ਅੰਮ੍ਰਿਤਸਰ:- ਉੱਤਰਾਖੰਡ ‘ਚ ਭਾਰੀ ਬਾਰਸ਼ ਦੇ ਚਲਦੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗਏ ਸ਼ਰਧਾਲੂਆਂ ਦੇ ਹੜ੍ਹਾਂ ‘ਚ ਫਸ ਜਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢਣ ਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਬੇਹੱਦ ਸਾਫ ਅਕਸ ਵਾਲੇ ਕਾਮਯਾਬ ਸੀਨੀਅਰ ਆਈ.ਏ.ਐਸ. ਅਫਸਰ ਸ.ਕਾਹਨ ਸਿੰਘ ਪੰਨੂ ਦੀ ਡਿਊਟੀ ਲਗਾ ਕੇ ਭੇਜਿਆ। ਜਦੋਂ ਸ.ਕਾਹਨ ਸਿੰਘ ਪੰਨੂ ਗੋਬਿੰਦਧਾਮ ਪੁੱਜੇ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਜਾਣ ਬੁੱਝ ਕੇ ਸ. ਪੰਨੂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਸੱਭਿਅਕ ਭਾਸ਼ਾ ਵਰਤਣ ਦਾ ਦੋਸ਼ ਲੱਗਾ ਕੇ ਉਸ ਨਾਲ ਬਹਿਸਬਾਜੀ ਤੇ ਧੱਕਾ ਮੁੱਕੀ ਕਰਦਿਆਂ ਉਸਦੀ ਦਸਤਾਰ ਉਤਾਰਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋਰਦਾਰ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਵੱਲੋਂ ਜਾਰੀ ਪ੍ਰੈਸ ਰਲੀਜ਼ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਿਪਤਾ ਦੀ ਘੜੀ ‘ਚ ਪੰਜਾਬ ਸਰਕਾਰ ਨੇ ਸੀਨੀਅਰ ਆਈ.ਏ.ਐਸ. ਸ੍ਰ.ਪੰਨੂ ਨੂੰ ਭੇਜ ਕੇ ਹੜ੍ਹ ‘ਚ ਫਸੇ ਲੋਕਾਂ ਦੀ ਫੌਰੀ ਮਦਦ ਸ਼ੁਰੂ ਕਰਵਾਈ, ਪਰ ਕੁਝ ਲੁਟੇਰਾ ਕਿਸਮ ਦੇ ਲੋਕਾਂ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲਗ ਰਿਹਾ। ਉਨ੍ਹਾਂ ਨੇ ਪੰਜਾਬ ਦੇ ਕਾਬਲ ਅਫਸਰ ਤੇ ਗੁਰੂ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਦਾ ਬਹਾਨਾ ਬਣਾ ਕੇ ਉਸ ਉੱਪਰ ਹਮਲਾ ਕੀਤਾ ਜੋ ਅਤਿ ਨਿੰਦਣਯੋਗ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ.ਕਾਹਨ ਸਿੰਘ ਪੰਨੂ ਤੇ ਉਸਦੇ ਪਰਿਵਾਰ ਦੀ ਗੁਰੂ-ਘਰ ਪ੍ਰਤੀ ਸੱਚੀ ਤੇ ਅਥਾਹ ਸ਼ਰਧਾ ਬਾਰੇ ਕਿਸੇ ਨੂੰ ਕੋਈ ਭਰਮ-ਭੁਲੇਖਾ ਨਹੀਂ। ਇਸੇ ਕਾਰਣ ਹੀ ਪੰਜਾਬ ਸਰਕਾਰ ਨੇ ਉਸ ਦੀ ਡਿਊਟੀ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੂਆਂ ਨੂੰ ਸੁਰੱਖਿਅਤ ਕੱਢਣ ਲਈ ਲਗਾਈ। ਉਨ੍ਹਾਂ ਕਿਹਾ ਕਿ ਜਿਹੜਾ ਅਫਸਰ ਗਿਆ ਹੀ ਲੋਕਾਂ ਦੀ ਸਹਾਇਤਾ ਲਈ ਹੋਵੇ ਉਹ ਭਲਾ ਕਿਵੇਂ ਗੁਰੂ ਸਾਹਿਬ ਪ੍ਰਤੀ ਭੱਦਾ ਬੋਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸ.ਪੰਨੂ ਤੇ ਹਮਲਾ ਗਿਣੀ-ਮਿਥੀ ਸਾਜਿਸ਼ ਜਾਪਦੀ ਹੈ ਕਿਉਂਕਿ ਸਾਜਿਸ਼ਕਾਰਾਂ ਨੂੰ ਇਹ ਕਿਵੇਂ ਪਤਾ ਸੀ ਕਿ ਸ.ਪੰਨੂ ਨੇ ਹੁਣ ਗੁਰੂ ਸਾਹਿਬ ਪ੍ਰਤੀ ਮਾੜਾ ਬੋਲਣਾ ਹੈ ਤੇ ਉਸ ਦੀ ਪਹਿਲਾਂ ਹੀ ਵੀਡੀਓ ਫਿਲਮ ਬਨਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਵੀਡੀਓ ‘ਚ ਵਾਰ-ਵਾਰ ਇੱਕ ਵਿਅਕਤੀ ਸ.ਪੰਨੂ ਨੂੰ ਕਹਿੰਦਾ ਹੈ ਕਿ ਜਦੋਂ ਤੁਸੀ ਗੁਰੂ ਸਾਹਿਬ ਪ੍ਰਤੀ ਮਾੜਾ ਬੋਲਿਆ ਹੈ ਸਾਡੇ ਪਾਸ ਵੀਡੀਓ ਫਿਲਮ ਮੌਜੂਦ ਹੈ ਪਰ ਅੱਜ ਤੀਕ ਅਜਿਹੀ ਕੋਈ ਵੀਡੀਓ ਪਬਲਿਕ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਨੇ ਜਾਣ ਬੁੱਝ ਕੇ ਪਹਿਲਾਂ ਇਕਤਰਫਾ ਝਗੜਾ ਕੀਤਾ ਤੇ ਫਿਰ ਸਿੱਖ ਅਫਸਰ ਦੀ ਪੱਗ ਲਾਹੀ, ਕੇਸ ਪੁੱਟੇ। ਇਸ ਤੋਂ ਵੀ ਮਾੜੀ ਹਰਕਤ ਇਹ ਕੀਤੀ ਜਿਹੜੀ ਉਸੇ ਵੇਲੇ ਵੀਡੀਓ ਯੂ.ਟਿਊਬ ਤੇ ਪਾਈ। ਉਨ੍ਹਾਂ ਕਿਹਾ ਕਿ ਹੜ੍ਹ ‘ਚ ਡੁੱਬ ਰਹੇ ਲੋਕਾਂ ਨੂੰ ਇਹ ਸਭ ਕੁਝ ਨਹੀਂ ਸੁਝਦਾ। ਇਹ ਕੇਵਲ ਸ਼ਰਾਰਤੀ ਲੋਕਾਂ ਦੇ ਹੀ ਹਿੱਸੇ ਆਇਆ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਸਾਰਾ ਕੁਝ ਧਾਰਮਿਕ ਅਸਥਾਨ ਤੇ ਵਾਪਰਨ ਕਰਕੇ ਇਸ ਮਾਮਲੇ ਦੀ ਆਪਣੇ ਤੌਰ ਤੇ ਜਾਂਚ ਕਰਵਾਉਣ ਲਈ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ ਤੇ ਸ.ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਇਸ ਕਮੇਟੀ ਦੇ ਕੋਆਰਡੀਨੇਟਰ ਸ.ਰੂਪ ਸਿੰਘ ਸਕੱਤਰ ਹੋਣਗੇ, ਜੋ ਜਲਦੀ ਹੀ ਵੀਡੀਓ ਫਿਲਮ ਦੇਖ ਅਤੇ ਸ.ਕਾਹਨ ਸਿੰਘ ਪੰਨੂ ਨੂੰ ਮਿਲਕੇ ਸਾਰੀ ਅਸਲੀਅਤ ਦਾ ਪਤਾ ਲਗਾ ਕੇ ਰੀਪੋਰਟ ਦੇਵੇਗੀ। ਰਿਪੋਰਟ ਮਿਲਣ ਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕੀਤੀ ਜਾਵੇਗੀ।