ਸੰਗਰੂਰ – ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਗਰੀਬ, ਦਲਿਤਾਂ ਅਤੇ ਪੱਛੜੇ ਵਰਗਾਂ ਦੀ ਉਦੋਂ ਹੀ ਯਾਦ ਆਉਂਦੀ ਹੈ ਜਦੋ ਕੋਈ ਚੋਣਾਂ ਆਉਂਦੀਆਂ ਹੋਣ। ਹੁਣ 2 ਰੁਪਏ ਪ੍ਰਤੀ ਕਿਲੋ ਕਣਕ ਦੇਣ ਦੇ ਝੂਠੇ ਅਖਬਾਰੀ ਵਾਅਦੇ ਕਰਕੇ ਇਹਨਾਂ ਪਰਿਵਾਰਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ ਹੋ ਰਹੀ ਹੈ। ਸ: ਢੀਂਡਸਾ ਅਤੇ ਸ਼੍ਰੀ ਸੁਖਬੀਰ ਬਾਦਲ ਵੱਲੋਂ ਜਾਰੀ ਕੀਤਾ ਗਿਆ ਚੋਣ ਮੈਨੀਫੈਸਟੋ ਪੰਜਾਬੀਆਂ ਨਾਲ ਇੱਕ ਵੱਡੇ ਫਰੇਬ-ਝੂਠ ਤੋਂ ਵੱਧ ਕੁਝ ਨਹੀਂ।
ਇਹ ਵਿਚਾਰ ਅੱਜ ਇੱਥੇ ਮਿਯੂਰ ਹੋਟਲ ਵਿੱਚ ਸੰਗਰੂਰ ਦੇ ਸਤਿਕਾਰਯੋਗ ਪੱਤਰਕਾਰਾਂ ਨਾਲ ਬਾਦਲ ਦੇ ਚੋਣ ਮਨੋਰਥ ਪੱਤਰ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ। ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਚੋਣ ਮਨੋਰਥ ਪੱਤਰ ਵਿੱਚ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਦੀ ਸਹੀ ਤਰਜਮਾਨੀ ਕਰਨ ਵਾਲੇ “ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ” ਦੀ ਰਤੀ ਭਰ ਵੀ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਬਲਿਊ ਸਟਾਰ ਦੀ ਫੌਜੀ ਕਾਰਵਾਈ ਦੌਰਾਨ ਸ਼੍ਰੀ ਦਰਬਾਰ ਸਾਹਿਬ ਤੋਂ ਫੌਜ ਵੱਲੋਂ ਲੁੱਟੀਆਂ ਬਹੁਮੁੱਲੀ ਕੀਮਤੀ ਵਸਤਾ ਅਤੇ ਇਤਿਹਾਸਿਕ ਦਸਤਾਵੇਜਾਂ ਨੂੰ ਬੀ ਜੇ ਪੀ ਸਰਕਾਰ ਤੋਂ ਵਾਪਿਸ ਕਰਾਉਣ ਦੀ ਕੋਈ ਗੱਲ ਕੀਤੀ ਗਈ। ਜਦੋਂ ਕਿ ਹਿੰਦ ਸਰਕਾਰ ਨੇ “ਗਾਂਧੀ” ਦੀਆਂ 8 ਕਰੋੜ ਰੁਪਏ ਦੀਆਂ ਵਸਤਾਂ ਅਮਰੀਕਾ ਤੋਂ ਵਾਪਿਸ ਮੰਗਵਾਈਆਂ। ਉਹਨਾਂ ਕਿਹਾ ਕਿ ਸਵਾਤ ਘਾਟੀ (ਪਾਕਿਸਤਾਨ) ਵਿੱਚ ਤਾਲਿਬਾਨ ਅਤੇ ਅਲਕਾਇਦਾ ਵੱਲੋਂ ਸਿੱਖਾਂ ਦੇ ਘਰਾਂ ਉੱਤੇ ਹੋ ਰਹੇ ਹਮਲੇ ਅਤੇ ਵੱਡੀ ਫਰੋਤੀਆਂ ਲੈਣ ਦੀ ਕਾਰਵਾਈ ਨੂੰ ਰੋਕਣ ਲਈ ਸ: ਬਾਦਲ ਅਤੇ ਸ: ਮੱਕੜ੍ਹ ਵੱਲੋਂ ਕੋਈ ਉੱਦਮ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕੌਮਾਂਤਰੀ ਪੱਧਰ ‘ਤੇ ਫਰਾਂਸ ਵਿੱਚ ਦਸਤਾਰ ਦੇ ਮਸਲੇ ਅਤੇ ਨਸਲੀ ਪਹਿਚਾਣ ਅਧੀਨ ਤਾਲਿਬਾਨਾਂ ਤੋਂ ਸਿੱਖ ਕੌਮ ਨੂੰ ਵੱਖਰਾ ਦਰਸਾਉਣ ਲਈ ਕੋਈ ਜਿੰਮੇਵਾਰੀ ਨਿਭਾਉਣ ਦੀ ਇਸ ਮਨੋਰਥ ਪੱਤਰ ਵਿੱਚ ਗੱਲ ਕੀਤੀ ਗਈ ਹੈ। ਗੁਰੂ ਦੀ ਗੋਲਕ ਵਿੱਚ ਦਸਵੰਧ ਰਾਹੀਂ ਆਈ ਮਾਇਆ, ਜਿਸਦੀ ਵਰਤੋਂ ਮਨੁੱਖਤਾ ਦੀ ਭਲਾਈ ਲਈ ਹੋਣੀ ਚਾਹੀਦੀ ਹੈ, ਉਹ ਸ਼੍ਰੀ ਮੱਕੜ੍ਹ ਤੇ ਸ਼੍ਰੀ ਬਾਦਲ ਵੱਲੋਂ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਦੁਰਵਰਤੋਂ ਕਰ ਰਹੇ ਹਨ। ਐਸ ਜੀ ਪੀ ਸੀ ਦੀਆਂ ਜਾਇਦਾਦਾਂ ਅਤੇ ਜਮੀਨਾਂ ਨੂੰ ਆਪਣੇ ਨਿੱਜੀ ਚਹੇਤਿਆਂ ਦੇ ਸਪੁਰਦ ਕੀਤਾ ਜਾ ਰਿਹਾ ਹੈ, ਜਿਸ ਤੋਂ ਇਹਨਾਂ ਦੀ ਬਿਰਤੀ ਦੀ ਸਹੀ ਤਸਵੀਰ ਸਾਹਮਣੇ ਆ ਰਹੀ ਹੈ।
ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪਹਿਲੇ ਹੀ ਐਲਾਨੀਆਂ ਗਈਆਂ ਬੋਗਸ ਯੋਜਨਾਵਾਂ ਆਟਾ-ਦਾਲ, ਬੁਢਾਪਾ ਪੈਨਸਨਾਂ, ਸਗਨ ਸਕੀਮਾਂ ਪੂਰਨ ਤੌਰ ‘ਤੇ ਫੇਲ੍ਹ ਸਾਬਿਤ ਹੋ ਚੁੱਕੀਆ ਹਨ। ਕਿਸੇ ਵੀ ਲੋੜਵੰਦ ਗਰੀਬ ਪਰਿਵਾਰ ਨੂੰ ਆਟਾ ਦਾਲ, ਸ਼ਗਨ ਤੋਹਫੇ, ਨੀਲੇ ਕਾਰਡ, ਬੁਢਾਪਾ ਪੈਨਸ਼ਨਾਂ ਨਹੀਂ ਮਿਲ ਰਹੀਆਂ, ਬਾਦਲ ਵੱਲੋਂ ਆਪਣੇ ਹੀ ਚਹੇਤਿਆਂ ਨੂੰ ਜਿਹਨਾ ਕੋਲ ਪਹਿਲੇ ਹੀ ਵਾਧੂ ਸਹੂਲਤਾਂ ਹਨ, ਨੂੰ ਜਾਰੀ ਕੀਤੇ ਗਏ ਹਨ। ਲੋੜਵੰਦ ਪਰਿਵਾਰ ਅੱਜ ਵੀ ਇਹਨਾਂ ਸਹੂਲਤਾਂ ਤੋਂ ਵਾਂਝੇ ਹਨ। ਇਹਨਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਚਲਾਉਣ ਲਈ ਕੋਈ ਅਮਲੀ ਯੋਜਨਾ ਨਹੀਂ ਹੈ। ਗਰੀਬਾਂ ਨੂੰ ਰਿਹਾਇਸ਼ੀ ਫਲੈਟ ਉਸਾਰ ਕੇ ਦੇਣ ਦੀ ਗੱਲ ਕੋਈ ਚਾਰ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ, ਇਹ ਅਮਲ ਉਦੋਂ ਹੋਣਗੇ ਜਦੋਂ ਸਮੁੱਚੇ ਬਾਦਲ ਦਲ ਦਾ “ਸਿਆਸੀ ਭੋਗ” ਪੈ ਜਾਵੇਗਾ। ਉਹਨਾਂ ਸ: ਬਾਦਲ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫਤ ਵਿੱਦਿਆ ਤੇ ਇਹਨਾਂ ਪਰਿਵਾਰਾਂ ਨੂੰ ਉੱਚ ਦਰਜੇ ਦੀਆਂ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਸੰਬੰਧੀ ਇਸ ਚੋਣ ਮਨੋਰਥ ਪੱਤਰ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਜਦੋਂ ਕਿ ਅਸੀਂ ਪਹਿਲ ਦੇ ਆਧਾਰ ‘ਤੇ ਇਹ ਉੱਦਮ ਕਰਾਂਗੇ ਅਤੇ ਪਿੰਡਾਂ ਵਿੱਚੋਂ ਦੂਰ-ਦੁਰਾਡੇ ਵਿਦਿਆ ਪ੍ਰਾਪਤ ਕਰਨ ਜਾਣ ਵਾਲੀਆਂ ਗਰੀਬ ਲੜਕੀਆਂ ਨੂੰ ਮੁਫਤ ਸਾਇਕਲ ਸਹੂਲਤ ਦੇਣ ਦਾ ਪ੍ਰਬੰਧ ਵੀ ਕਰਾਂਗੇ। ਉਹਨਾਂ ਕਿਹਾ ਕਿ ਕਣਕ, ਝੋਨਾਂ, ਨਰਮਾਂ ਅਤੇ ਗੰਨੇ ਦੀ ਫਸਲ ਦੀਆਂ ਬਣਦੀਆਂ ਕੀਮਤਾਂ ਦਿਵਾਉਣ ਲਈ ਅਤੇ ਇਹਨਾਂ ਫਸਲਾਂ ਨੂੰ ਸਹੀ ਸਮੇਂ ‘ਤੇ ਚੁੱਕਣ ਵਿੱਚ ਬਾਦਲ ਸਰਕਾਰ ਬੁਰੀ ਤਰ੍ਹਾ ਫੇਲ੍ਹ ਹੋ ਗਈ ਹੈ। ਲੇਕਿਨ ਹੁਣ ਤਾਜ਼ਾ ਚੋਣ ਮੈਨੀਫੈਸਟੋ ਵਿੱਚ ਕਿਸਾਨੀ ਕਰਜਿਆਂ ਨੂੰ ਮੁਆਫ ਕਰਨ ਅਤੇ ਘੱਟ ਵਿਆਜ ਦਰਾਂ ‘ਤੇ ਕਰਜ਼ੇ ਦੇਣ ਦੀ ਅਖਬਾਰੀ ਗੱਲ ਕਰਕੇ ਜਿ਼ੰਮੀਦਾਰਾਂ ਤੋਂ ਵੋਟਾਂ ਪ੍ਰਾਪਤ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਿਸ ਅਡਵਾਨੀ ਤੇ ਵਾਜਪਾਈ ਨੇ ਬਲਿਊ ਸਟਾਰ ਦੀ ਫੌਜੀ ਕਾਰਵਾਈ, ਮਰਹੂਮ ਇੰਦਰਾ ਗਾਂਧੀ ਨੂੰ ਕਹਿ ਕੇ ਕਰਵਾਈ ਸੀ ਤੇ ਜਿਹਨਾਂ ਨੇ ਗੁਜਰਾਤ ਅਤੇ ਕਸ਼ਮੀਰ ਵਿੱਚ ਮੁਸਲਿਮ ਕੌਮ, ਦੱਖਣੀ ਸੂਬਿਆਂ ਵਿੱਚ ਇਸਾਈ ਕੌਮ ਅਤੇ ਪੰਜਾਬ ਵਿੱਚ ਸਿੱਖ ਕੌਮ ਦਾ ਕਤਲੇਆਮ ਕਰਵਾਇਆ ਅਤੇ ਬਾਬਰੀ ਮਸਜਿਦ, ਸ਼੍ਰੀ ਦਰਬਾਰ ਸਾਹਿਬ ਅਤੇ ਚਰਚਾਂ ਨੂੰ ਢਹਿਢੇਰੀ ਕੀਤਾ, ਉਸ ਘੱਟ ਗਿਣਤੀ ਕੌਮਾਂ ਦੇ ਕਾਤਿਲ ਸ਼੍ਰੀ ਅਡਵਾਨੀ ਨੂੰ ਸ: ਬਾਦਲ ਅਤੇ ਉਸਦਾ ਪਰਿਵਾਰ ਵਜ਼ੀਰ ਏ ਆਜਿ਼ਮ ਬਣਾਉਣ ਦੀ ਦੁਹਾਈ ਦੇ ਕੇ ਘੱਟ ਗਿਣਤੀ ਕੌਮਾਂ ਦਾ ਹੋਰ ਕਤਲੇਆਮ ਕਰਵਾਉਣ ਲਈ ਜ਼ਮੀਨ ਤਿਆਰ ਕਰਾਉਣ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਨ। ਸ: ਮਾਨ ਨੇ ਕਿਹਾ ਕਿ ਹੁਣ ਤੱਕ ਦੀਆਂ ਸ: ਬਾਦਲ ਦੀਆਂ ਕਾਰਵਾਈਆਂ ਪੰਜਾਬੀ ਤੇ ਸਿੱਖੀ ਸਭਿਆਚਾਰ, ਲਿੱਪੀ, ਬੋਲੀ ਨੂੰ ਡੂੰਘੀਆਂ ਢਾਹ ਲਾਉਣ ਵਾਲੀਆਂ ਅਤੇ ਪੰਜਾਬ ਨੂੰ ਆਰਥਿਕ ਤੌਰ ‘ਤੇ ਤਬਾਹ ਕਰਨ ਵਾਲੀਆਂ ਰਹੀਆਂ ਹਨ। ਪਰ ਮੈਨੀਫੈਸਟੋ ਵਿੱਚ ਪੰਜਾਬੀ ਸਭਿਆਚਾਰ ਅਤੇ ਆਰਥਿਕਤਾ, ਪੰਜਾਬ ਦੇ ਦਰਿਆਵਾਂ ਅਤੇ ਕੀਮਤੀ ਪਾਣੀਆਂ ਦੀ “ਰਿਪੇਰੀਅਨ ਕਾਨੂੰਨ” ਦੀ ਗੱਲ ਕਰਕੇ ਇੱਕ ਵਾਰੀ ਫਿਰ ਪੰਜਾਬੀਆਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਇਹਨਾਂ ਨੇ ਖੁਦ ਵਜ਼ੀਰੀਆ ਅਤੇ ਮੁੱਖ ਮੰਤਰੀ ਦੇ ਅਹੁਦਿਆਂ ਦੀ ਪ੍ਰਾਪਤੀ ਲਈ ਪੰਜਾਬ ਦੇ ਪਾਣੀਆਂ ਤੇ ਨਹਿਰਾਂ ਨੂੰ ਬੀਤੇ ਸਮੇਂ ਵਿੱਚ ਵੇਚਿਆ ਸੀ ਅਤੇ ਵਾਟਰ ਟਰਮੀਨੇਸ਼ਨ ਐਕਟ ਦੀ ਧਾਰਾ 5, ਜਿਸਨੂੰ ਇਹਨਾਂ ਨੇ 2007 ਦੀਆਂ ਪੰਜਾਬ ਚੋਣਾਂ ਦੇ ਮਨੋਰਥ ਪੱਤਰ ਵਿੱਚ ਰੱਦ ਕਰਨ ਦਾ ਵਚਨ ਕੀਤਾ ਸੀ, ਨੂੰ ਵੀ ਅੱਜ ਤੱਕ ਰੱਦ ਨਹੀਂ ਕੀਤਾ ਗਿਆ, ਜੋ ਇਹਨਾਂ ਵੱਲੋਂ ਕੀਤੇ ਜਾ ਰਹੇ ਧੋਖੇ-ਫਰੇਬਾਂ ਨੂੰ ਪ੍ਰਤੱਖ ਕਰਦਾ ਹੈ।
