ਅੰਮ੍ਰਿਤਸਰ:- ਪਿਛਲੇ ਦਿਨੀਂ ਉੱਤਰਾਖੰਡ ਸੂਬੇ ‘ਚ ਆਈ ਕੁਦਰਤੀ ਆਫਤ ਹੜ੍ਹਾਂ ਨਾਲ ਸੂਬੇ ‘ਚ ਵੱਡੇ ਪੱਧਰ ਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਸਮੀਖਿਆ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਕਰਨੈਲ ਸਿੰਘ ਪੰਜੋਲੀ, ਸ.ਨਿਰਮੈਲ ਸਿੰਘ ਜੌਲਾਂ ਸਾਰੇ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਤੇ ਅਧਾਰਿਤ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਤੇ ਕਮੇਟੀ ਦੇ ਕੋਆਰਡੀਨੇਟਰ ਸ.ਬਲਵਿੰਦਰ ਸਿੰਘ ਜੌੜਾ ਐਡੀ:ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈੱਸ ਰਲੀਜ਼ ‘ਚ ਜਾਣਕਾਰੀ ਦੇਂਦਿਆਂ ਸ.ਤਰਲੋਚਨ ਸਿੰਘ ਸਕੱਤਰ ਨੇ ਦੱਸਿਆ ਕਿ ਉੱਤਰਾਖੰਡ ਸੂਬੇ ‘ਚ ਆਏ ਹੜ੍ਹਾਂ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਆਦੇਸ਼ ਕਰਕੇ ਸੂਬੇ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀਂਦ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਤਾਨ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਆਦਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਤੋਂ ਵੱਡੇ ਪੱਧਰ ਤੇ ਹਰ ਪ੍ਰਕਾਰ ਦਾ ਰਾਸ਼ਨ-ਲੰਗਰ ਭੇਜਿਆ ਗਿਆ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਅੰਮ੍ਰਿਤਸਰ ਤੋਂ ਸੁਵਿਧਾ ਭਰਪੂਰ ਐਂਬੂਲੈਂਸ ਤੇ ਵੱਡੀ ਮਾਤਰਾ ‘ਚ ਦਵਾਈਆਂ ਸਮੇਤ ਰਾਹਤ ਕਾਰਜਾਂ ਲਈ ਡਾਕਟਰੀ ਟੀਮ ਭੇਜੀ ਗਈ ਸੀ, ਜਿਨ੍ਹਾਂ ਨੇ ਤਕਰੀਬਨ 10 ਦਿਨਾਂ ਤੋਂ ਵੱਧ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ। ਇਸ ਤੋਂ ਇਲਾਵਾ ਭਾਰਤੀ ਫੌਜ ਨੂੰ ਲੰਗਰ ਤਿਆਰ ਕਰਕੇ ਪੈਕਟਾਂ ਦੇ ਰੂਪ ‘ਚ ਦਿੱਤਾ ਤਾਂ ਜੋ ਦੂਰ-ਦੁਰਾਡੇ ਤੀਕ ਹੈਲੀਕਾਪਟਰਾਂ ਰਾਹੀਂ ਹੜ੍ਹਾਂ ‘ਚ ਫਸੇ ਲੋਕਾਂ ਤੀਕ ਰਾਹਤ ਪਹੁੰਚਾਈ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਵੱਲੋਂ ਗਠਿਤ ਕਮੇਟੀ ਜਲਦੀ ਹੀ ਅਗਲਾ ਕਾਰਜ ਅਰੰਭੇਗੀ ਤੇ ਉੱਤਰਾਖੰਡ ‘ਚ ਹੋਏ ਜਾਨੀ-ਮਾਲੀ ਨੁਕਸਾਨ ਦੀ ਜਾਇਜਾ ਰੀਪੋਰਟ ਪ੍ਰਧਾਨ ਸਾਹਿਬ ਨੂੰ ਸੌਂਪੇਗੀ।