ਨਵੀਂ ਦਿੱਲੀ- ਭਾਜਪਾ ਨੇਤਾ ਗੋਪੀਨਾਥ ਮੁੰਡੇ ਨੇ ਚੋਣ ਖਰਚ ਦੀ ਸੀਮਾ ਦਾ ਉਲੰਘਣ ਕਰਨ ਦੀ ਗੱਲ ਮੰਨਦੇ ਹੋਏ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਬਵਾਲ ਮੱਚਿਆ ਹੋਇਆ ਹੈ। ਮੁੰਡੇ ਨੇ ਨਾਂ ਕੇਵਲ ਤੈਅ ਸੀਮਾ ਤੋਂ ਵੱਧ ਖਰਚ ਕਰਨ ਦੀ ਗੱਲ ਕਬੂਲ ਕੀਤੀ ਹੈ, ਸਗੋਂ ਚੋਣ ਕਮਿਸ਼ਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਇਸ ਸਬੰਧੀ ਉਸ ਨੇ ਜੋ ਕਰਨਾ ਹੈ ਕਰ ਲਵੇ।
ਲੋਕ ਸਭਾ ਵਿੱਚ ਬੀਜੇਪੀ ਦੇ ਉਪ ਨੇਤਾ ਮੁੰਡੇ ਨੇ ਇੱਕ ਪੁਸਤਕ ਰਲੀਜ਼ ਸਮਾਰੋਹ ਦੌਰਾਨ ਸਰਵਜਨਿਕ ਤੌਰ ਤੇ ਇਹ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਤੈਅ ਸੀਮਾਂ ਤੋਂ ਵੱਧ ਖਰਚ ਕੀਤਾ ਹੈ। ਉਸ ਸਮੇਂ ਮੋਦੀ ਵੀ ਉਸ ਸਮਾਗਮ ਵਿੱਚ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ 1980 ਵਿੱਚ ਆਪਣੀ ਪਹਿਲੀ ਵਿਧਾਨ ਸੱਭਾ ਚੋਣ ਵਿੱਚ ਮੈਂ 29000 ਹਜ਼ਾਰ ਰੁਪੈ ਖਰਚ ਕੀਤੇ ਸਨ। ਇਸ ਤੋਂ ਬਾਅਦ ਮੁੰਡੇ ਨੇ ਕਿਹਾ ਕਿ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਮੈਨੂੰ 8 ਕਰੋੜ ਰੁਪੈ ਖਰਚ ਕਰਨੇ ਪਏ।
ਗੋਪੀਨਾਥ ਮੁੰਡੇ ਨੇ ਇਸ ਤੋਂ ਬਾਅਦ ਹੱਸਦੇ ਹੋਏ ਕਿਹਾ ਕਿ ਉਮੀਦ ਹੈ ਕਿ ਇੱਥੇ ਕੋਈ ਚੋਣ ਕਮਿਸ਼ਨ ਦਾ ਅਧਿਕਾਰੀ ਨਹੀਂ ਬੈਠਾ ਹੋਵੇਗਾ। ਅਗਰ ਕੋਈ ਹੈ ਵੀ ਤਾਂ ਅਗਲੀਆਂ ਚੋਣਾਂ ਵਿੱਚ ਸਿਰਫ਼ ਹੁਣ 6 ਮਹੀਨੇ ਹੀ ਰਹਿ ਗਏ ਹਨ। ਹੁਣ ਉਨ੍ਹਾਂ ਤੇ ਕੇਸ ਵੀ ਦਰਜ਼ ਹੁੰਦਾ ਹੈ ਤਾਂ ਹੋ ਜਾਵੇ। ਮੁੰਡੇ ਦੇ ਇਸ ਬਿਆਨ ਨਾਲ ਉਨ੍ਹਾਂ ਦੀ ਸਖਤ ਆਲੋਚਨਾ ਹੋ ਰਹੀ ਹੈ ਅਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਚੋਣ ਕਮਿਸ਼ਨ ਇਸ ਤੇ ਗੰਭੀਰਤਾ ਨਾਲ ਵਿਚਾਰ ਕਰੇ ਕਿ ਅਜਿਹੇ ਉਮੀਦਵਾਰ ਨੂੰ ਭੱਵਿਖ ਵਿੱਚ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਚੋਣ ਕਮਿਸ਼ਨ ਵੱਲੋਂ 25 ਲੱਖ ਰੁਪੈ ਤੱਕ ਖਰਚ ਕਰਨ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।