ਅੰਮ੍ਰਿਤਸਰ:- ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਖੁਦ ਨੇਤਰਹੀਣ (ਸੂਰਮਾ ਸਿੰਘ) ਹਨ ਉਨ੍ਹਾਂ ਨੇ ਨੇਤਰਹੀਣ (ਸੂਰਮੇਂ ਸਿੰਘਾਂ) ਦੇ ਦਰਦ ਨੂੰ ਸਮਝਦਿਆਂ ਗੁਰਬਾਣੀ ਪੜ੍ਹਨ ਲਈ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਭਾਸ਼ਾ ‘ਚ ਲਿੱਪੀ ਅੰਤਰਣ ਕਰਨ ਦਾ ਜੋ ਵੱਡਾ ਉਪਰਾਲਾ ਕੀਤਾ ਹੈ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲੈਕਟ੍ਰੋਨਿਕਸ ਤੇ ਪ੍ਰਿੰਟ ਮੀਡੀਏ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ‘ਚ ਪੰਥਕ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਵੇ ਉਨਾਂ ਦੇ ਮਨਾਂ ਵਿੱਚ ਸਮਾਜ ਲਈ ਕੁਝ ਕਰਨ ਦੀ ਚਾਹਤ ਹੁੰਦੀ ਹੈ। ਬੇ-ਸ਼ੱਕ ਭਾਈ ਗੁਰਮੇਜ ਸਿੰਘ ਨੇਤਰਹੀਣ (ਸੂਰਮੇਂ ਸਿੰਘ) ਹਨ ਪਰ ਇਹਨਾਂ ਵੱਲੋਂ ਸਮੁੱਚੇ ਨੇਤਰਹੀਣ ਸਮਾਜ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੰਮਲ ਬਾਣੀ ਦਾ 18 ਪੋਥੀਆਂ ਦੇ ਰੂਪ ‘ਚ ਜੋ ਬਰੇਲ ਭਾਸ਼ਾ ‘ਚ ਲਿੱਪੀ ਅੰਤਰਣ ਕਰਵਾ ਕੇ ਗੁਰਬਾਣੀ ਪੜ੍ਹਨ ਦੇ ਯੋਗ ਬਣਾਇਆ ਹੈ ਕੋਈ ਛੋਟੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਭਾਈ ਗੁਰਮੇਜ ਸਿੰਘ ਵੱਲੋਂ ਬਰੇਲ ਭਾਸ਼ਾ ‘ਚ ਲਿੱਪੀ ਅੰਤਰਣ ਵਾਲੀਆਂ ਪੋਥੀਆਂ (ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ ਸਿੰਘ ਦੇ ਕੋਲ ਕਮਰਾ ਨੰਬਰ 13 ‘ਚ ਸੁਭਾਏਮਾਨ ਹਨ ਤੇ ਇਹਨਾਂ ਤੋਂ ਭਾਈ ਗੁਰਮੇਜ ਸਿੰਘ ਵੱਲੋਂ ਪਹਿਲੀਵਾਰ ਸਹਿਜ ਪਾਠ ਦੇ ਭੋਗ ਪਾਏ ਗਏ ਹਨ ਜੋ ਖੁਸ਼ੀ ਦੀ ਗੱਲ ਹੈ।
ਭਾਈ ਗੁਰਮੇਜ ਸਿੰਘ ਵੱਲੋਂ ਪਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਸਮੇਂ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਮੇਜ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।