ਲੁਧਿਆਣਾ:- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਨਵੇਂ ਵਾਈਸ ਚਾਂਸਲਰ ਵਜੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਨਛੱਤਰ ਸਿੰਘ ਮੱਲ੍ਹੀ ਅਤੇ ਸਾਬਕਾ ਸੀਨੀਅਰ ਐਡੀਟਰ ਪੰਜਾਬੀ ਪ੍ਰੋ: ਗੁਰਭਜਨ ਗਿੱਲ ਨੂੰ ਬਤੌਰ ਨਿਰਦੇਸ਼ਕ ਯੋਜਨਾ ਅਤੇ ਵਿਕਾਸ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ: ਮੱਲ੍ਹੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕਾਮਯਾਬੀ ਲਈ ਕੋਈ ਵਿਚਕਾਰਲਾ ਛੋਟਾ ਰਸਤਾ ਨਹੀਂ ਹੁੰਦਾ ਸਗੋਂ ਸਖਤ ਮਿਹਨਤ ਅਤੇ ਨਿਰੰਤਰ ਸਾਧਨਾਂ ਨਾਲ ਹੀ ਸੰਸਥਾਵਾਂ ਵਿਕਾਸ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਜਿਸ ਵਿਸ਼ਵਾਸ ਨਾਲ ਪ੍ਰਬੰਧਕੀ ਬੋਰਡ ਨੇ ਉਨ੍ਹਾਂ ਨੂੰ ਜਿੰਮੇਂਵਾਰੀ ਸੌਂਪੀ ਹੈ ਉਸ ਨੂੰ ਨਿਭਾਉਣ ਵਿੱਚ ਉਹ ਪੂਰੀ ਤਾਕਤ ਲਾਉਣਗੇ।
ਡਾ: ਮੱਲ੍ਹੀ ਇਕ ਚੰਗੇ ਪ੍ਰਬੰਧਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੱਕੀ ਵਿਗਿਆਨੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਮੱਕੀ ਦੀਆਂ ਦੋਗਲੀਆਂ ਕਿਸਮਾਂ ਪਾਰਸ, ਪ੍ਰਕਾਸ਼, ਜੀ ਐਚ 3459, ਸ਼ੀਤਲ ਬੁਲੰਦ, ਪੀ ਐਮ ਐਚ-1, ਪੀ ਐਮ ਐਚ-2 ਅਤੇ ਪੀ ਐਮ ਐਚ-3 ਨੂੰ ਵਿਕਸਤ ਕਰਨ ਵਿੱਚ ਵਡਮੁੱਲੀ ਭੂਮਿਕਾ ਨਿਭਾਈ ਗਈ ਹੈ। ਉਨ੍ਹਾਂ ਵੱਲੋਂ ਮੱਕੀ ਦੀਆਂ 23 ਕਿਸਮਾਂ ਨੂੰ ਤਿਆਰ ਕਰਨ ਵਿੱਚ ਯੋਗਦਾਨ ਪਾਇਆ ਗਿਆ ਹੈ ਜਿਨਾਂ ਵਿਚੋਂ ਛੇ ਕਿਸਮਾਂ ਰਾਸ਼ਟਰੀ ਪੱਧਰ ਤੇ ਜਾਰੀ ਕੀਤੀਆਂ ਗਈਆਂ ਹਨ। ਡਾ: ਮੱਲ੍ਹੀ ਨਿਰਦੇਸ਼ਕ ਪਸਾਰ ਸਿੱਖਿਆ ਤੋਂ ਇਲਾਵਾ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਹਨ। ਡਾ: ਮੱਲ੍ਹੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਕਰਕੇ ਕੌਮੀ ਫਾਰਮ ਕਾਰਪੋਰੇਸ਼ਨ ਦੇ ਨਿਰਦੇਸ਼ਕੀ ਬੋਰਡ ਅਤੇ ਸਾਊਥ ਅਫਰੀਕਾ ਦੀ ਵਾਲਟਰ ਸਿਸਲੂ ਯੂਨੀਵਰਸਿਟੀ ਦੇ ਸਲਾਹਕਾਰ ਬੋਰਡ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ। ਡਾ: ਮੱਲ੍ਹੀ ਅੱਜਕੱਲ੍ਹ ਸਰ ਰਤਨ ਟਾਟਾ ਟਰੱਸਟ ਦੇ ਸਲਾਹਕਾਰ ਬੋਰਡ ਵਿੱਚ ਅਹਿਮ ਯੋਗਦਾਨ ਪਾ ਕੇ ਕਿਰਸਾਨੀ ਦੀ ਸੇਵਾ ਵਿੱਚ ਰੁਝੇ ਹੋਏ ਸਨ।
ਇਸੇ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੇਵਾ ਮੁਕਤ ਸੀਨੀਅਰ ਐਡੀਟਰ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਆਪਣੇ ਤਿੰਨ ਦਹਾਕਿਆਂ ਦੇ ਸੇਵਾ ਕਾਲ ਦੌਰਾਨ ਪ੍ਰੋ: ਗਿੱਲ ਨੇ ਯੂਨੀਵਰਸਿਟੀ ਦੇ ਮਾਸਕ ਰਸਾਲੇ ‘ਚੰਗੀ ਖੇਤੀ’ ਨੂੰ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨੂੰ ਬੁ¦ਦੀਆਂ ਤੇ ਪਹੁੰਚਾਇਆ। ਪ੍ਰੋ: ਗੁਰਭਜਨ ਗਿੱਲ ਦੀ ਪਹਿਲੀ ਕਾਵਿ ਪੁਸਤਕ ‘ਸ਼ੀਸ਼ਾ ਝੂਠ ਬੋਲਦਾ ਹੈ’ 1978 ਵਿੱਚ ਛਪੀ ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਲ 1979 ਦੀ ਸਰਵੋਤਮ ਕਾਵਿ ਪੁਸਤਕ ਮੰਨ ਕੇ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। ਹੁਣ ਤੀਕ ਉਸ ਨੂੰ ਭਾਈ ਵੀਰ ਸਿੰਘ ਪੁਰਸਕਾਰ 1979, ਸ਼ਿਵ ਕੁਮਾਰ ਬਟਾਲਵੀ ਐਵਾਰਡ 1992, ਬਾਵਾ ਬਲਵੰਤ ਐਵਾਰਡ 1998, ਪ੍ਰੋ: ਪੂਰਨ ਸਿੰਘ ਐਵਾਰਡ 2002, ਗਿਆਨੀ ਸੁੰਦਰ ਸਿੰਘ ਨਾਭਾ ਐਵਾਰਡ 2002, ਐਸ ਐਸ ਮੀਸ਼ਾ ਐਵਾਰਡ 2002, ਸਫਦਰ ਹਾਸ਼ਮੀ ਲਿਟਰੇਰੀ ਐਵਾਰਡ 2003, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਗੋਲਡ ਮੈਡਲ 2003, ਸੁਰਜੀਤ ਰਾਮਪੁਰੀ ਐਵਾਰਡ 2005 ਅਤੇ ਬਲਵਿੰਦਰ ਰਿਸ਼ੀ ਮੈਮੋਰੀਅਲ ਗਜ਼ਲ ਐਵਾਰਡ 2005 ਵਿੱਚ ਹਾਸਿਲ ਹੋ ਚੁ¤ਕਾ ਹੈ। ਡਾ: ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਡਾ: ਮੱਲ੍ਹੀ ਅਤੇ ਪ੍ਰੋ: ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ।