ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗਰੈਜੂਏਸ਼ਨ ਨੀਤੀ ‘ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਫੈਸਲਾ ਪੰਜਾਬੀ ਭਾਸ਼ਾ ਵਿਰੁੱਧ ਇੱਕ ਡੂੰਘੀ ਸਾਜਿਸ਼ ਹੈ ਤੇ ਇਸ ਵਿੱਚੋਂ ਫਿਰਕਾ ਪ੍ਰਸਤੀ ਦੀ ਬੋ ਆਉਂਦੀ ਹੈ। ਦਫਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਦੱਸਿਆ ਕਿ ਇਹ ਪੰਜਾਬੀ ਅਤੇ ਪੰਜਾਬੀਅਤ ਨਾਲ ਇੱਕ ਬਹੁਤ ਵੱਡਾ ਧੱਕਾ ਹੈ ਤੇ ਪੰਜਾਬੀਆਂ ਨਾਲ ਆਪਣੇ ਹੀ ਦੇਸ਼ ਵਿੱਚ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਇਸ ਲਈ ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਵਿਰੁਧ ਕੀਤਾ ਫੈਂਸਲਾ ਤੁਰੰਤ ਵਾਪਸ ਲਵੇ। ਉਨ੍ਹਾਂ ਕਿਹਾ ਕਿ ਕੋਈ ਵੀ ਬੋਲੀ ਜਾਂ ਭਾਸ਼ਾ ਕਦੇ ਨਹੀਂ ਮਰਦੀ ਬਲਕਿ ਫਿਰਕਾ ਪ੍ਰਸਤੀ ਦੀ ਆੜ ਹੇਠ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਤਕਨੀਕੀ ਯੁੱਗ ਦੀਆਂ ਲੋੜਾਂ ਬੇਸ਼ੱਕ ਵੱਖਰੀਆਂ ਹਨ ਤੇ ਉਨ੍ਹਾਂ ਨੂੰ ਵਿਗਿਆਨਕ ਲੀਹਾਂ ਤੇ ਤੋਰੇ ਜਾਣ ਦੀ ਲੋੜ ਵੀ ਹੈ ਪਰ ਇਹ ਤਾਂ ਘੋਰ ਨਿਰਾਦਰੀ ਵਾਲਾ ਵਤੀਰਾ ਹੈ ਕਿ ਕਿੱਤਾ ਮੁੱਖੀ ਲੋੜਾਂ ਦੇ ਹਾਣ ਦੀ ਨਾ ਹੋਣ ਦੀ ਆੜ ਵਿੱਚ ਕਰੋੜਾਂ ਲੋਕਾਂ ਦੀ ਬੋਲੀ ਤੇ ਭਾਸ਼ਾ ਨੂੰ ਉਸ ਦੇ ਆਰੰਭਿਕ ਗਿਆਨ ਤੇ ਜਨ-ਜੀਵਨ ‘ਚੋਂ ਹੀ ਖਾਰਜ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਵਿਗਿਆਨਕ ਲੀਹਾਂ ਤੇ ਤੁਰਦੇ ਰਹਿਣਾ ਬੇਸ਼ੱਕ ਵਿਸ਼ਵ ਵਰਤਾਰੇ ਦੇ ਮੰਚ ਦਾ ਹੋਣਾ ਜ਼ਰੂਰੀ ਹੈ ਪਰ ਇਸ ਦੇ ਉਹਲੇ ਵਿੱਚ ਵਿੱਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਤੇ ਭਾਸ਼ਾ ਤੋਂ ਹੀ ਵਿਰਵਿਆਂ ਕਰ ਦੇਣਾ ਸਰਾਸਰ ਧੱਕੇਸ਼ਾਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਮੁਲਕ ਵਿੱਚ ਅਨੇਕਾ ਭਾਸ਼ਾਵਾਂ ਆਪਣੀ-ਆਪਣੀ ਭੂਮਿਕਾ ਨਿਭਾਅ ਰਹੀਆਂ ਹਨ ਤੇ ਉਨ੍ਹਾਂ ਨੂੰ ਬੋਲਣ ਤੇ ਪੜ੍ਹਨ ਵਾਲੇ ਵੀ ਉਸ ਦੀ ਸਦੀਵਤਾ ਦੇ ਅਭਿਲਾਖੀ ਹਨ। ਕੋਈ ਵੀ ਬੋਲੀ ਜਾਂ ਭਾਸ਼ਾ ਕੁਝ ਬੋਲਾਂ ਦੇ ਅੱਖਰਾਂ ਦਾ ਮਿਸ਼ਰਣ ਨਹੀਂ ਹੁੰਦੀ। ਇਸ ਦੇ ਨਾਲ ਇੱਕ ਪੂਰੀ ਸੱਭਿਅਤਾ ਜੁੜੀ ਹੁੰਦੀ ਹੈ। ਉਨ੍ਹਾਂ ਸਖਤ ਨਰਾਜ਼ਗੀ ਜਿਤਾਉਂਦੇ ਹੋਏ ਕਿਹਾ ਕਿ ਪਹਿਲਾਂ ਤਾਂ ਬੋਲੀਆਂ ਤੇ ਭਾਸ਼ਾਵਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਕੋਝਾ ਕਾਰਾ ਰਾਜ ਸਰਕਾਰਾਂ ਕਰਦੀਆਂ ਰਹੀਆਂ ਹਨ ਤੇ ਹੁਣ ਕੇਂਦਰ ਸਰਕਾਰ ਦੀ ਵਿੱਦਿਅਕ ਨੀਤੀ ਵੀ ਕਈ ਹੋਰ ਭਾਸ਼ਾਵਾਂ ਨੂੰ ਮਾਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਨ ਦੇ ਰਾਹ ਤੇ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋ ਲਏ ਗਏ ਪੰਜਾਬੀ ਵਿਰੋਧੀ ਫੈਸਲੇ ਨੇ ਹਰ ਪੰਜਾਬੀ ਨੂੰ ਦੁੱਖੀ ਤੇ ਬੇਚੈਨ ਕੀਤਾ ਹੈ ਤੇ ਦੁੱਖ ਉਂਦੋ ਹੋਰ ਵੱਧ ਜਾਂਦਾ ਹੈ ਜਦੋਂ ਕਿ ਦਿੱਲੀ ਵਿੱਚ ਪੰਜਾਬੀਆਂ ਦੀ ਗਿਣਤੀ ਲੱਖਾਂ ‘ਚ ਹੋਵੇ ਤੇ ਪੰਜਾਬੀ ਬੋਲਣ ਤੇ ਸਮਝਣ ਵਾਲੇ ਲੱਖਾਂ ਦੀ ਗਿਣਤੀ ‘ਚ ਹੋਣ ਤੇ ਦਿੱਲੀ ਵਿੱਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜ਼ਾ ਵੀ ਹਾਸਲ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਉੱਚ ਵਿਦਿਆ ਅਦਾਰਿਆਂ ‘ਚੋਂ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਉੱਚੇ ਵਿਦਿਅਕ ਕੋਰਸਾਂ ਵਿੱਚੋਂ ਖਾਰਜ ਕਰ ਦੇਣ ਦੇ ਮਨਸੂਬੇ ਅਤਿ ਨਿੰਦਣਯੋਗ ਹਨ ਤੇ ਦਿੱਲੀ ਯੂਨੀਵਰਸਿਟੀ ਦੀ ਦੋਗਲੀ ਵਿਦਿਅਕ ਨੀਤੀ ਨੂੰ ਬੇਪਰਦ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਤੇ ਭਾਸ਼ਾ ਕਿਸੇ ਵਰਗ/ਫਿਰਕੇ ਤੇ ਜਮਾਤ ਲਈ ਰਾਖਵੀਂ ਨਹੀਂ ਹੈ। ਦਿੱਲੀ ਵਿੱਚ ਪੰਜਾਬੀ ਬੋਲਣ ਵਾਲਾ ਹਰ ਸਖਸ਼ ਆਪਣੇ ਆਪ ਵਿੱਚ ਇੱਕ ਸੱਭਿਅਕ ਹੈ। ਜਥੇਦਾਰ ਅਵਤਾਰ ਸਿੰਘ ਵੱਲੋਂ ਇਸ ਸਬੰਧੀ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਅਤੇ ਉੱਪ-ਰਾਸ਼ਟਰਪਤੀ ਹਾਮਿਦ ਅਲੀ ਅਨਸਾਰੀ ਤੋਂ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਮਿਲਣ ਵਾਸਤੇ ਸਮਾਂ ਮੰਗਿਆਂ ਹੈ ਤਾਂ ਜੋ ਪੰਜਾਬੀਆਂ ਨਾਲ ਕੀਤੇ ਗਏ ਇਸ ਕੋਝੇ ਮਜਾਕ ਅਤੇ ਮਤਰੇਈ ਮਾਂ ਵਾਲੇ ਸਲੂਕ ਤੋਂ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਹਰ ਪੰਜਾਬੀ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਹ ਹਰ ਸਖਸ਼ ਜੋ ਆਪਣੇ ਆਪ ਨੂੰ ਪੰਜਾਬੀ ਕਹਾਉਦਾਂ ਹੈ ਤੇ ਉਸ ਨੂੰ ਪੰਜਾਬੀ ਹੋਣ ਤੇ ਮਾਣ ਹੈ ਲਾਮਬੰਦ ਹੋਵੇ ਤੇ ਪੰਜਾਬੀਆਂ ਨਾਲ ਕੀਤੇ ਗਏ ਇਸ ਵਿਤਕਰੇ ਵਿਰੁੱਧ ਇਕਜੁੱਟ ਹੋ ਕੇ ਅਵਾਜ ਉਠਾਏ।