ਕਾਇਰਾ- ਮਿਸਰ ਵਿੱਚ ਸੈਨਾ ਨੇ ਸੰਵਿਧਾਨ ਭੰਗ ਕਰਦੇ ਹੋਏ ਰਾਸ਼ਟਰਪਤੀ ਮੋਰਸੀ ਦਾ ਤਖਤਾ ਪਲਟ ਦਿੱਤਾ ਹੈ। ਦੇਸ਼ ਦੇ ਮੁੱਖ ਜੱਜ ਨੂੰ ਅੰਤਰਿਮ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ। ਸੈਨਾ ਨੇ ਮੋਰਸੀ ਸਮੇਤ ਬਰਦਰਹੁੱਡ ਦੇ ਕਈ ਹੋਰ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਮੋਰਸੀ ਅਤੇ ਉਸ ਦੇ ਸਾਥੀਆਂ ਨੂੰ ਕਾਇਰਾ ਦੇ ਇੱਕ ਸੈਨਿਕ ਅੱਡੇ ਤੇ ਨਜ਼ਰਬੰਦ ਰੱਖਿਆ ਗਿਆ ਹੈ।
ਮੋਰਸੀ ਦੇ ਖਿਲਾਫ਼ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਦਾ ਦੌਰ ਜਾਰੀ ਸੀ। ਸੈਨਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਮੋਰਸੀ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।ਸੈਨਾ ਦੀ ਇਸ ਕਾਰਵਾਈ ਨਾਲ ਰਾਸ਼ਟਰਪਤੀ ਮੋਰਸੀ ਦੇ ਵਿਰੋਧੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਸੈਨਾ ਨੇ ਮੋਰਸੀ ਸਮੇਤ ਉਸ ਦੇ ਸਹਿਯੋਗੀਆਂ ਨੂੰ ਸਖਤ ਪ੍ਰਬੰਧਾਂ ਹੇਠ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਸੈਨਾ ਦੇ ਕਮਾਂਡਰ ਇਨ ਚੀਫ਼ ਅਬਦਿਲ ਫਤੇਹ ਨੇ ਟੀਵੀ ਤੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਉਹ ਹੁਣ ਦੇਸ਼ ਦੇ ਰਾਸ਼ਟਰਪਤੀ ਨਹੀਂ ਰਹੇ ਅਤੇ ਉਨ੍ਹਾਂ ਦੀ ਜਗ੍ਹਾ ਮੁੱਖ ਜੱਜ ਅਦਲੀ ਮਨਸੂਰ ਦੇਸ਼ ਦੇ ਨਵੇਂ ਮੁੱਖੀ ਹੋਣਗੇ।
ਮਿਸਰ ਦੀ ਸੈਨਾ ਵਲੋਂ ਉਠਾਏ ਗਏ ਇਸ ਕਦਮ ਦੀ ਸੰਯੁਕਤ ਰਾਸ਼ਟਰ, ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਨੇ ਅਲੋਚਨਾ ਨਹੀਂ ਕੀਤੀ ਅਤੇ ਨਾਂ ਹੀ ਕਿਸੇ ਪਾਸਿਓ ਇਸ ਦਾ ਵਿਰੋਧ ਹੋਇਆ ਹੈ। ਮੋਰਸੀ ਨੂੰ ਹਟਾਉਣ ਲਈ ਪਿੱਛਲੇ ਕੁਝ ਸਮੇਂ ਤੋਂ ਤਹਿਰੀਰ ਚੌਂਕ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।ਤਾਨਾਸ਼ਾਹ ਹੋਸਨੀ ਮੁਬਾਰਕ ਨੂੰ ਹਟਾਉਣ ਦੇ ਅੰਦੋਲਨ ਤੋਂ ਬਾਅਦ ਇਸ ਨੂੰ ‘ਦੂਸਰੀ ਕਰਾਂਤੀ’ ਕਿਹਾ ਜਾ ਰਿਹਾ ਹੈ।