ਪਟਨਾ- ਮੋਦੀ ਵੱਲੋਂ ਦਿੱਤੇ ਗਏ ਬੁਰਕੇ ਵਾਲੇ ਬਿਆਨ ਤੇ ਕਾਂਗਰਸ ਨੇਤਾਵਾਂ ਦੁਆਰਾ ਕੀਤੀ ਜਾ ਰਹੀ ਆਲੋਚਨਾ ਦੇ ਨਾਲ-ਨਾਲ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਵੀ ਖੁਲ੍ਹ ਕੇ ਸਾਹਮਣੇ ਆ ਗਏ ਹਨ।ਜਨਤਾ ਦਲ ਯੂਨਾਈਟਡ ਦੇ ਨੇਤਾ ਅਤੇ ਸੀ ਐਮ ਨਤੀਸ਼ ਨੇ ਮੋਦੀ ਨੂੰ ਜਬਾਨ ਤੇ ਕੰਟਰੋਲ ਕਰਨ ਦੀ ਸਲਾਹ ਦਿੱਤੀ ਹੈ।
ਮੁੱਖਮੰਤਰੀ ਨਤੀਸ਼ ਨੇ ਕਿਹਾ ਕਿ ਜੇ ਕਿਸੇ ਕਮਿਊਨਿਟੀ ਦੀਆਂ ਮਹਿਲਾਵਾਂ ਬੁਰਕਾ ਪਹਿਨਦੀਆਂ ਹਨ ਤਾਂ ਇਸ ਸਬੰਧੀ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਹਿੰਦੂ ਔਰਤਾਂ ਵੀ ਤਾਂ ਸਿਰ ਤੇ ਕਪੜਾ ਰੱਖਦੀਆਂ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਨੂੰ ਦੂਸਰੇ ਧਰਮਾਂ ਦੀ ਇਜ਼ਤ ਕਰਨੀ ਸਿੱਖਣੀ ਚਾਹੀਦੀ ਹੈ ਅਤੇ ਆਪਣੀ ਜਬਾਨ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਨਤੀਸ਼ ਨੇ ਕਿਹਾ ਕਿ ਇਸ ਬੜਬੋਲੇਪਣ ਕਰਕੇ ਹੀ ਉਸ ਨੇ ਭਾਜਪਾ ਨਾਲੋਂ ਸਬੰਧ ਤੋੜੇ ਹਨ। ਹੁਣ ਭਾਜਪਾ ਦੀ ਪੋਲ ਖੁਲ੍ਹ ਗਈ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਨੂੰ ਕਾਂਗਰਸ ਦੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੇ ਖਿਲਾਫ਼ ਲੜਨ ਲਈ ਇੱਕਜੁੱਟ ਹੋਣ ਦੀ ਜਰੂਰਤ ਸੀ ਤਾਂ ਇੱਕ ਪਾਰਟੀ ਦੀ ਜਿਦ ਕਾਰਣ ਹੀ ਸੱਭ ਕੁਝ ਉਲਟ ਹੋ ਗਿਆ।
ਕੇਂਦਰ ਸਰਕਾਰ ਵੱਲੋਂ ਖਾਧ ਸੁਰੱਖਿਆ ਯੋਜਨਾ ਦੇ ਲਾਗੂ ਕਰਨ ਸਬੰਧੀ ਨਤੀਸ਼ ਨੇ ਕਿਹਾ ਕਿ ਅਸੀ ਆਪਣੇ ਰਾਜ ਵਿੱਚ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਇਸ ਲਈ ਇਸ ਯੋਜਨਾ ਨੂੰ ਰਾਜ ਵਿੱਚ ਲਾਗੂ ਕਰਨ ਲਈ ਸਾਡੀ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ।