ਚੰਡੀਗੜ੍ਹ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਅਤੇ ਬੇਬਾਕ ਅਜ਼ਾਦਆਨਾਂ ਤੌਰ ਤੇ ਹਰ ਮੁੱਦੇ ਉਤੇ ਟਿੱਪਣੀ ਕਰਨ ਵਾਲੇ ਸ. ਸਿਮਰਨਜੀਤ ਸਿੰਘ ਮਾਨ ਨੇ ਭਾਜਪਾ ਦੀ ਪਠਾਣਕੋਟ ਰੈਲੀ ਵਿਚ ਸ. ਬਾਦਲ ਵੱਲੋਂ ਆਪਣੀ ਤਕਰੀਰ ਦੌਰਾਨ ਇਹ ਕਹਿਣਾ ਕਿ ਉਹਨਾਂ (ਬਾਦਲ) ਨੂੰ ਗੁਜਰਾਤ ਨਾਲ ਐਨਾ ਪਿਆਰ ਹੈ ਕਿ ਉਹ ਦੁੱਧ ਵੀ ਗੁਜਰਾਤੀ ਗਊਆਂ ਦੇ ਪੀਦੇ ਹਨ, ਦੀ ਹੱਦੇ-ਬੰਨ੍ਹੇ ਟੱਪ ਚੁੱਕੀ ਚਾਪਲੂਸੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਨੂੰ ਅਤਿ ਸ਼ਰਮਨਾਕ ਅਤੇ ਸਿੱਖ ਕੌਮ ਦੇ ਇਖ਼ਲਾਕ ਨੂੰ ਧੱਬਾ ਲਗਾਉਣ ਵਾਲਾ ਕਿਹਾ। ਸ. ਮਾਨ ਨੇ ਆਪਣੇ ਇਸ ਬਿਆਨ ਵਿਚ ਅੱਗੇ ਚੱਲਕੇ ਕਿਹਾ ਕਿ ਸ. ਬਾਦਲ ਨੂੰ ਜੇਕਰ ਕਿਸੇ ਚੀਜ ਨਾਲ ਪਿਆਰ ਹੈ ਤਾਂ ਉਹ ਕੇਵਲ ਤੇ ਕੇਵਲ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ । ਇਹੋ ਵਜ਼ਹ ਹੈ ਕਿ ਦੋਵੇ ਪਿਓ-ਪੁੱਤਰ ਵਿਦੇਸ਼ੀ ਦੌਰਿਆਂ ਤੇ ਜਾਣ ਸਮੇਂ ਪੰਜਾਬ ਦੀ ਜਿੰਮੇਵਾਰੀ ਕਿਸੇ ਨੂੰ ਵੀ ਸੋਪ ਕੇ ਨਹੀਂ ਜਾਂਦੇ । ਜਦੋਕਿ ਬਾਦਲ ਨੇ ਸਿੱਖ ਕੌਮ ਨੂੰ ਆਰ.ਐਸ.ਐਸ. ਅਤੇ ਭਾਜਪਾ ਵਰਗੀਆਂ ਮੁਤੱਸਵੀ ਜਮਾਤਾਂ ਦੇ ਇਸ ਲਈ ਗਹਿਣੇ ਪਾ ਦਿੱਤਾ ਹੈ ਤਾਂ ਕਿ ਉਹ ਆਪਣੇ ਸਿਆਸੀ ਸਵਾਰਥਾਂ ਨੂੰ ਪੂਰਨ ਕਰਦੇ ਰਹਿਣ ਅਤੇ ਆਪਣੇ ਕਾਰੋਬਾਰਾਂ ਨੂੰ ਨਿਰੰਤਰ ਵਧਾਉਦੇ ਰਹਿਣ । ਇਹੀ ਕਾਰਨ ਹੈ ਕਿ ਉਹ ਭਾਜਪਾ ਦੀ ਹਰ ਗੈਰ ਦਲੀਲ ਗੱਲ ਅੱਗੇ ਸ਼ੀਸ ਨਿਵਾਉਦੇ ਆ ਰਹੇ ਹਨ ।”
