ਲੁਧਿਆਣਾ (ਪਰਮਜੀਤ ਸਿੰਘ ਬਾਗੜੀਆ)ਅਦਾਲਤ ਵਿਚ ਕਤਲ ਤੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤੇ ਸਿੱਖ ਧਰਮ ਤੇ ਪੰਥ ਵਿਰੋਧੀ ਕਾਰਵਾਈਆਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬਾਨ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿਚੋਂ ਛੇਕਿਆ ਹੋਇਆ ਸਿਰਸੇ ਵਾਲਾ ਸਾਧ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਚਰਚਾ ਵਿਚ ਹੈ ਇਸ ਵਾਰ ਇਹ ਚਰਚਾ ਸਿੱਖਾਂ ਦੀਆਂ ਧਾਰਮਿਕ ਤੇ ਪੰਥਕ ਭਾਵਨਾਵਾਂ ਨੂੰ ਛਿੱਕੇ ਟੰਗ ਕੇ ਅਕਾਲੀ ਦਲ ਨੂੰ ਸਿਆਸੀ ਫਾਇਦਾ ਪਹੁੰਚਾਉਣ ਲਈ ਅਕਾਲੀ ਦਲ (ਬਾਦਲ) ਵਲੋਂ ਸ਼ਰੋਮਣੀ ਕਮੇਟੀ ਤੇ ਸਿੱਖਾਂ ਲਈ ਸਰਬਉੱਚ ਧਾਰਮਿਕ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਰਾਹੀਂ ਸੌਦਾ ਸਾਧ ਨੂੰ ਪੰਥਕ ਮੁਆਫੀ ਦਿੱਤੇ ਜਾਣ ਦੀਆਂ ਕਨਸੋਆਂ ਮਿਲਣ ਤੋਂ ਬਾਅਦ ਸਾਹਮਣੇ ਆਈ ਹੈ।ਅੱਜ ਜਿਸ ਤਰ੍ਹਾਂ ਮੀਡੀਏ ਦੇ ਇਕ ਹਿੱਸੇ ਵਿਚ ਇਹ ਖਬਰ ਛਪੀ ਤਾਂ ਸਿੱਖ ਹਲਕਿਆਂ ਵਿਚ ਗੰਭੀਰ ਚਰਚਾ ਛਿੜ ਪਈ।ਇਥੇ ਵਰਨਣਯੋਗ ਹੈ ਕਿ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੌਦਾ ਸਾਧ ਦੀ ਹਮਾਇਤ ਨਾਲ ਮਾਲਵੇ ਦੀਆਂ ਬਹੁਤੀਆਂ ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਸਭਾ ਚੋਣਾਂ ਲਈ ਕਿਸੇ ਵੀ ਡੇਰੇ ਨੂੰ ਵੋਟਾਂ ਲਈ ਅਪੀਲ ਨਾ ਕਰਨ ਦੇ ਦਿੱਤੇ ਜਨਤਕ ਬਿਆਨ ਤੋਂ ਬਾਅਦ ਬਾਦਲ ਦਲ ਵਲੋਂ ਸੌਦਾ ਸਾਧ ਨੂੰ ਸਿਰਫ ਵੋਟਾਂ ਖਾਤਰ ਮੁਆਫ ਕਰਨਾ ਸਿੱਖਾਂ ਦੀ ਸਮਝ ਵਿਚ ਨਹੀਂ ਆ ਰਿਹਾ।
ਅਕਾਲੀ ਦਲ ਵਲੋਂ ਸਾਧ ਨੂੰ ਪੰਥਕ ਮੁਆਫੀ ਦੇ ਮਨਸੂਬੇ ਤੇ ਸਾਧ ਨੇ ਖੁਦ ਹਿੰਦੋਸਤਾਨ ਟਾਈਮਜ ਦੇ ਪੱਤਰਕਾਰ ਰਮੇਸ਼ ਵਿਨਾਇਕ ਸਾਹਮਣੇ ਇਹ ਵਿਉਂਤਬੰਦੀ ਕਬੂਲ ਕੇ ਮੁਆਫੀ ਲਈ ਹਾਂ ਪੱਖੀ ਹੁੰਗਾਰਾ ਵੀ ਭਰਿਆ ਹੈ।ਪਤਾ ਲੱਗਾ ਹੈ ਕਿ ਲੋਕ ਸਭਾ ਸੀਟ ਬਠਿੰਡਾ ਜਿਥੋਂ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਅਕਾਲੀ ਦਲ-ਭਾਜਪਾ ਦੀ ਸਾਂਝੀ ਉਮੀਦਵਾਰ ਹੈ ਤੇ ਉਸਦਾ ਸਿੱਧਾ ਮੁਕਾਬਲਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਕਾਂਗਰਸੀ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਨਾਲ ਹੈ ਦੋਵੇਂ ਪਰਿਵਾਰਾਂ ਨੇ ਇਸ ਸੀਟ ਨੂੰ ਆਪਣੇ ਸਿਆਸੀ ਵਕਾਰ ਦਾ ਸਵਾਲ ਬਣਾ ਲਿਆ ਹੈ।ਸੂੁਤਰਾਂ ਅਨੁਸਾਰ ਬਠਿੰਡਾ ਵਿਚ ਰਣਇੰਦਰ ਦੀ ਚੜ੍ਹਤ ਕਾਰਨ ਹੀ ਬਾਦਲਾਂ ਨੂੰ ਪੰਥ ਵਿਰੋਧੀ ਸਿਰਸਾ ਸਾਧ ਨੂੰ ਪੰਥਕ ਮੁਆਫੀ ਦੇਣ ਲਈ ਸਹਿਮਤ ਹੋਣ ਦੀ ਹੱਦ ਤੱਕ ਜਾਣਾ ਪਿਆ ਹੈ।
