ਸ਼ਸ਼ੀ ਸੂਦ ਕੌਮੀ ਪੱਧਰ ਦੀ ਹਾਕੀ ਖਿਡਾਰਨ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਕੌਮੀ ਪੱਧਰ ਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਦੇਸ਼ ਵਿੱਚ ਵਿਮੈਨ ਹਾਕੀ ਖਿਡਾਰਨਾਂ ਵਿੱਚ ਆਪਣਾ ਨਾ ਬਣਾਕੇ ਕਮਾਲ ਕਰ ਦਿੱਤੀ ਸੀ ਪ੍ਰੰਤੂ ਉਸਦੇ ਫੋਟੋਗ੍ਰਾਫੀ ਦੇ ਸ਼ੌਕ ਨੇ ਉਸਦਾ ਚੋਟੀ ਦੇ ਫੋਟੋਗ੍ਰਾਫਰਾਂ ਵਿੱਚ ਵੀ ਨਾਂ ਸ਼ਾਮਲ ਕਰ ਦਿੱਤਾ ਹੈ। ਉਹ ਮਾਈਕਰੋ ਵਸਤਾਂ ਦੀ ਫੋਟੋਗ੍ਰਾਫੀ ਕਰਦੀ ਹੈ। ਇਸ ਸਮੇਂ ਉਹ ਬਿਹਤਰੀਨ ਫੋਟੋਗ੍ਰਾਫਰਾਂ ਵਿੱਚ ਗਿਣੀ ਜਾਂਦੀ ਹੈ।ਕਿਸੇ ਵੀ ਕੰਮ ਦਾ ਸ਼ੌਕ ਜਦੋਂ ਜਨੂੰਨ ਦੀ ਹੱਤ ਤੱਕ ਪਹੁੰਚ ਜਾਵੇ ਤਾਂ ਇਨਸਾਨ ਹੋਰ ਕੰਮਾਂ ਦੀ ਸੁੱਧ ਬੁੱਧ ਭੁਲ ਬੈਠਦਾ ਹੈ, ਜੇਕਰ ਵਪਾਰਕ ਕੰਮ ਹੋਵੇ ਤਾਂ ਉਸ ਵਿਅਕਤੀ ਦੇ ਕੰਮ ਦੀ ਰੁਚੀ ਦੇ ਪਿਛੇ ਮੁੱਖ ਆਧਾਰ ਵਪਾਰ ਹੁੰਦਾ ਹੈ ,ਜਦੋਂ ਵਪਾਰ ਮੁੱਖ ਹੋਵੇ ਤਾਂ ਕੁਆਲਟੀ ਦੀ ਬਲੀ ਚੜ੍ਹ ਜਾਂਦੀ ਹੈ, ਪ੍ਰੰਤੂ ਜਿਸ ਵਿਅਕਤੀ ਦਾ ਸ਼ੌਕ ਨੂੰ ਪੂਰਾ ਕਰਨਾ ਹੀ ਮੁੱਖ ਮੰਤਵ ਹੋਵੇ ਤਾਂ ਉਸਦਾ ਕੰਮ ਹੋਰ ਨਿਖਰ ਜਾਂਦਾ ਹੈ, ਕਿਉਂਕਿ ਉਸ ਪਿਛੇ ਉਸ ਵਿਅਕਤੀ ਦਾ ਨਿੱਜੀ ਹਿਤੱ,ਲਾਲਚ,ਖੁਦਗਰਜੀ,ਵਿਖਾਵਾ,ਦੁਨੀਆਂਦਾਰੀ,ਕਪਟ,ਛਲ,ਧੋਖਾ,ਫਰੇਬ ਨਹੀਂ ਹੁੰਦੀ। ਅਸਲ ਵਿੱਚ ਸ਼ੌਕ ਕਿਸੇ ਵਿਅਕਤੀ ਦੀ ਮਾਨਸਕਤਾ ਦਾ ਪ੍ਰਗਟਾਵਾ ਹੀ ਹੁੰਦਾ ਹੈ ਕਿ ਉਸ ਵਿਅਕਤੀ ਦੇ ਮਨ ਵਿੱਚ ਕੀ ਵਿਚਰ ਰਿਹਾ ,ਕੀ ਉਥਲ ਪੁਥਲ ਹੋ ਰਹੀ ਹੈ ਤੇ ਉਸਦਾ ਮਨ ਕਿਥੇ ਕਿਥੇ ਤੇ ਕਿੰਨੀਆਂ ਉਚੀਆਂ ਉਡਾਰੀਆਂ ਮਾਰ ਰਿਹਾ ਹੈੰ। ਉਸਦੀ ਸੰਸਾਰ ਦੇ ਹੋਰ ਕੰਮਾਂ ਵਿੱਚ ਬਿਰਤੀ ਨਹੀਂ ਹੁੰਦੀ। ਅਜਿਹੀ ਹੀ ਇਸਤਰੀ ਫੋਟੋ ਕਲਾਕਾਰ ਹੈ, ਸ਼ੱਸ਼ੀ ਸੂਦ ਜਿਸਦੀ ਕਲਾ ਪੰਛੀਆਂ ਜਿਹਨਾਂ ਵਿੱਚ ਚਿੜੀਆਂ,ਧਾਨ ਚਿੜੀਆਂ,ਤਿਤਲੀਆਂ,ਬਟਰਫਲਾਈਜ, ਕਾਲ ਕਲੀਚੀ,ਸ਼ਕਰਖੋਰੇ,ਘੁਗੀਆਂ, ਕੋਇਲਾਂ,ਕਬੂਤਰਾਂ,ਗੁਟਾਰਾਂ,ਛੋਟੇ ਮੋਟੇ ਕੀੜੇ ਮਕੌੜਿਆਂ, ਭਰਿੰਡਾਂ ,ਸ਼ਹਿਦ ਦੀਆਂ ਮੱਖੀਆਂ ਆਦਿ ਦੀ ਫੋਟੋਗਰਾਫੀ ਕਰਨੀ ਹੈ। ਉਸਦੀ ਅੱਖ ਅਸਮਾਨਾਂ ਵਿੱਚ ਉਡਾਰੀ ਮਾਰਦੇ ਪੰਛੀਆਂ ਦੀ ਪੈੜਚਾਲ ਨੂੰ ਪਕੜਦੀ ਹੀ ਨਹੀਂ ਸਗੋਂ ,ਉਸ ਸਮੇਂ ਪੰਛੀ ਦੀ ਨਿੱਕੀ ਤੋਂ ਨਿੱਕੀ ਅਦਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਤੁਹਾਡੇ ਹੂਬਹੂ ਪੇਸ਼ ਕਰਨ ਦੀ ਮੁਹਾਰਤ ਰੱਖਦੀ ਹੈ। ਪੰਛੀ ਆਪਣੇ ਸ਼ਿਕਾਰ ਤੇ ਕਿਵੇਂ ਝਪਟਦਾ ਹੈ, ਬ੍ਰੀਡਿੰਗ ਮੇਟਿੰਗ ਕਰਦਾ ਹੈ ਆਦਿ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਕਈ ਕਈ ਘੰਟੇ ਧੁੱਪ, ਛਾਂ ,ਗਰਮੀ, ਸਰਦੀ,ਮੀਂਹ,ਝੱਖੜ,ਤੂਫਾਨ ਵਿੱਚ !ਜੂਝਣਾ ਪੈਂਦਾ ਹੈ।ਉਸਦੀ ਵਿਸ਼ੇਸ਼ਤਾ ਹੀ ਇਹੋ ਹੈ ਕਿ ਉਹ ਹਰ ਛੋਟੇ ਤੋਂ ਛੋਟੇ ਪੰਛੀ ਜਾਂ ਹੋਰ ਮਾਈਕਰੋ ਆਬਜੈਕਟ ਜਿਵੇਂ ਭਰਿੰਡ,ਸ਼ਹਿਦ ਦੀ ਮੱਖੀ ਜਾਂ ਉਸਦੀ ਹਰ ਅਦਾ ਨੂੰ ਪਕੜਦੀ ਹੈ। ਉਸਦੀ ਫੋਟੋਗ੍ਰਾਫੀ ਇਤਨੀ ਮਹੀਨ ਕਿਸਮ ਦੀ ਹੈ ਕਿ ਪੰਛੀ ਦੀ ਹਰ ਅਦਾ ਫੋਟੋਗ੍ਰਾਫੀ ਵਿੱਚ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਤੁਹਾਨੂੰ ਪੰਛੀ ਤੁਹਾਡੇ ਸਾਹਮਣੇ ਖੜ੍ਹਾ ਪ੍ਰਤੀਤ ਹੁੰਦਾ ਹੈ।