ਉਹਨਾਂ ਸ: ਬਾਦਲ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਬੀ ਜੇ ਪੀ ਜਿਸਦੇ ਆਗੂ ਸ਼੍ਰੀ ਅਡਵਾਨੀ ਨੂੰ ਸ: ਬਾਦਲ ਵਜ਼ੀਰ ਏ ਆਜਿ਼ਮ ਬਣਾਉਣ ਦਾ ਸੁਫਨਾ ਲੈ ਰਹੇ ਹਨ, ਉਸ ਵੱਲੋਂ ਰੋਜ਼ਾਨਾ ਮੁਸਲਿਮ ਧਰਮ ਦੇ ਸ਼੍ਰੀ ਬਾਬਰੀ ਮਸਜਿਦ ਵਾਲੇ ਅਸਥਾਨ ਉੱਤੇ ਰਾਮ ਮੰਦਰ ਬਣਾਉਣ ਦਾ ਚੀਕ-ਚਿਹਾੜਾ ਪਾ ਰਹੇ ਹਨ, ਕੀ ਸ: ਬਾਦਲ ਇਸ ਸਥਾਨ ਉੱਤੇ “ਰਾਮ ਮੰਦਰ” ਬਣਾਉਣ ਦੀ ਬੀ ਜੇ ਪੀ ਨੂੰ ਇਜ਼ਾਜਤ ਦੇਣਗੇ? ਸਿੱਖ ਕੌਮ ਦੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਸੋਚ ਅਤੇ ਪੰਜਾਬ ਦੇ ਵਪਾਰੀ ਵਰਗ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਸਰਹੱਦਾਂ ਉੱਤੇ ਲੱਗੀ ਕੰਡਿਆਲੀ ਤਾਰ ਨੂੰ ਬੀ ਜੇ ਪੀ ਤੋਂ ਖਤਮ ਕਰਵਾ ਸਕਣਗੇ? ਸ: ਮਾਨ ਨੇ ਕਿਹਾ ਕਿ ਔਰਤ ਵਰਗ ਦੀ ਬਰਾਬਰਤਾ ਦੇ ਅਧਿਕਾਰ ਤੇ ਮਾਣ ਸਨਮਾਨ ਦੇਣ ਦੇ ਮੁੱਦੇ ‘ਤੇ ਬਾਦਲ ਦਲੀਆਂ ਦਾ ਚੋਣ ਮੈਨੀਫੈਸਟੋ ਹੁਣ ਗੂੰਗਾ ਅਤੇ ਬਹਿਰਾ ਕਿਉਂ ਹੋ ਗਿਆ ਹੈ? ਕਿਉਕਿ ਇਸਲਾਮਿਕ ਪਾਕਿਸਤਾਨ ਅਤੇ ਹਿੰਦੋ ਹਿੰਦੋਸਤਾਨ ਦੋਵੇ ਮੁਲਕ ਪ੍ਰਮਾਣੂ ਤਾਕਤਾਂ ਨਾਲ ਲੈਸ ਹਨ ਅਤੇ ਇੱਕ ਦੂਸਰੇ ਦੇ ਸਦੀਆਂ ਤੋਂ ਦੁਸ਼ਮਣ ਹਨ। ਇਸ ਲਈ ਇਸ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ‘ਤੇ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਜਰਖੇਜ਼ ਧਰਤੀ ਤੇ ਸਿੱਖ ਕੌਮ ਦੀ ਅਮਲੀ ਰੂਪ ਵਿੱਚ ਆਜ਼ਾਦੀ ਨੂੰ ਸਮਰਪਿਤ “ਬੱਫਰ ਸਟੇਟ” ਕਾਇਮ ਕੀਤਾ ਜਾਵੇ। ਲੇਕਿਨ ਸਾਨੂੰ ਦੁੱਖ ਤੇ ਗਹਿਰਾ ਅਫਸੋਸ ਹੈ ਕਿ ਸ: ਬਾਦਲ ਨੇ ਇਸ ਮੈਨੀਫੈਸਟੋ ਵਿੱਚ ਸਿੱਖਾਂ ਦੇ ਬੱਫਰ ਸਟੇਟ ਦੀ ਕੋਈ ਗੱਲ ਨਾ ਕਰਕੇ ਆਪਣੇ ਆਪ ਨੂੰ ਬੀ ਜੇ ਪੀ ਤੇ ਹਿੰਦੂਤਵ ਫਿਰਕੂ ਤਾਕਤਾਂ ਦਾ ਗੁਲਾਮ ਸਾਬਿਤ ਕਰ ਦਿੱਤਾ ਹੈ।