ਸ਼ਾਧ ਨੇ ਸਿੱਖਾਂ ਦੇ ਦਸਵੇਂ ਗੁਰੂੁ ਸ਼੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਸੀ।ਭੜਕੇ ਸਿੱਖਾਂ ਦੀਆਂ ਸੌਦਾ ਸਾਧ ਦੇ ਸਮਰਥਕਾਂ ਨਾਲ ਖੂੁਨੀ ਝੜਪਾਂ ਵੀ ਹੋਈਆਂ ਹਨ ਇਸੇ ਸਾਧ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਦੇ ਸੈਂਕੜੇ ਸਿੱਖਾਂ ਨੂੰ ਜੇਲ ਵੀ ਜਾਣਾ ਪਿਆ।ਇਥੋਂ ਤੱਕ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕੁਝ ਹਫਤੇ ਪਹਿਲਾਂ ਸਾਧ ਦੇ ਪੰਜਾਬ ਵਿਚ ਚਲਦੇ ਡੇਰਿਆਂ ਨੂੰ ਬੰਦ ਕਰਾਉਣ ਲਈ ਸੰਘਰਸ਼ ਵੀ ਛੇੜਿਆ ਸੀ।ਇਸ ਸੰਘਰਸ਼ ਦੇ ਮੋਹਰੀ ਤੇ ਸ਼ੁਰੂ ਤੋਂ ਹੀ ਸੌਦਾ ਸਾਧ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਡਟ ਕੇ ਵਿਰੋਧ ਕਰਦੇ ਰਹੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਤਾਂ ਇਰਾਦਾ ਕਤਲ ਕੇਸ ਵਿਚ ਨਾਮਜ਼ਦ ਕਰਕੇ ਜੇਲ੍ਹ ਵਿਚ ਵੀ ਰੱਖਿਆ ਗਿਆ।ਸਾਧ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੇ ਵਿਰੋਧ ਵਿਚ ਸਿੱਖਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਸਨ।ਇਸੇ ਲਈ ਸਮੁੱਚਾ ਸਿੱਖ ਜਗਤ ਸੋਚ ਰਿਹਾ ਹੈ ਇਸ ਸਾਧ ਨੂੰ ਪੰਥਕ ਮੁਆਫੀ ਕਿਵੇਂ ਦਿੱਤੀ ਜਾ ਸਕਦੀ ਹੈ?
ਸੌਦਾ ਸਾਧ ਸਿੱਖਾਂ ਨਾਲ ਛਿੜ੍ਹੇ ਵਿਵਾਦ ਤੋਂ ਬਾਅਦ ਕਈ ਵਾਰ ਅਕਾਲ ਤਖਤ ਸਾਹਿਬ ਤੇ ਮੁਆਫੀਨਾਮਾ ਭੇਜ ਚੁੱਕਾ ਹੈ ਪਰ ਕਦੇ ਖੁਦ ਹਾਜ਼ਰ ਨਹੀਂ ਹੋਇਆ।ਹੁਣ ਅਚਾਨਕ ਹੀ ਸ਼ਰੋਮਣੀ ਕਮੇਟੀ ਤੇ ਹੋਰ ਧਾਰਮਿਕ ਆਗੂਆਂ ਨੇ ਸਾਧ ਪ੍ਰਤੀ ਆਪਣਾ ਵਤੀਰਾ ਨਰਮ ਕਰ ਲਿਆ ਹੈ।ਪੰਥਕ ਹਿਤਾਂ ਦੇ ਪਹਿਰੇਦਾਰ ਅਖਵਾਉਣ ਵਾਲੀ ਅਕਾਲੀ ਜਮਾਤ ਆਪਣੇ ਸਿਆਸੀ ਮੁਫਾਦ ਲਈ ਭਾਵੇਂ ਉਸਨੂੰ ਮੁਆਫ ਕਰ ਦੇਵੇ ਪਰ ਆਮ ਸਿੱਖ ਜਗਤ ਸਾਧ ਨੂੰ ਕਦੇ ਵੀ ਮਾਫ ਨਹੀਂ ਕਰ ਸਕਦਾ।ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਨਾ ਹੀ ਸਿੱਖਾਂ ਦੇ ਕਾਤਲਾਂ ਨੂੰ ਕਦੇ ਮੁਆਫ ਕੀਤਾ ਹੈ ਤੇ ਨਾਂ ਹੀ ਕਦੇ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲਿਆਂ ਨੂੰ।ਸਿੱਖ ਸਿਆਸੀ ਹਲਕਿਆਂ ਦਾ ਇਹ ਤਕੜਾ ਨਿਸ਼ਚਾ ਹੈ ਕਿ ਸਿੱਖਾਂ ਦਾ ਧਰਮ ਤੇ ਸਿਧਾਂਤ ਕਦੇ ਵੀ ਲੋਕ ਸਭਾ ਦੀ ਸੀਟ ਬਰਾਬਰ ਨਹੀਂ ਰੱਖੇ ਜਾ ਸਕਦੇ।ਜੇਕਰ ਪੰਜਾਬ ਦੀ ਪੰਥਕ ਕਹਾਉਣ ਵਾਲੀ ਅਕਾਲੀ ਜਮਾਤ ਸੌਦਾ ਸਾਧ ਨੂੰ ਪੰਥਕ ਮੁਆਫੀ ਦੇ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਗਲਤੀ ਕਰਦੀ ਹੈ ਉਸਨਂੂੰ ਇਸ ਗਲਤੀ ਦੀ ਭਾਰੀ ਕੀਮਤ ਚੁਕਾਊੁਣੀ ਪੈ ਸਕਦੀ ਹੈ।