ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਮਾਮਲਿਆਂ ਦੇ ਚੀਫ ਕੋਆਰਡੀਨੇਟਰ ਸ. ਇੰਦਰ ਮੋਹਨ ਸਿੰਘ ਨੇ ਕੁੱਝ ਵਿਰੋਧੀ ਧਿਰਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਵਿਰੁਧ ਗੁਮਰਾਹਕੁੰਨ ਬਿਆਨਬਾਜ਼ੀ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਰਾਜਨੀਤੀ ਨੂੰ ਦਰਕਿਨਾਰ ਕਰਦੇ ਹੋਏ ਸਿੱਖ ਭਾਈਚਾਰੇ ‘ਤੇ ਮਾਨਵਤਾ ਲਈ ਤਹਿ ਦਿਲੋਂ ਸੇਵਾ ਨਿਭਾ ਰਹੇ ਹਨ, ਜਿਨ੍ਹਾਂ ਦੀ ਦੇਸ਼ ਵਿਦੇਸ਼ ‘ਚ ਵਸ ਰਹੀ ਸੰਗਤਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਕੇਵਲ ਚਾਰ ਮਹੀਨੇ ਪਹਿਲਾਂ ਪ੍ਰਬੰਧ ਸੰਭਾਲਣ ਵਾਲੀ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਅਹਿਮ ਉਪਰਾਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਸੇਧ ਦੇਣ ਲਈ ਦੇਸ਼ ਭਰ ਦੇ ਨਾਮੀ ਵਿਦਿਅਕ ਅਦਾਰਿਆਂ, ਯੁਨਿਵਰਸਟੀਆਂ ‘ਤੇ ਮਾਹਿਰ ਵਲੋਂ ਕੈਂਪਾਂ ਦਾ ਆਯੋਜਨ ਕਰਣਾ, ਸਕੂਲੀ ਅਧਿਆਪਕਾਂ ਲਈ ਟ੍ਰੇਨਿੰਗ ਕੈਂਪ ਲਗਾਉਣਾ, ਸਿੱਖ ਬੱਚਿਆਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਕਾਲਿਜਾਂ ਵਿਚ ਪਹਿਲ ਦੇ ਆਧਾਰ ਤੇ ਦਾਖਿਲਾ ਦੇਣਾ ਤੇ ਦਿੱਲੀ ਸਰਕਾਰ ਵਲੋਂ ਸਿੱਖ ਵਿਦਿਆਰਥੀਆਂ ਨੂੰ ਵਜੀਫੇ ਦਿਵਾਉਣਾ ਸ਼ਾਮਿਲ ਹੈ ਅਤੇ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਲਈ ਯਾਦਗਾਰ ਸਮਾਰਕ ਸਥਾਪਿਤ ਕਰਣ ਤੇ ਪੀੜ੍ਹਤਾਂ ਨੂੰ ਇੰਨਸਾਫ ਦਿਵਾਉਣ ਅਤੇ ਉਨ੍ਹਾਂ ਦੇ ਮੁੜ੍ਹ ਵਸਾਉਣ ਲਈ ਵੀ ਦਿੱਲ ਗੁਰਦੁਆਰਾ ਕਮੇਟੀ ਜੱਦੋਜਹਦ ਕਰ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਵਸ ਰਹੇ ਸਿੱਖਾਂ ਦੇ ਮਸਲੇ ਹਲ ਕਰਣ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾ ਰਹੀ ਹੈ।
ਸ. ਇੰਦਰ ਮੋਹਨ ਸਿੰਘ ਨੇ ਉਤਰਾਖੰਡ ਵਿਚ ਵਾਪਰੇ ਦਰਦਨਾਕ ਕੁਦਰਤੀ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹਾਦਸੇ ਦੇ ਸਿੱਖ ਯਾਤਰੂਆਂ ਤੋਂ ਇਲਾਵਾ ਦੂਜੇ ਧਰਮਾ ਤੇ ਵਰਗਾ ਦੇ ਪੀੜ੍ਹਤਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਕਰਕੇ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ, ਜੋ ਦੇਸ਼ ਦੀ ਸਰਕਾਰਾਂ ਵਲੋਂ ਦਿੱਤੀ ਗਈ ਸਹਾਇਤਾ ਤੋਂ ਕਈ ਗੁਣਾ ਵੱਧ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਥੇ ਪੂਰੇ ਸੰਸਾਰ ਭਰ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਸੰਗਤਾਂ ਵਲੋਂ ਪੁਰੀ ਤਰ੍ਹਾਂ ਨਾਲ ਨਕਾਰੀਆਂ ਅਖੋਤੀ ਪੰਥਕ ਪਾਰਟੀਆਂ ਵਲੋਂ ਆਪਣੇ ਸਿਆਸੀ ਅਕਾਵਾਂ ਦੀ ਚਾਪਲੂਸੀ ਕਰਣ ਲਈ ਗੁਮਰਾਹਕੁੰਨ, ਬੇਬੁਨਿਆਦੀ ਤੇ ਝੂਠੀ ਬਿਆਨਬਾਜ਼ੀ ਕਰਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਦੀ ਹੈ ਤੇ ਇਸ ਨੂੰ ਨਿਭਾਉਣ ਲਈ ਹਮੇਸ਼ਾ ਵਚਨਬੱਧ ਹੈ।
ਸ. ਇੰਦਰ ਮੋਹਨ ਸਿੰਘ ਨੇ ਇਨ੍ਹਾਂ ਅਖੋਤੀ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿਛਲੀਆਂ ਦਿੱਲੀ ਗੁਰਦੁਆਰਾ ਚੋਣਾਂ ਵਿਚ ਸਿੱਖ ਸੰਗਤਾਂ ਵਲੋਂ ਉਨ੍ਹਾਂ ਦੇ ਖਿਲਾਫ ਦਿੱਤੇ ਗਏ ਫਤਵੇ ਨੁੰ ਚੇਤੇ ਰਖਣ ਤੇ ਗੁਮਰਾਹਕੁੰਨ ਤੇ ਝੂਠੀ ਬਿਆਨਬਾਜ਼ੀ ਤੋਂ ਗੁਰੇਜ਼ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸਿੱਖ ਪੰਥ ਤੇ ਮਾਨਵਤਾ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਆਪਣਾ ਯੋਗਦਾਨ ਦੇ ਕੇ ਸੰਗਤਾਂ ਵਿਚ ਆਪਣਾ ਆਧਾਰ ਬਨਾਉਣ ਦੀ ਕੋਸ਼ਿਸ਼ ਕਰਣ।