ਚੰਡੀਗੜ੍ਹ – ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਮਰੀਜਾਂ ਦੇ ਗੋਡੇ ਬਦਲਣ ਦੀ ਤਕਨੀਕ ਤਾਂ ਭਾਰਤ ਵਿਚ ਕਾਫੀ ਸਮੇ ਤੋਂ ਆ ਚੁੱਕੀ ਹੈ, ਪਰ ਇਸ ਵਿਚ ਨਵੀਂ ਕ੍ਰਾਂਤੀ ਗੋਡਾ ਬਦਲਣ ਦੇ ਮਾਹਿਰ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਿਦੇਸ਼ਾ ਤੋਂ ਲਿਆਂਦੀ ਗਈ ਇਸ ਤਕਨੀਕ ਨਾਲ ਆਈ ਹੈ, ਜਿਸ ਤਹਿਤ ਪੂਰਾ ਗੋਡਾ ਨਹੀਂ ਬਦਲਿਆ ਜਾਂਦਾ, ਬਲਕਿ ਗੋਡੇ ਦੇ ਖਰਾਬ ਹਿੱਸੇ ਨੂੰ ਹੀ ਬਦਲਿਆ ਜਾਂਦਾ ਹੈ, ਜਿਸਦਾ ਮਰੀਜ ਨੂੰ ਇਹ ਲਾਭ ਹੁੰਦਾ ਹੈ ਕਿ ਗੋਡੇ ਦੀਆਂ ਅਸਲੀ ਮਾਂਸਪੇਸ਼ਿਆਂ ਜਿਉਂ ਦੀਆਂ ਤਿਉਂ ਰਹਿੰਦਿਆਂ ਹਨ, ਸਿਰਫ ਖਰਾਬ ਹੋਈ ਹੱਡੀ ਦੇ ਹਿੱਸੇ ਨੂੰ ਹੀ ਬਦਲਿਆ ਜਾਂਦਾ ਹੈ, ਜਿਸ ਉਪਰੰਤ ਮਰੀਜ ਨਾ ਸਿਰਫ ਪੈਰਾ ਭਾਰ ਬੈਠ ਕੇ ਸਾਰੇ ਕੰਮ ਕਰ ਸਕਦਾ ਹੈ, ਬਲਕਿ ਚੌਂਕੜੀ ਮਾਰਨ ਵਿਚ ਵੀ ਕੋਈ ਦਿੱਕਤ ਨਹੀਂ ਆਉਂਦੀ।
ਟ੍ਰਾਈਸਿਟੀ ਵਿਚ ਇਸ ਨਵੀਂ ਤਕਨੀਕ ਨੂੰ ਲਿਆਉਣ ਵਾਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਹੱਡਿਆਂ ਦੇ ਅਤੇ ਜੋੜ ਬਦਲਣ ਦੇ ਵਿਭਾਗ ਦੇ ਨਿਰਦੇਸ਼ਕ ਡਾ. ਹਰਸਿਮਰਨ ਸਿੰਘ ਨੇ ਆਪਣੀ ਇਸ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੀਂ ਤਕਨੀਕ ਤਹਿਤ ਗੋਡੇ ਦੀ ਕੰਪਿਉਟਰ ਤਕਨੀਕ ਨਾਲ ਥ੍ਰੀ-ਡੀ ਫੋਟੋਗ੍ਰਾਫੀ ਕਰਨ ਉਪਰੰਤ ਖਰਾਬ ਹਿੱਸੇ ਦੀ ਮਾਇਕ੍ਰੋ ਯੰਤਰਾਂ ਨਾਲ ਮਿਣਤੀ ਕੀਤੀ ਜਾਂਦੀ ਹੈ ਅਤੇ ਫਿਰ ਉਸੇ ਅਨੁਸਾਰ ਖਰਾਬ ਹੋਏ ਟਿਸ਼ੂਆਂ ਨੂੰ ਬਦਲਿਆ ਜਾਂਦਾ ਹੈ ਅਤੇ ਉਸੇ ਦੇ ਅਧਾਰ ’ਤੇ ਗੋਡੇ ਦਾ ਜੋੜ ਤਿਆਰ ਕਰਕੇ ਉਸਨੂੰ ਖਰਾਬ ਜੋੜ ਦੀ ਥਾਂ ’ਤੇ ਲਗਾਇਆ ਜਾਂਦਾ ਹੈ।
