ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਰਤਾਨੀਆ ਦੀ ਹਾਈਕੋਰਟ ਵਲੋਂ ਐਬਰੇਡੇਅਰ ਗਰਲਜ਼ ਸਕੂਲ ਵੇਲਜ਼ ਦੀ ਸਿੱਖ ਵਿਦਿਆਰਥਣ ਸਾਰਿਕਾ ਵਾਟਕਿਨਜ਼ ਸਿੰਘ ਦੇ ਹੱਕ ਵਿਚ ਦਿੱਤੇ ਗਏ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਹਾਈ ਕੋਰਟ ਦੇ ਇਸ ਫੈਸਲੇ ਦੀ ਪੁਰਜ਼ੋਰ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ। ਉਨ੍ਹਾਂ ਨੇ ਇਸ ਸਿੱਖ ਵਿਦਿਆਰਥਣ ਸਾਰਿਕਾ ਵਾਟਕਿਨਜ਼ ਸਿੰਘ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਹੋਈ ਦਾਤ ‘ਕੜਾ’ ਦੇ ਹੱਕ ਵਿਚ ਕੋਰਟ ਦਾ ਦਰਵਾਜ਼ਾ ਖੜਕਾ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ। ਸਿੱਖ ਕੌਮ ਵਿਚ ਕੜਾ ਪਹਿਨਣਾ ਹਰ ਇਕ ਸਿੱਖ ਦਾ ਮੌਲਿਕ ਅਧਿਕਾਰ ਹੈ। ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਸੰਸਥਾ ‘ਲਿਬਰਟੀ’ ਵੀ ਵਧਾਈ ਦੀ ਪਾਤਰ ਹੈ ਜਿਸ ਨੇ ਸਕੂਲੀ ਲੜਕੀ ਨਾਲ ਨਸਲੀ ਭੇਦ-ਭਾਵ ਦਾ ਮਾਮਲਾ ਅਦਾਲਤ ਵਿਚ ਪੇਸ਼ ਕਰਕੇ ਇਕੱਲੀ ਇਸ ਸਿੱਖ ਵਿਦਿਆਰਥਣ ਨੂੰ ਹੀ ਨਹੀਂ ਬਲਕਿ ਪੂਰੀ ਸਿੱਖ ਕੌਮ ਅਤੇ ਪੰਥ ਦੀ ਇੱਜ਼ਤ-ਮਾਣ ਵਿਚ ਵਾਧਾ ਕੀਤਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਬਰਤਾਨੀਆ ਦੀ ਹਾਈਕੋਰਟ ਨੇ ਐਬਰੇਡੇਅਰ ਗਰਲਜ਼ ਸਕੂਲ ਵੇਲਜ਼ ਨੂੰ 2 ਲੱਖ ਪੌਂਡ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਹਨ, ਕਿਉਂਕਿ ਉਕਤ ਸਕੂਲ ਨੇ ਇਸ ਸਿੱਖ ਵਿਦਿਆਰਥਣ ਨੂੰ ਕੜਾ ਪਹਿਨਣ ਤੋਂ ਰੋਕਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ਵੀਕਰਣ ਦੇ ਦੌਰ ਵਿਚ ਨਸਲੀ ਭੇਦ-ਭਾਵ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕੇਵਲ ਰਾਸ਼ਟਰੀ ਪੱਧਰ ’ਤੇ ਹੀ ਨਹੀਂ ਅੰਤਰ ਰਾਸ਼ਟਰੀ ਪੱਧਰ ਉਪਰ ਵੀ ਕਈ ਅਹਿਮ ਪ੍ਰਾਪਤੀਆਂ ਕਰਕੇ ਆਪਣੀ ਵੱਖਰੀ ਪਹਿਚਾਣ ਦਾ ਸਬੂਤ ਦੇ ਚੁੱਕੀ ਹੈ। ਸਿੱਖ ਕੌਮ ਦੇ ਵਿਸ਼ਵ ਯੁੱਧ ਵਿਚ ਆਪਣੀ ਸੂਰਬੀਰਤਾ ਦਿਖਾ ਕੇ ਪੂਰੀ ਦੁਨੀਆ ਨੂੰ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਰਤਾਨੀਆ ਹਾਈ ਕੋਰਟ ਦੇ ਇਸ ਫੈਸਲੇ ਤੋਂ ਸੇਧ ਲੈਂਦੇ ਹੋਏ ਫਰਾਂਸ ਜਿਹੇ ਦੇਸ਼ ਨੂੰ ਦਸਤਾਰ ’ਤੇ ਲਗਾਈ ਗਈ ਪਾਬੰਦੀ ਤੁਰੰਤ ਖਤਮ ਕਰਨੀ ਚਾਹੀਦੀ ਹੈ, ਤਾਂ ਜੋ ਸਮੁੱਚੇ ਸੰਸਾਰ ਵਿਚੋਂ ਭੇਦ-ਭਾਵ ਅਤੇ ਵਿਤਕਰਾ ਖਤਮ ਹੋ ਸਕੇ।