂ ਚੋਣਾਂ ਲਈ ਵੋਟਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਰ ਸੂਚੀਆਂ ਦੇ ਆਧਾਰਤ ਪੋਲ ਹੋਣੀਆਂ ਹਨ , ਪਰ ਸਿਤਮ ਦੀ ਗਲ ਇਹ ਹੈ ਕਿ ਜੋ ਵੋਟਰ ਲਿਸਟਾਂ ਬਲਾਕ ਸੰਮਤੀ ਚੋਣਾ ਸਮ ਦੀਆ ਹਨ ਉਸ ਵਿੱਚ ਹੁਣ ਵੱਡੀ ਰੱਦੋਬਦਲ ਕਰਦਿਆਂ ਕਾਂਗਰਸ ਹਮਾਇਤੀਆਂ ਦੀਆਂ ਵੋਟਾਂ ਕੱਟ ਕੇ ਹੋਰਨਾਂ ਦੀਆਂ ਵੋਟਾਂ ਜੋੜ ਦਿੱਤਿਆਂ ਗਈਆਂ ਹਨ। ਉਹਨਾਂ ਉਕਤ ਸੰਬੰਧੀ ਪਿੰਡ ਕਾਹਨੂੰਵਾਨ , ਨੈਨੋ ਕੋਟ, ਕੋਟ ਯੋਗਰਾਜ, ਸਠਿਆਲਾ, ਕਾਲਾ ਬਾਲਾ ਆਦਿ ਦਰਜਨਾਂ ਪਿੰਡਾਂ ਦਾ ਹਵਾਲਾ ਦਿੰਦਿਆਂ ਇਹ ਵੀ ਦੱਸਿਆ ਕਿ ਨਾ ਕੇਵਲ ਇਹ ਪਿੰਡਾਂ ਵਿੱਚ ਸਗੋਂ ਖਦਸ਼ਾ ਹੈ ਕਿ ਅਜਿਹੀ ਹੇਰਾਫੇਰੀ ਨਾ ਕੇਵਲ ਜ਼ਿਲ੍ਹਾ ਗੁਰਦਾਸ ਪੁਰ ਸਗੋਂ ਪੂਰੇ ਪੰਜਾਬ ਵਿੱਚ ਹੋਈਆਂ ਹੋਣੀਆਂ ਹਨ। ਜਿਸ ਦੀ ਵੱਡੇ ਪੱਧਰ ਉੱਤੇ ਪੜਤਾਲ ਕਰਾਉਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਸਰਕਾਰ ਚੋਣ ਧਾਂਦਲੀਆਂ ਰਾਹੀਂ ਚੋਣਾਂ ਜਿੱਤਣ ਦੀ ਵਿਉਂਤ ਬਣਾ ਰਹੀ ਹੈ। ਉਹਨਾਂ ਚੋਣ ਧਾਂਦਲੀਆਂ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਪੰਚਾਇਤੀ ਚੋਣਾਂ ਲੜਨ ਲਈ ਦ੍ਰਿੜ੍ਹ ਹੈ ਪਰ ਸਰਕਾਰ ਚੋਣਾਂ ਕਰਾਉਣ ਦੀ ਥਾਂ ਧੱਕੇਸ਼ਾਹੀ ਕਰਨ ਉੱਤੇ ਜ਼ੋਰ ਦੇ ਰਹੀ ਹੈ।
ਉਹਨਾਂ ਦੱਸਿਆ ਕਿ ਬਾਦਲ ਸਰਕਾਰ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਤੇ ਲੋਕ ਇਸ ਵਾਰ ਸਰਕਾਰ ਸਬਕ ਸਿਖਾਉਣ ਦੀ ਮੂਡ ਵਿੱਚ ਹਨ । ਪਰ ਕਾਂਗਰਸ ਪਾਰਟੀ ਦੇ ਲੋਕ ਆਧਾਰ ਵਾਲੇ ਵਰਕਰਾਂ ਦੇ ਉਮੀਦਵਾਰੀ ਪੇਪਰ ਰੱਦ ਕਰ ਕੇ ਉਹਨਾਂ ਨੂੰ ਚੋਣ ਪ੍ਰਕਿਰਿਆ ਤੋਂ ਵੀ ਲਾਂਬੇ ਕੀਤੇ ਜਾ ਰਹੇ ਹਨ। ਉਹਨਾਂ ਜਮਹੂਰੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਚੋਣਾਂ ਨਿਰਪੱਖ ਕਰਾਉਣ ਦੀ ਅਪੀਲ ਕੀਤੀ । ਇਸ ਮੌਕੇ ਡੀ ਸੀ ਵਲੋਂ ਉਹਨ ਦੀ ਸ਼ਿਕਾਇਤ ਉਤੇ ਡੂਘੀ ਪੜਤਾਲ ਕਰਾਉਣ ਦਾ ਵਿਸ਼ਵਾਸ ਦਿਤਾ । ਇਸ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਪਾਹੜਾ ਸਲਵਿੰਦਰ ਸਿੰਘ ਛਿੰਦੂ, ਰਮਨ ਬਹਿਲ ਆਦਿ ਸ਼ਾਮਿਲ ਸਨ।