ਲੁਧਿਆਣਾ ਜਿਲ੍ਹੇ ਦੇ ਕਸਬਾ ਮਾਛੀਵਾੜੇ ਦੇ ਕੁੰਦਰਾ ਪਰਿਵਾਰ ਦੇ ਵਪਾਰੀ ਓਮ ਪ੍ਰਕਾਸ਼ ਕੁੰਦਰਾ ਅਤੇ ਰਾਜ ਰਾਣੀ ਦੇ ਘਰ ਪੈਦਾ ਹੋਈ ਅਤੇ ਕੁਲੂ ਦੀਆਂ ਕੁਦਰਤ ਦੀਆਂ ਵਾਦੀਆਂ ਵਿੱਚ ਪਲੀ ਤੇ ਜਵਾਨ ਹੋਈ, ਉਥੋਂ ਹੀ ਪੰਛੀਆਂ ਦੀ ਚੀਕ ਚੁਹਾਟ,ਕੋਇਲਾਂ ਦੀ ਕੂ ਕੂ ,ਚਿੜੀਆਂ ਦੀ ਚੀਂ ਚੀਂ ਤੋਂ ਪ੍ਰਭਾਵਤ ਹੋਈ ਸ਼ਸ਼ੀ ਨੂੰ ਪੰਛੀਆਂ ਦੀ ਫੋਟੋਗ੍ਰਾਫੀ ਕਰਨ ਦਾ ਚਸਕਾ ਬਚਪਨ ਵਿੱਚ ਹੀ ਲੱਗ ਗਿਆ ਜੋ ਚੰਡੀਗੜ੍ਹ ਦੀ ਸੁਖਨਾ ਝੀਲ,ਲਈਅਰ ਵੈਲੀ ਅਤੇ ਰੋਜ਼ ਗਾਰਡਨ ਦੇ ਵੱਖ ਵੱਖ ਕਿਸਮ ਦੇ ਗੁਲਾਬ ਦੇ ਫੁਲਾਂ ਦੀਆਂ ਸੁਗੰਧੀਆਂ ਮਾਣਦੇ ਪੰਛੀਆਂ ਅਤੇ ਭੌਰਿਆਂ ਦੀਆਂ ਆਹਟਾਂ ਨੂੰ ਸੁਣਦਿਆਂ ਆਲੇ ਦੁਆਲੇ ਦੇ ਜੰਗਲਾਂ ਵਿੱਚ ਰਹਿਣ ਵਾਲੇ ਪੰਛੀਆਂ ਵਿੱਚ ਵਿਚਰਦਿਆਂ ਜਵਾਨ ਪ੍ਰਵਾਨ ਹੋਇਆ। ਚੰਡੀਗੜ੍ਹ ਦੇ ਲੜਕੀਆਂ ਦੇ ਕਾਲਜ ਵਿੱਚ ਗ੍ਰੈਜੂਏਸ਼ਨ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਮ ਏ ਰਾਜਨੀਤੀ ਸ਼ਾਸ਼ਤਰ ਵਿੱਚ ਪੜ੍ਹਦਿਆਂ ਰੋਜ਼ ਗਾਰਡਨ ਅਤੇ ਲਈਅਰ ਵੈਲੀ ਦੇ ਪੰਛੀਆਂ ਦੀਆਂ ਡਾਰਾਂ ਨੇ ਫੋਟੋਗ੍ਰਾਫੀ ਦੀ ਪ੍ਰਵਿਰਤੀ ਨੂੰ ਚਾਰ ਚੰਨ ਲਾਏ।ਅਸਮਾਨ ਵਿੱਚ ਉਡਦੇ ਪੰਛੀਆਂ ਦੀਆਂ ਡਾਰਾਂ ਅਤੇ ਸੈਕਟਰ 17 ਦੀ ਮਾਰਕੀਟ ਵਿੱਚ ਚੋਗਾ ਚੁਗਦੇ ਕਬੂਤਰਾਂ ਨੇ ਵੀ ਉਸਨੂੰ ਫੋਟੋਗ੍ਰਾਫੀ ਕਰਨ ਲਈ ਉਕਸਾਇਆ। 