ਸ: ਮਾਨ ਨੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਪੂਰਨ ਦ੍ਰਿੜਤਾ ਤੇ ਦਾਅਵੇ ਨਾਲ ਕਿਹਾ ਕਿ ਅਸੀਂ ਪਹਿਲੇ ਵੀ ਜੋ ਕਿਹਾ ਹੈ, ਉਸ ਉੱਤੇ ਅਮਲ ਕੀਤਾ ਹੈ। ਜੋ ਅੱਜ ਸੰਗਰੂਰ ਲੋਕ ਸਭਾ ਹਲਕੇ ਅਤੇ ਪੰਜਾਬ ਨਿਵਾਸੀਆਂ ਨਾਲ ਵਾਅਦਾ ਕਰ ਰਹੇ ਹਾਂ ਕਿ ਇਹ ਚੋਣ ਜਿੱਤਣ ਉਪਰੰਤ ਅਸੀਂ ਪਹਿਲ ਦੇ ਆਧਾਰ ਤੇ ਇੱਥੋਂ ਦੀਆਂ ਸੜਕਾਂ ਦੀ ਹੋਈ ਖਸਤਾ ਹਾਲਤ, ਪੀਣ ਵਾਲੇ ਸਾਫ ਪਾਣੀ, ਗੰਦੇ ਪਾਣੀ ਦਾ ਸਹੀ ਨਿਕਾਸ, ਇਲਾਕੇ ਨੂੰ ਉੱਚ ਦਰਜੇ ਦੀਆਂ ਵਿਦਿਅਕ, ਸਿਹਤ ਸਹੂਲਤਾਂ ਅਤੇ ਨੌਜਵਾਨੀ ਨੂੰ ਨਸਿ਼ਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਇਸ ਇਲਾਕੇ ਵਿੱਚ ਬੇਰੁਜ਼ਗਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਉਦਯੋਗ ਅਤੇ ਸੈਂਟਰ ਤੋਂ ਇੱਕ ਵਿਸ਼ੇਸ ਆਰਥਿਕ ਪੈਕੇਜ਼ ਲਿਆਂਦਾ ਜਾਵੇਗਾ ਤਾਂ ਕਿ ਇਸ ਹਲਕੇ ਦੇ ਸਰਬ ਪੱਖੀ ਵਿਕਾਸ ਰਾਹੀਂ ਨੁਹਾਰ ਬਦਲੀ ਜਾ ਸਕੇ। ਗਰੀਬਾਂ, ਦਲਿਤਾਂ ਅਤੇ ਪਛੜੇ ਵਰਗਾਂ ਦੀ ਮਾਲੀ ਹਾਲਤ ਨੂੰ ਉੱਪਰ ਚੁੱਕਣ ਹਿੱਤ ਇੱਕ ਵੱਖਰੇ ਤੌਰ ‘ਤੇ ਨੀਤੀ ਬਣਾਈ ਜਾਵੇਗੀ, ਜਿਸ ਅਨੁਸਾਰ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਵਿਦਿਆ ਅਤੇ ਸਿਹਤ ਸਹੂਲਤਾਂ ਉਚੇਚੇ ਤੌਰ ‘ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਸਾਡਾ ਮਕਸਦ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਵਰਗ ਨੂੰ ਦਰਪੇਸ਼ ਆ ਰਹੀਆਂ ਸਮੂਹ ਮੁਸ਼ਕਿਲਾਂ ਨੂੰ ਹੱਲ ਕਰਕੇ ਹਰ ਖੇਤਰ ਵਿੱਚ ਅੱਗੇ ਵਧਾਉਣਾ ਹੋਵੇਗਾ। ਕਿਉਂਕਿ ਇਹ ਵਰਗ ਹੀ ਕਿਸੇ ਪਿੰਡ, ਸ਼ਹਿਰ, ਸੂਬੇ, ਮੁਲਕ ਅਤੇ ਕੌਮ ਦੀ ਤਰੱਕੀ ਦੇ ਥੰਮ੍ਹ ਹਨ।