ਸ. ਮਾਨ ਨੇ ਕਿਹਾ ਕਿ ਜਿਸ ਮੁਸਲਿਮ ਅਤੇ ਸਿੱਖ ਕੌਮ ਦੇ ਕਾਤਲ ਨਰਿੰਦਰ ਮੋਦੀ ਦੀ “ਜੈ ਰਾਮ” ਕਹਿਕੇ ਖੁਸ਼ਾਮਦ ਕਰਨ ਵਿਚ ਐਨਾ ਨੀਚੇ ਚਲੇ ਗਏ ਹਨ, ਉਸ ਨੇ ਗੁਜਰਾਤ ਵਿਚ ਸਿੱਖਾਂ ਨੂੰ ਆਪਣੀ ਜ਼ਮੀਨਾਂ ਦੀਆਂ ਮਲਕੀਅਤਾਂ ਤੋਂ ਜ਼ਬਰੀ ਬੇਦਖ਼ਲ ਕਰ ਦਿੱਤਾ ਹੋਇਆ ਹੈ । ਯਾਦ ਰਹੇ ਇਹਨਾਂ ਸਿੱਖਾਂ ਨੂੰ 1965 ਦੀ ਜੰਗ ਵਿਚ ਬਹਾਦਰੀ ਦੇ ਜੋਹਰ ਦਿਖਾਉਣ ਬਦਲੇ ਇਹ ਬੰਜ਼ਰ ਜ਼ਮੀਨਾਂ ਇਨਾਮ ਵਿਚ ਦਿੱਤੀਆਂ ਗਈਆਂ ਸਨ । ਜਿਨ੍ਹਾਂ ਨੂੰ ਸਿੱਖਾਂ ਨੇ ਮਿਹਨਤ ਕਰਕੇ ਉਪਜਾਉ ਬਣਾਇਆ ਹੈ । ਇਸ ਮੁਤੱਸਵੀ ਸੋਚ ਦੇ ਮਾਲਕ ਨਰਿੰਦਰ ਮੋਦੀ ਕਰਕੇ ਹੀ ਅੱਜ ਸਿੱਖ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੁਪਰੀਮ ਕੋਰਟ ਵਿਚ ਲੜਾਈ ਲੜ ਰਹੇ ਹਨ । ਸ. ਮਾਨ ਨੇ ਸ. ਬਾਦਲ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਕਿਹਾ ਕਿ ਇਹੋ ਹੀ ਨਰਿੰਦਰ ਮੋਦੀ ਦੀ ਸਿੱਖ ਨਵਾਜ਼ੀ ਹੈ ? ਦੂਸਰੇ ਪਾਸੇ ਜਿਸ ਨਰਿੰਦਰ ਮੋਦੀ ਦੀ ਬਾਦਲ ਸਾਰੀਆਂ ਹੱਦਾਂ ਟੱਪਕੇ ਚਾਪਲੂਸੀ ਕਰ ਰਹੇ ਹਨ, ਉਸ ਨੇ ਮਾਧੋਪੁਰ ਪਠਾਣਕੋਟ ਦੀ ਰੈਲੀ ਦੌਰਾਨ ਗੁਜਰਾਤੀ ਭੋਜਨ ਖਾਣ ਨੂੰ ਤਰਜੀਹ ਦਿੱਤੀ ਜਿਸ ਲਈ ਭਾਜਪਾ ਦੇ ਇਕ ਐਮ.ਪੀ. ਦੀ ਪਤਨੀ ਨੂੰ ਮੁੰਬਈ ਤੋਂ ਪਠਾਣਕੋਟ ਲਿਆਦਾ ਗਿਆ । ਸ. ਮਾਨ ਨੇ ਇਹ ਵੀ ਕਿਹਾ ਕਿ ਜਿਸ ਢੰਗ ਨਾਲ ਸ. ਬਾਦਲ ਨੇ ਰੈਲੀ ਵਿਚ ਇਕੱਲਿਆ ਹੀ ਸਮੂਲੀਅਤ ਕਰਕੇ ਜੀ ਹਜੂਰੀ ਕੀਤੀ, ਉਸ ਦੀ ਸਿੱਖ ਕੌਮ ਦੇ ਇਤਿਹਾਸ ਵਿਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ । ਸ. ਮਾਨ ਨੇ ਭਾਜਪਾ, ਮੋਦੀ ਅਤੇ ਬਾਦਲ ਦਲੀਆਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਇਹਨਾਂ ਨੇ ਮੁੜ ਪੰਜਾਬ ਦੀ ਖ਼ਾਲਿਸਤਾਨ ਦੀ ਸਰ ਜਮੀਨ ਉਤੇ “ਹਿੰਦੂ ਰਾਸ਼ਟਰ” ਦੀ ਮੁੜ ਰੈਲੀ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੂਬੇ ਭਰ ਵਿਚ ਥਾਂ-ਥਾਂ ਤੇ ਨਾਕੇ ਲਗਾਕੇ ਜੋਰਦਾਰ ਵਿਰੋਧ ਵੀ ਕਰੇਗਾ ਅਤੇ ਸ੍ਰੀ ਅਡਵਾਨੀ ਦੀ ਰੱਥ ਯਾਤਰਾਂ ਅਤੇ ਸਾਧਵੀ ਰਿਤੰਬਰਾਂ ਦੀ ਤਰ੍ਹਾਂ ਕੀਤੀਆਂ ਗਈਆਂ ਫਿਰਕੂ ਯਾਤਰਾਵਾਂ ਵਿਚੋਂ ਭੱਜਣ ਲਈ ਮਜਬੂਰ ਕਰ ਦੇਵੇਗਾ । ਉਹਨਾਂ ਕਿਹਾ ਕਿ ਇਹਨਾਂ ਮੁਤੱਸਵੀਆਂ ਦੀ ਬਦੌਲਤ ਹੀ 1947 ਵਿਚ ਦੁੱਖਦਾਂਇਕ ਬਟਵਾਰਾਂ ਹੋਇਆ ਫਿਰ 1966 ਵਿਚ ਪੰਜਾਬ ਵਿਚੋਂ ਹਿਮਾਚਲ ਅਤੇ ਹਰਿਆਣਾ ਪੈਦਾ ਕਰ ਦਿੱਤੇ ਗਏ । ਜੇਕਰ ਸ. ਬਾਦਲ ਨੇ ਗੈਰ ਦਲੀਲ, ਗੈਰ ਇਖ਼ਲਾਕੀ ਤਰੀਕੇ ਭਾਜਪਾ ਅਤੇ ਆਰ.ਐਸ.ਐਸ. ਦੀ ਕਿਸੇ ਤਰ੍ਹਾਂ ਚਾਪਲੂਸੀ ਕਰਨ ਅਤੇ ਹਰ ਸਿੱਖ ਵਿਰੋਧੀ ਮੁੱਦੇ ਉਤੇ ਹਮਾਇਤ ਦੇਣ ਦੇ ਅਮਲਾਂ ਤੋਂ ਤੋਬਾ ਨਾ ਕੀਤੀ ਤਾਂ ਇਸ ਪੰਜਾਬ ਦੇ ਹੋਰ ਟੁੱਕੜੇ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਬਾਦਲ ਦਲੀਏ ਇਤਿਹਾਸ ਵਿਚ ਟੋਡ੍ਹੀਆਂ ਦੇ ਨਾਮ ਤੋਂ ਪੁਕਾਰੇ ਜਾਣ ਤੋ ਕੋਈ ਨਹੀਂ ਰੋਕ ਸਕੇਗਾ । ਸ. ਮਾਨ ਨੇ ਪਠਾਣਕੋਟ ਰੈਲੀ ਵਿਚ ਕੇਵਲ ਬਾਦਲ ਦੀ ਸਮੂਲੀਅਤ ਤੋ ਇਲਾਵਾ ਕਿਸੇ ਵੀ ਸਿੱਖ ਆਗੂ ਜਾਂ ਉੱਚੇ-ਸੁੱਚੇ ਇਖ਼ਲਾਕ ਵਾਲੇ ਆਗੂ ਦੀ ਸਮੂਲੀਅਤ ਨਾ ਹੋਣ ਅਤੇ ਭਾਜਪਾ ਦੀ ਫਿਰਕੂ ਰੈਲੀ ਫੇਲ੍ਹ ਹੋ ਜਾਣ ਉਤੇ ਸੰਤੁਸਟੀ ਜ਼ਾਹਰ ਕਰਦੇ ਹੋਇਆ ਸ. ਬਾਦਲ ਨੂੰ ਗੁਜਾਰਿਸ਼ ਕੀਤੀ ਕਿ ਉਹ ਸਮੇਂ ਦੀ ਨਬਜ ਨੂੰ ਪਛਾਨਣ । ਕਿਉਂਕਿ ਉਹ ਵਿਦੇਸ਼ੀ ਦੌਰਾਂ ਰੈਲੀ ਕਰਕੇ ਛੱਡਕੇ ਆਏ ਹਨ ਨਾ ਕਿ ਉਤਰਾਖੰਡ ਦੇ ਦਰਦਨਾਕ ਭਿਆਨਕ ਅਮਲਾਂ ਨੂੰ ਮੱਲ੍ਹਮ ਲਗਾਉਣ ਲਈ ।