1983 ਵਿੱਚ ਮਾਝੇ ਦੇ ਇਲਾਕੇ ਦੇ ਸੂਦ ਪਰਿਵਾਰ ਦੇ ਵਿਪਿਨ ਸੂਦ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਇਸ ਸ਼ੌਕ ਨੂੰ ਹੋਰ ਪ੍ਰਫੁਲਤ ਹੋਣ ਦਾ ਮਾਣ ਮਿਲਿਆ ਜੋ ਅਕਸਰ ਲੜਕੀਆਂ ਨੂੰ ਇਹ ਸਹਿਯੋਗ ਨਹੀਂ ਮਿਲਦਾ,ਖਾਸ ਤੌਰ ਤੇ ਮਾਝੇ ਦੇ ਲੋਕਾਂ ਦੇ ਕਿਰਦਾਰ ਦੇ ਅਨੁਸਾਰ ਇਹ ਸੰਭਵ ਹੀ ਨਹੀਂ ਸੀ। ਵਪਾਰੀ ਪਰਿਵਾਰ ਦੇ ਰੁਝੇਵਿਆਂ ਅਤੇ ਦੋ ਲੜਕਿਆਂ ਰਜਤ ਅਤੇ ਪ੍ਰਨਵ ਦੇ ਪਾਲਣ ਪੋਸ਼ਣ ਵਿੱਚੋਂ ਸਮਾਂ ਕੱਢਕੇ ਆਪਣੇ ਸ਼ੌਕ ਦੀ ਪੂਰਤੀ ਕਰਦੀ ਰਹੀ। ਸ਼ਸ਼ੀ ਸੂਦ ਦੇ ਲੜਕੇ ਪ੍ਰਨਵ ਨੇ ਮਾਂ ਦੇ ਸ਼ੌਕ ਦੀ ਪੂਰਤੀ ਲਈ ਆਸਟਰੇਲੀਆ ਤੋਂ ਆਧੁਨਿਕ ਤਕਨੀਕ ਦਾ ਕੈਮਰਾ ਗਿਫਟ ਕਰਕੇ ਸ਼ੱਸ਼ੀ ਦੇ ਸ਼ੌਕ ਨੂੰ ਹੋਰ ਉਤਸ਼ਾਹਤ ਕਰ ਦਿੱਤਾ। ਹੁਣ ਬੱਚਿਆਂ ਦੇ ਵੱਡੇ ਹੋਣ ਤੇ ਸ਼ੱਸ਼ੀ ਆਪਣੇ ਪਤੀ ਵਲੋਂ ਫੋਟੋਗ੍ਰਾਫੀ ਦੇ ਸ਼ੌਕ ਦੀ ਪ੍ਰਵਿਰਤੀ ਨੂੰ ਪ੍ਰਫੁਲਤ ਕਰਨ ਵਿੱਚ ਮਿਲੀ ਖੁਲਦਿਲੀ ਨਾਲ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਫੋਟੋਗ੍ਰਾਫੀ ਲਈ ਜਾਂ ਤਾਂ ਪਹਿਰ ਦੇ ਤੜਕੇ ਜਾਂ ਸ਼ਾਮ ਨੂੰ ਵੇਲੇ ਕੁਵੇਲੇ ਜਾਣਾ ਪੈਂਦਾ ਹੈ, ਮੇਰੇ ਪਤੀ ਅਤੇ ਬੱਚਿਆਂ ਨੇ ਹਮੇਸ਼ਾ ਮੈਨੂੰ ਉਤਸ਼ਾਹਤ ਹੀ ਕੀਤਾ ਹੈ।ਮੈਨੂੰ ਪੰਛੀਆਂ ਦੀ ਫੋਟੋਆਂ ਖਿਚਕੇ ਜੇ ਮੇਰੀ ਤਸੱਲੀ ਹੋ ਜਾਵੇ ਤਾਂ ਅਤਿਅੰਤ ਦਾ ਸਕੂਨ ਮਿਲਦਾ ਹੈ। ਹੁਣ ਤੱਕ ਉਹਨੇ 10,000 ਫੋਟੋਆਂ ਖਿਚੀਆਂ ਹਨ ਪ੍ਰੰਤੂ ਉਹਨਾਂ ਵਿਚੋਂ 2000 ਬੇਹਤਰੀਨ ਫੋਟੋਆਂ ਦੀ ਕੁਲੈਕਸ਼ਨ ਕਰ ਲਈ ਹੈ ਕਿਉਂਕਿ ਕਈ ਵਾਰ 100-200 ਫੋਟਆਂ ਵਿੱਚੋਂ ਇੱਕ ਹੀ ਫੋਟੋ ਅੱਛੀ ਨਿਕਲਦੀ ਹੈ। ਹੈਰਾਨੀ ਦੀ ਗੱਲ ਹੈ ਕਿ ਉਸਨੂੰ ਇਹਨਾਂ ਫੋਟੋਆਂ ਦੀ ਨੁਮਾਇਸ਼ ਲਗਾਉਣ ਦਾ ਸ਼ੌਕ ਹੀ ਨਹੀਂ ਕਿਉਂਕਿ ਉਹ ਵਪਾਰ ਦੇ ਇਰਾਦੇ ਨਹੀਂ ਰੱਖਦੀ।ਸ਼ੱਸ਼ੀ ਜਿਥੇ ਫੋਟੋਆਂ ਖਿਚਣ ਜਾਂਦੀ ਹੈ ਉਥੇ ਜੰਗਲਾਂ ਬੇਲਿਆਂ, ਜੰਗਲੀ ਬੀੜਾਂ ਨਹਿਰਾਂ,ਦਰਿਆਵਾਂ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨਾਲ ਪਰਿਵਾਰਕ ਸੰਬੰਧ ਬਣਾ ਲੈਂਦੀ ਹੈ ਤੇ ਉਹ ਲੋਕ ਉਸਦੀ ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਕਈ ਲੋਕ ਖੇਤਾਂ ਵੰਨਿਆਂ ਅਤੇ ਜੰਗਲਾਂ ਬੇਲਿਆਂ ਵਿੱਚ ਫਿਰਨ ਨੂੰ ਪਾਗਲਪਣ ਕਹਿੰਦੇ ਹਨ।ਇੱਕ ਇੱਕਲੀ ਔਰਤ ਨੂੰ ਸਮਾਜਕ ਤਾਣੇ ਬਾਣੇ ਵਿੱਚ ਰਹਿਣ ਲਈ ਕੁਝ ਕੁ ਨਿਸਚਤ ਅਸੂਲਾਂ ਤੇ ਚਲਕੇ ਹੀ ਪ੍ਰਾਪਤੀ ਕਰਨੀ ਪੈਂਦੀ ਹੈ। ਫਿਰ ਵੀ ਉਹ ਇੱਕ ਦਲੇਰ ਤੇ ਦਬੰਗ ਇਸਤਰੀ ਹੈ, ਜਿਹੜੀ ਆਪਣੀ ਕਾਰ ਵਿੱਚ ਆਪਣੀ ਹਿਫਾਜਤ ਲਈ ਲਾਠੀ,ਟਾਕੂਆ ਅਤੇ ਤਲਵਾਰ ਰੱਖਦੀ ਹੈ। ਉਸਦਾ ਵਿਅਕਤੀਤਿਤਵ ਵੀ ਰੋਹਬਦਾਰ ਅਤੇ ਉਚੇ ¦ਬੇ ਕੱਦਕਾਠ ਵਾਲਾ ਹੈ, ਜਿਸਤੋਂ ਕਈ ਵਾਰ ਇਨਸਾਨ ਵੀ ਭੈਭੀਤ ਹੋ ਜਾਂਦੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੰਛੀ ਉਸਤੋਂ ਡਰਦੇ ਨਹੀਂ ਸਗੋਂ ਉਸ ਨਾਲ ਕਲੋਲਾਂ ਕਰਦੇ ਹਨ। ਫੋਟੋਗ੍ਰਾਫੀ ਦਾ ਇਹ ਸ਼ੌਕ ਖਰਚੀਲਾ ਅਤੇ ਬਹੁਤ ਜਿਆਦਾ ਸਮਾਂ ਬਰਬਾਦ ਕਰਨ ਵਾਲਾ ਹੈ ।ਖਾਸ ਤੌਰ ਤੇ ਉਦੋਂ ਜਦੋਂ ਉਸਤੋਂ ਕੋਈ ਆਰਥਕ ਲਾਭ ਤਾਂ ਕੋਈ ਮਿਲਣਾ ਨਹੀਂ ਪ੍ਰੰਤੂ ਸ਼ੌਕ ਦਾ ਕੋਈ ਮੁਲ ਨਹੀਂ ਹੁੰਦਾ।ਇਸ ਲਈ ਸ਼ਸ਼ੀ ਸੂਦ ਘਰ ਫੂਕ ਤਮਾਸ਼ਾ ਵੇਖਣ ਵਾਲਾ ਕੰਮ ਕਰ ਰਹੀ ਹੈ।