ਅੰਮ੍ਰਿਤਸਰ:- ਬੀਬਾ ਸੰਦੀਪ ਕੌਰ ਸਪੁੱਤਰੀ ਸ. ਬਲਵੀਰ ਸਿੰਘ ਵਾਸੀ ਫਗਵਾੜਾ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਕੇ ਸਖਤ ਜ਼ਖਮੀ ਕਰਨ ਤੇ ਇਲਾਜ ਲਈ ਪਰਿਵਾਰ ਵਲੋਂ ਮਦਦ ਕਰਨ ਦੀ ਅਪੀਲ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 50 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਵਾਨ ਕਰਕੇ ਤੁਰੰਤ ਹਸਪਤਾਲ ਨੂੰ ਭਿਜਵਾਈ। ਬੀਬਾ ਸੰਦੀਪ ਕੌਰ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਰੀੜ ਦੀ ਹੱਡੀ ਫਰੈਕਚਰ ਹੋ ਗਈ ਹੈ। ਜਿਸ ਦਾ ਅਪ੍ਰੇਸ਼ਨ ਕਰਨ ਲਈ ਤਕਰੀਬਨ 2 ਲੱਖ 50 ਹਜ਼ਾਰ ਰੁਪਏ ਖਰਚ ਆਵੇਗਾ।
ਪਰਿਵਾਰ ਦੇ ਦਰਦ ਅਤੇ ਧੀ ਦੇ ਧਨ ਨੂੰ ਸਮਝਦਿਆਂ ਜਥੇ. ਅਵਤਾਰ ਸਿੰਘ ਨੇ ਆਪਣੇ ਨਿੱਜੀ ਸਕੱਤਰ ਸ. ਮਨਜੀਤ ਸਿੰਘ ਨੂੰ ਆਦੇਸ਼ ਕੀਤਾ ਕਿ ਬੀਬਾ ਸੰਦੀਪ ਕੌਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਤੁਰੰਤ ਭੇਜੀ ਜਾਵੇ। ਜਿਸ ‘ਤੇ ਬੀਬਾ ਸੰਦੀਪ ਕੌਰ ਦੀ ਮਾਤਾ ਬੀਬੀ ਗਿਆਨ ਕੌਰ ਤੇ ਭਰਾ ਸ. ਮੱਘਰ ਸਿੰਘ ਨੂੰ ਸ. ਮਨਜੀਤ ਸਿੰਘ ਨਿੱਜੀ ਸਕੱਤਰ ਨੇ ਤੁਰੰਤ ਸ. ਸੁਖਬੀਰ ਸਿੰਘ ਗੁਰਦੁਆਰਾ ਇੰਸਪੈਕਟਰ ਰਾਹੀਂ ਅਪੈਕਸ ਹਸਪਤਾਲ (ਜਲੰਧਰ) ਦੇ ਨਾਮ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ।
ਬੀਬੀ ਗਿਆਨ ਕੌਰ ਤੇ ਸ. ਮੱਘਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਔਖੀ ਘੜੀ ‘ਚ ਬੀਬਾ ਸੰਦੀਪ ਕੌਰ ਦੇ ਇਲਾਜ ਲਈ ਸਭ ਤੋਂ ਪਹਿਲਾਂ ਵੱਡੀ ਮਦਦ ਕਰਕੇ ਸ਼੍ਰੋਮਣੀ ਕਮੇਟੀ ਨੇ ਸਾਡੀ ਬਾਂਹ ਫੜੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਹ ਇਕੋ-ਇੱਕ ਸੰਸਥਾ ਹੈ ਜੋ ਦੁਖ ਦੀ ਘੜੀ ‘ਚ ਸਾਰਿਆਂ ਦਾ ਸਾਥ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਕੌਰ ਦੇ ਅਪ੍ਰੇਸ਼ਨ ਤੋਂ ਬਾਅਦ ਚੱਲਣ ਫਿਰਨ ਲਈ ਘੱਟੋ-ਘੱਟ 3 ਸਾਲ ਦਾ ਸਮਾਂ ਲੱਗੇਗਾ।