ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ; ਫ਼ਤਿਹ ਜੰਗ ਸਿੰਘ ਬਾਜਵਾ ਨੇ ਚੋਣ ਧਾਂਦਲੀਆਂ ਅਤੇ ਪੰਚਾਇਤੀ ਚੋਣਾਂ ਜਿੱਤਣ ਲਈ ਸਰਕਾਰੀ ਮਸ਼ੀਨਰੀ ਦੀ ਰਚ ਕੇ ਦੁਰਵਰਤੋਂ ਕਰਨ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਨੈਤਿਕ ਹਾਰ ਕਰਾਰ ਦਿੱਤਾ ਹੈ।
ਉਹਨਾਂ ਕਿਹਾ ਕਿ ਮੌਜੂਦਾ ਚੋਣਾਂ ਨੇ ਅਕਾਲੀ ਦਲ ਦੀ ਫੁੱਟ ਅਤੇ ਧੜੇਬੰਦੀਆਂ ਨੂੰ ਉਜਾਗਰ ਕੀਤਾ ਹੈ। ਧੱਕੇਸ਼ਾਹੀਆਂ ਤੇ ਧਾਂਦਲੀਆਂ ਦੇ ਚਲਦਿਆਂ ਚੋਣਾਂ ਮਹਿਜ਼ ਖਾਨਾਪੂਰਤੀ ਰਹਿ ਗਈਆਂ ਹਨ। ਉਹਨਾਂ ਸਰਕਾਰ, ਪੁਲੀਸ ਅਤੇ ਅਕਾਲੀਆਂ ਦੀਆਂ ਜ਼ਿਆਦਤੀਆਂ ਦੇ ਬਾਵਜੂਦ ਕਾਂਗਰਸ ਪੱਖੀ ਉਮੀਦਵਾਰਾਂ ਦੀ ਭਾਰੀ ਗਿਣਤੀ ਵਿੱਚ ਜੇਤੂ ਹੋਣ ਅਤੇ ਹਰ ਸਿਆਸੀ ਚੁਨੌਤੀਆਂ ਦਾ ਵਰਕਰਾਂ ਵੱਲੋਂ ਡਟ ਕੇ ਸਾਹਮਣਾ ਕਰਨ ਨੂੰ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਵੱਡੀ ਪ੍ਰਾਪਤੀ ਦੱਸਿਆ ।
ਅੱਜ ਇੱਥੇ ਕੁੱਝ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਵਰਕਰਾਂ ਨੂੰ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਤਰਫ਼ੋਂ ਵਧਾਈ ਦਿੱਤੀ ਤੇ ਪਾਰਟੀ ਵਰਕਰਾਂ ਨੂੰ ਪਿੰਡ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਹੁਣ ਤੋਂ ਹੀ ਲੋਕ ਸਭਾ ਚੋਣਾਂ ਲਈ ਜੁਟ ਜਾਣ ਦਾ ਸਦਾ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਪਿੰਡਾਂ ਦੇ ਵਿਕਾਸ ਲਈ ਐੱਮ ਪੀ ਲੈ¤ਡ ਦੇ ਫੰਡ ਅਤੇ ਕੇਂਦਰੀ ਫੰਡਾਂ ਦਾ ਪ੍ਰਯੋਗ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਕਲ ਹੋਈਆਂ ਚੋਣਾਂ ਦੌਰਾਨ ਜ਼ਿਆਦਤੀਆਂ ਰਾਹੀਂ ਸਤਾ ਧਿਰ ਅਤੇ ਸਰਕਾਰ ਨੇ ਲੋਕਤੰਤਰ ਨੂੰ ਮਧੋਲ਼ਨ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਮਰਥਕਾਂ ਦੀ ਅਕਾਲੀਆਂ ਨਾਲ ਜ਼ਬਰਦਸਤ ਟੱਕਰ ਨੂੰ ਦੇਖਦਿਆਂ ਜੇ ਨਿਰਪੱਖ ਚੋਣਾਂ ਹੁੰਦੀਆਂ ਤਾਂ ਨਤੀਜਾ ਹੈਰਾਨੀ ਜਨਕ ਹੋਣਾ ਸੀ। ਇਸ ਮੌਕੇ ਉਹਨਾਂ ਕਿਸ਼ਨ ਕੋਟ, ਪਿੰਡ ਪੱਤੀ ਟਾਂਡਾ, ਨਵੀਆਂ ਬਾਗੜੀਆਂ, ਭੈਣੀ ਮੀਏਂ ਖਾਂ, ਕਿਸ਼ਨ ਪਤੀ ਕਾਹਲਵਾਂ, ਨਾਨੋਵਾਲ, ਸਲਾਹਪੁਰ, ਪੰਡੋਰੀ, ਭੈਣੀ ਕਾਣੇ, ਰਣੀਆਂ, ਡਡਵਾਂ, ਸੂਚ, ਬੇਰੀ, ਭੈਣੀ ਖਾਦਰ, ਚੀਮਾ ਕਲਾਂ, ਭਾਮ ਆਦਿ ਪਿੰਡਾਂ ਦੇ ਜੇਤੂ ਸਰਪੰਚ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।