ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਨੇ ਦੇਸ਼ ਦੇ ਇਤਿਹਾਸਿਕ ਇਮੀਗਰੇਸ਼ਨ ਬਿੱਲ ਨੂੰ ਪਾਸ ਕਰ ਦਿੱਤਾ ਹੈ। ਕਾਮਪਰਹੈਂਸਿਵ ਇਮੀਗਰੇਸ਼ਨ ਰੀਫਾਰਮ ਬਿੱਲ ਦੇ ਪਾਸ ਹੋਣ ਨਾਲ ਅਮਰੀਕਾ ਵਿੱਚ ਰਹਿ ਰਹੇ ਇੱਕ ਕਰੋੜ 10 ਲੱਖ ਲੋਕਾਂ ਨੂੰ ਲਾਭ ਹੋਵੇਗਾ। ਇਨ੍ਹਾਂ ਵਿੱਚ 2 ਲੱਖ 40 ਹਜ਼ਾਰ ਤੋਂ ਵੱਧ ਭਾਰਤੀ ਵੀ ਹਨ।
ਅਮਰੀਕੀ ਸੈਨਿਟ ਵਿੱਚ ਇਹ ਬਿੱਲ 32 ਦੇ ਮੁਕਾਬਲੇ 88 ਵੋਟਾਂ ਨਾਲ ਪਾਸ ਹੋਇਆ। ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਣ ਤੋਂ ਪਹਿਲਾਂ ਇਸ ਤੇ ਪ੍ਰਤੀਨਿਧੀ ਸਭਾ ਵਿੱਚ ਚਰਚਾ ਹੋਵੇਗੀ। ਇਸ ਬਿੱਲ ਵਿੱਚ ਐਚ-1ਬੀ ਵੀਜ਼ਾ ਸਬੰਧੀ ਕੁਝ ਸਖਤੀਆਂ ਵੀ ਕੀਤੀਆਂ ਗਈਆਂ ਹਨ, ਜਿਸ ਨਾਲ ਭਾਰਤੀ ਕੰਪਨੀਆਂ ਤੇ ਬੁਰਾ ਅਸਰ ਪੈ ਸਕਦਾ ਹੈ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਬਿੱਲ ਨੂੰ ਸੈਨਿਟ ਵਿੱਚ ਮਨਜੂਰੀ ਮਿਲਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਮੈਂਬਰਾਂ ਨੇ ਅਮਰੀਕੀ ਲੋਕਾਂ ਦੇ ਹਿੱਤ ਵਿੱਚ ਮੱਤਦਾਨ ਕੀਤਾ ਹੈ। ਓਬਾਮਾ ਅਨੁਸਾਰ ਸਾਨੂੰ ਆਪਣੇ ਇਮੀਗਰੇਸ਼ਨ ਸਿਸਟਮ ਨੂੰ ਦਰੁਸਤ ਕਰਨ ਦਾ ਮੌਕਾ ਮਿਲਿਆ ਹੈ। ਇਸ ਨਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਇੱਕ ਕਰੋੜ 10 ਲੱਖ ਲੋਕਾਂ ਦੇ ਲਈ ਅਮਰੀਕੀ ਨਾਗਰਿਕਤਾ ਹਾਸਿਲ ਕਰਨ ਦਾ ਰਸਤਾ ਖੁਲ੍ਹ ਜਾਵੇਗਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਦੇਸ਼ ਦਾ ਘਾਟਿਆਂ ਵਿੱਚ ਕਮੀ ਆਵੇਗੀ ਅਤੇ ਇਕਾਨਮੀ ਦੇ ਵਿਕਾਸ ਵਿੱਚ ਮੱਦਦਗਾਰ ਸਾਬਿਤ ਹੋਵੇਗਾ।