ਇਸ ਤਕਨੀਕ ਦੇ ਵਿਸ਼ੇਸ਼ ਲਾਭ ਇਹ ਹਨ ਕਿ ਮਰੀਜ ਦਾ ਛੋਟਾ ਆਪ੍ਰੇਸ਼ਨ ਹੀ ਕਰਨਾ ਪੈਂਦਾ ਹੈ ਅਤੇ ਥੋੜੇ ਸਮੇਂ ਵਿਚ ਹੀ ਮਰੀਜ ਬਿਲਕੁਲ ਨੌਂ-ਬਰ-ਨੌਂ ਹੋ ਕੇ ਆਪਣੇ ਘਰ ਜਾ ਸਕਦਾ ਹੈ। ਇਸ ਨਵੀਂ ਤਕਨੀਕ ਨਾਲ ਗੋਡਾਂ ਬਦਲਾਉਣ ਵਾਲੇ ਦੋ ਮਰੀਜ ਬਿਹਾਰੀ ਲਾਲ (72) ਅਤੇ ਕਸ਼ਮੀਰ ਸਿੰਘ (66) ਜੋ ਕਿ ਪ੍ਰੈਸ ਕਾਂਫਰਸ ਵਿਚ ਮੌਜੂਦ ਸਨ, ਨੇ ਦੱਸਿਆ ਕਿ ਨਵੀਂ ਤਕਨੀਕ ਨਾਲ ਉਨ੍ਹਾਂ ਨੂੰ ਬੈਠਣ, ਚੱਲਣ ਫਿਰਨ ਜਾਂ ਆਪਣੇ ਰੋਜ਼ਾਨਾ ਦੇ ਕੰਮਕਾਰ ਕਰਨ ਵਿਚ ਕੋਈ ਦਿੱਕਤ ਨਹੀਂ ਆਉਂਦੀ ਹੈ।
ਡਾ. ਹਰਸਿਮਰਨ ਸਿੰਘ ਨੇ ਦੱਸਿਆ ਕਿ ਅਜਿਹੇ ਮਰੀਜਾਂ ਨੂੰ ਸਿਰਫ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਜੋੜ ਵਿਚ ਕੋਈ ਤਕਲੀਫ ਮਹਿਸੂਸ ਹੋਵੇ, ਤਾਂ ਉਹ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨ, ਕਿਉਂਕਿ ਸ਼ੁਰੂਆਤ ਵਿਚ ਬਿਲਕੁਲ ਛੋਟੀ ਸਰਜਰੀ ਨਾਲ ਹੀ ਤਕਲੀਫ ਨੂੰ ਦੂਰ ਕੀਤਾ ਜਾ ਸਕਦਾ ਹੈ, ਪਰ ਖਰਾਬ ਹੋਏ ਜੋੜ ਵੱਲ ਧਿਆਨ ਨਾ ਦਿੱਤਾ ਜਾਵੇ, ਤਾਂ ਕਈ ਵਾਰ ਜੋੜ ਦੀ ਹੱਡੀਆਂ ਦੀ ਹਾਲਤ ਇੰਨੀਂ ਖਰਾਬ ਹੋ ਜਾਂਦੀ ਹੈ ਕਿ ਪੂਰਾ ਗੋਡਾ ਬਦਲਣਾ ਪੈ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜਾਂ ਨੂੰ ਰੋਜ਼ਾਨਾ ਕੰਮਕਾਰ ਦੌਰਾਨ ਜੋੜਾਂ ’ਚ ਹਲਕਾ ਦਰਦ ਜਾਂ ਦਿੱਕਤ ਮਹਿਸੂਸ ਹੋਵੇ, ਆਰਥਰਾਈਟਸ ਦੀ ਸਮਸਿਆ ਹੋਵੇ ਜਾਂ ਜੋੜ ਦੇ ਕਿਸੇ ਇਕ ਹਿਸੇ ਵਿਚ ਤਕਲੀਫ ਹੋਵੇ; ਉਨ੍ਹਾਂ ਨੂੰ ਤੁਰੰਤ ਨਵੀਂ ਤਕਨੀਕ ਤਹਿਤ ਆਪਣੇ ਗੋਡੇ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ।