ਅੰਮ੍ਰਿਤਸਰ:- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਸਾਰੇ ਯਾਤਰੂ ਭਲੀਭਾਂਤ ਅਤੇ ਸੁਰੱਖਿਅਤ ਆਪੋ-ਆਪਣੇ ਟਿਕਾਣਿਆਂ ਤੇ ਪੁੱਜ ਗਏ ਹਨ। ਬਦਰੀਨਾਥ ਤੇ ਹੋਰ ਧਾਰਮਿਕ ਸਥਾਨਾਂ ਤੇ ਗਏ ਯਾਤਰੂ ਵੀ ਸਰਕਾਰੀ ਤੇ ਗੈਰਸਰਕਾਰੀ ਸਹਾਇਤਾ ਨਾਲ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਅਸਥਾਨਾਂ ਤੇ ਆਈ ਕੁਦਰਤੀ ਆਫ਼ਤ ਵਿੱਚ ਲੋਕਾਂ ਦੀ ਸਹਾਇਤਾ ਲਈ ਭੇਜੀਆਂ ਰਾਹਤਕਾਰੀ ਟੀਮਾਂ ਆਪਣਾ ਕਾਰਜ ਮੁਕੰਮਲ ਹੋਣ ਤੇ ਵਾਪਸ ਪੁੱਜ ਗਈਆਂ ਹਨ।
ਇਥੋਂ ਜਾਰੀ ਇੱਕ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਪਾਤਸਾਹੀ ਨੌਵੀਂ ਜੀਂਦ, ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀਂ ਧਮਤਾਨ, ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਕੁਰੂਕਸ਼ੇਤਰ, ਗੁਰਦੁਆਰਾ ਸਾਹਿਬ ਪਾਤਸਾਹੀ 10ਵੀਂ ਨਾਢਾ ਸਾਹਿਬ, ਪੰਚਕੂਲਾ ਤੋਂ ਵੱਡੀ ਪੱਧਰ ਤੇ ਰਾਹਤ ਸਮੱਗਰੀ ਸਮੇਤ ਟੀਮਾਂ ਭੇਜੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੇ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ ਲੰਗਰ ਤੇ ਹੋਰ ਲੋੜੀਂਦੀ ਸਮੱਗਰੀ ਪੀੜ੍ਹਤਾਂ ਤੱਕ ਪਹੁੰਚਾਉਣ ਲਈ ਬਹੁਤ ਮੇਹਨਤ ਤੇ ਇਮਾਨਦਾਰੀ ਨਾਲ ਸਹਾਇਤਾ ਕੀਤੀ ਹੈ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਡਾਕਟਰਾਂ ਦੀ 10 ਮੈਂਬਰੀ ਟੀਮ ਡਾਕਟਰ ਅਮਨਦੀਪ ਸਿੰਘ ਬੰਗਾ ਦੀ ਅਗਵਾਈ ਹੇਠ ਭੇਜੀ ਗਈ। ਜਿੰਨ੍ਹਾਂ ਨੇ ਇਸ ਆਫਤ ਵੇਲੇ ਪੀੜ੍ਹਤ ਲੋਕਾਂ ਦੀ ਮਲ੍ਹਮ ਪੱਟੀ ਕਰਕੇ ਅਤੇ ਬੀਮਾਰ ਵਿਅਕਤੀਆਂ ਦਾ ਇਲਾਜ ਕਰਕੇ ਸਹਾਇਤਾ ਕੀਤੀ। ਉਨ੍ਹਾਂ ਦੱਸਿਆ ਕਿ ਰਾਹਤ ਕਾਰਜਾਂ ਤੋਂ ਵਾਪਸ ਮੁੜ ਰਹੇ ਇੰਨ੍ਹਾਂ ਰਾਹਤ ਟੀਮਾਂ ਦੇ ਮੁੱਖੀ ਸ.ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਇਹ ਵੱਖ-ਵੱਖ ਟੀਮਾਂ ਆਪਣਾ ਕਾਰਜ ਕਰਨ ਉਪਰੰਤ ਵਾਪਸ ਪਰਤ ਰਹੀਆਂ ਹਨ। ਜਥੇਦਾਰ ਅਵਤਾਰ ਸਿੰਘ ਨੇ ਉੱਤਰਾਖੰਡ ਦੀ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਜਿਹੜੇ ਸ਼ਰਧਾਲੂਆਂ ਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ ਉਸ ਦੀ ਫੌਰੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਯਾਤਰਾ ਦਰਮਿਆਨ ਯਾਤਰੀਆਂ ਦੇ ਹੋਏ ਜਾਨੀ-ਮਾਲੀ ਨੁਕਸਾਨ ਲਈ 1 ਕਰੋੜ ਰੁਪਏ ਦਾ ਰਾਹਤ ਫੰਡ ਸਥਾਪਿਤ ਕੀਤਾ ਹੈ। ਜਿਸ ਵਿੱਚ ਪਹਿਲ ਦੇ ਅਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਦਾਰਿਆਂ ਦੇ ਮੁਲਾਜਮ ਆਪਣੀ ਇੱਕ-ਇੱਕ ਦਿਨ ਦੀ ਤਨਖਾਹ ਰਾਹਤ ਫੰਡ ਵਜੋਂ ਜਮ੍ਹਾਂ ਕਰਵਾਉਣਗੇ।
ਇਸੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀਆਂ ਰਾਹਤ ਕਾਰਜ ਟੀਮਾਂ ਦਾ ਗੁਰਦੁਆਰਾ ਰਿਸ਼ੀਕੇਸ਼ ਟਰੱਸਟ ਅਤੇ ਗੁਰਦੁਆਰਾ ਸਾਹਿਬ ਪਾਤਸਾਹੀ 10ਵੀਂ ਪਾਉਂਟਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇੰਨ੍ਹਾਂ ਦੀ ਸੇਵਾ ਸਬੰਧੀ ਵਿਸ਼ੇਸ਼ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਸਨਮਾਨਿਤ ਕੀਤਾ ਗਿਆ।