ਫਤਹਿਗੜ੍ਹ ਸਾਹਿਬ – “ਸੱਚ ਨੂੰ ਕੋਈ ਵੀ ਵੱਡੀ ਤੋ ਵੱਡੀ ਤਾਕਤ ਜਾਂ ਸਾਜਿਸ਼ ਨਹੀਂ ਦਬਾਅ ਸਕਦੀ । ਕੁਝ ਸਮੇਂ ਲਈ ਅਪਰਾਧਿਕ ਸੋਚ ਵਾਲੇ ਲੋਕ ਬੇਸ਼ੱਕ ਸੱਚ ਨੂੰ ਛੁਪਾਉਣ ਲਈ ਕਾਮਯਾਬ ਹੋ ਜਾਣ, ਪਰ ਸੱਚ ਦੇ ਸੂਰਜ ਨੇ ਤਾਂ ਆਖਿਰ ਰੋਸਨਾਉਣਾ ਹੁੰਦਾ ਹੈ । ਗੁਜਰਾਤ ਦੀ ਇਕ ਮੁਸਲਿਮ ਵਿਦਿਆਰਥਣ ਇਸਰਤ ਜਹਾ ਨੂੰ 2004 ਵਿਚ ਨਰਿੰਦਰ ਮੋਦੀ ਨੇ ਆਪਣੇ ਪੁਲਿਸ ਅਧਿਕਾਰੀਆਂ ਕੋਲੋ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਬਣਾਕੇ ਮਾਰ ਦਿੱਤਾ ਸੀ । ਪਰ ਸੀ.ਬੀ.ਆਈ. ਵੱਲੋਂ ਆਈ ਰਿਪੋਰਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬੀਬੀ ਇਸਰਤ ਜਹਾ ਨਾ ਤਾ ਅੱਤਵਾਦੀ ਸੀ ਅਤੇ ਨਾ ਹੀ ਉਸਦਾ ਕੋਈ ਹੋਰ ਜੁਰਮ ਸੀ । ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੇ ਤਿੰਨ ਮੁਸਲਿਮ ਨੌਜ਼ਵਾਨਾਂ ਅਤੇ ਇਸਰਤ ਜਹਾ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਕੋਲ ਹਥਿਆਰ ਰੱਖਕੇ ਪੁਲਿਸ ਮੁਕਾਬਲਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਅਜਿਹੇ ਅਮਲ ਖੁਫੀਆਂ ਏਜੰਸੀਆਂ ਅਤੇ ਪੁਲਿਸ ਵੱਲੋਂ ਕਰਨੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾਂ ਹੈ । ਲੇਕਿਨ ਇਸਰਤ ਜਹਾ ਕਤਲ ਕੇਸ ਵਿਚੋਂ ਮੁੱਖ ਦੋਸ਼ੀਆਂ ਨਰਿੰਦਰ ਮੋਦੀ, ਅੰਮਿਤ ਸਾਹ ਅਤੇ ਇਕ ਆਈ.ਬੀ. ਦੇ ਅਫ਼ਸਰ ਜਿਨ੍ਹਾਂ ਨੇ ਇਹ ਵੱਡਾ ਪਾਪ ਕੀਤਾ ਸੀ, ਉਹਨਾਂ ਨੂੰ ਇਸ ਕੇਸ ਵਿਚੋਂ ਕੱਢ ਦੇਣ ਦਾ ਵਰਤਾਰਾ ਸੀ.ਬੀ.ਆਈ. ਦੀ ਰਿਪੋਰਟ ਨੂੰ ਸੱਕੀ ਬਣਾਉਣਾ ਹੈ । ਜਦੋਕਿ ਇਹ ਤਿੰਨੋ ਨਾਮ ਇਸ ਕਤਲ ਕੇਸ ਵਿਚ ਸਭ ਤੋ ਉਪਰ ਹੋਣੇ ਚਾਹੀਦੇ ਸਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸਰਤ ਜਹਾ ਕੇਸ ਵਿਚ ਸੀ.ਬੀ.ਆਈ. ਦੀ ਆਈ ਰਿਪੋਰਟ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੀਜੇਪੀ ਅਤੇ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੁਸਲਮਾਨਾਂ ਦਾ ਯੋਜਨਾਬੰਧ ਢੰਗ ਨਾਲ ਕਤਲੇਆਮ ਕਰਵਾਇਆ, ਦਿੱਲੀ ਵਿਖੇ ਸਿੱਖਾਂ ਦੇ ਕਤਲ ਕਰਵਾਏ, ਉੜੀਸਾ ਵਿਚ ਇਸਾਈਆਂ ਦੇ ਕਤਲੇਆਮ ਕਰਵਾਇਆ, ਮੁਸਲਿਮ ਕੌਮ ਦੀ ਬਾਬਰੀ ਮਸਜਿ਼ਦ ਅਤੇ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰਵਾਏ ਲੇਕਿਨ ਇਥੋ ਦੀ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਹੁਕਮਰਾਨ ਅਜਿਹੀਆਂ ਅਣਮਨੁੱਖੀ, ਗੈਰਕਾਨੂੰਨੀ ਕਾਰਵਾਈਆਂ ਕਰਨ ਵਾਲੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਬਜਾਇ ਉਹਨਾਂ ਦੀ ਸਰਪ੍ਰਸਤੀ ਕਰਨ ਅਤੇ ਕਾਨੂੰਨ ਦੀ ਮਾਰ ਤੋ ਬਚਾਉਣ ਲਈ ਹਰ ਹੀਲਾ ਵਰਤਦੇ ਆ ਰਹੇ ਹਨ । ਜੋ ਕਿ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਹੋਰ ਵੀ ਬਹੁਤ ਵੱਡੀ ਬੇਇਨਸਾਫੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਮੁਲਕਾਂ ਦੀ ਜਥੇਬੰਦੀ ਯੂ.ਐਨ.ਓ ਅਤੇ ਅਮਰੀਕਾ ਵਰਗੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਵੱਡੇ ਮੁਲਕਾਂ ਨੂੰ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਉਹ ਕੌਮਾਂਤਰੀ ਕਾਨੂੰਨਾਂ ਅਨੁਸਾਰ “ਦਾ ਕੋਰਟ ਆਫ਼ ਹੇਗ” ਵਰਗੀ ਕੌਮਾਂਤਰੀ ਅਦਾਲਤ ਅੱਗੇ ਇਹਨਾਂ ਕਾਤਲਾਂ ਨੂੰ ਅਦਾਲਤ ਅੱਗੇ ਪੇਸ਼ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾ ਦਿਵਾਉਣ ਦਾ ਪ੍ਰਬੰਧ ਕਰਨ ਅਤੇ ਹਿੰਦ ਵਿਚ ਵੱਸਣ ਵਾਲੀਆਂ ਮੁਸਲਿਮ, ਸਿੱਖ ਅਤੇ ਇਸਾਈ ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਦਿਵਾਉਣ । ਉਹਨਾਂ ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨ ਰਾਈਟਸ ਅਤੇ ਇਨਸਾਫ਼ ਪਸੰਦ ਕੌਮਾਂਤਰੀ ਸਖਸ਼ੀਅਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੁਸਲਿਮ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਅੱਗੇ ਆ ਕੇ ਆਪਣੇ ਇਨਸਾਨੀ ਫਰਜਾ ਦੀ ਪੂਰਤੀ ਕਰਨ ।