ਸੈਨਫਰਾਂਸਿਸਕੋ- ਸੀਓਲ ਤੋਂ ਆ ਰਹੀ ਏਸ਼ੀਆਨਾ ਏਅਰਲਾਈਨਜ਼ ਦੀ ਫਲਾਈਟ 214 ਸ਼ਨਿਚਰਵਾਰ ਨੂੰ ਸਵੇਰੇ 11:30 ਵਜੇ ਸੈਨਫਰਾਂਸਿਸਕੋ ਏਅਰ ਪੋਰਟ ਤੇ ਲੈਂਡ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ।ਸੁਰੱਖਿਆ ਦਸਤਿਆਂ ਨੇ ਯਾਤਰੀਆਂ ਨੂੰ ਐਮਰਜੰਸੀ ਗੇਟਾਂ ਦੁਆਰਾ ਸੁਰੱਖਿਅਤ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਵੀ ਇਸ ਹਾਦਸੇ ਵਿੱਚ 2 ਲੋਕਾਂ ਦੇ ਮਾਰੇ ਜਾਣ ਅਤੇ 73 ਤੋਂ ਵੱਧ ਦੇ ਜਖਮੀ ਹੋਣ ਦੀ ਖਬਰ ਹੈ।
ਇਸ ਫਲਾਈਟ ਵਿੱਚ 291 ਯਾਤਰੀ ਅਤੇ 16 ਸਟਾਫ਼ ਮੈਂਬਰ ਸਨ। ਇਨ੍ਹਾਂ ਵਿੱਚ 141 ਚਾਈਨੀਜ਼, 77 ਸਾਊਥ ਕੋਰੀਅਨਜ਼ ਅਤੇ 61 ਅਮਰੀਕਨ ਨਾਗਰਿਕ ਸਨ। ਜਖਮੀਆਂ ਨੂੰ ਜਨਰਲ ਹਸਪਤਾਲ ਪਹੁੰਚਾਇਆ ਗਿਆ ਹੈ। ਜਖਮੀਆਂ ਵਿੱਚੋਂ 10 ਦੀ ਹਾਲਤ ਜਿਆਦਾ ਸੀਰੀਅਸ ਹੈ। ਇਨ੍ਹਾਂ ਵਿੱਚ ਦੋ ਬੱਚੇ ਵੀ ਹਨ।ਇਸ ਹਾਦਸੇ ਤੋਂ ਬਾਅਦ ਏਅਰਪੋਰਟ ਤੇ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬੋਇੰਗ 777 ਦੇ ਕਰੈਸ਼ ਹੋਣ ਨਾਲ ਪਲੇਨ ਨੂੰ ਅੱਗ ਲਗਣ ਕਰਕੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਵਿਖਾਈ ਦੇ ਰਿਹਾ ਸੀ ਅਤੇ ਜਹਾਜ਼ ਬੁਰੀ ਤਰ੍ਹਾਂ ਡੈਮਜ਼ ਹੋਇਆ ਹੈ।