ਇਸਲਾਮਾਬਾਦ-ਪਾਕਿਸਤਾਨ ਵਿੱਚ ਚੋਣ ਕਮਿਸ਼ਨ ਨੇ 6 ਅਗੱਸਤ ਨੂੰ ਰਾਸ਼ਟਰਪਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਚੋਣ ਸਿਤੰਬਰ ਵਿੱਚ ਕਰਵਾਈ ਜਾਵੇਗੀ। ਪਰ ਹੁਣ ਇੱਕ ਮਹੀਨਾ ਪਹਿਲਾਂ ਹੀ ਚੋਣਾਂ ਦੀ ਇਸ ਘੋਸ਼ਣਾ ਤੋਂ ਇਹ ਸਾਬਿਤ ਹੁੰਦਾ ਹੈ ਕਿ ਸ਼ਰੀਫ਼ ਸਰਕਾਰ ਆਸਿਫ਼ ਅਲੀ ਜਰਦਾਰੀ ਨੂੰ ਜਲਦੀ ਵਿਦਾ ਕਰਨ ਦੇ ਮੂਡ ਵਿੱਚ ਹੈ।
ਚੋਣ ਕਮਿਸ਼ਨ ਦੇ ਅਧਿਕਾਰੀ ਅਨੁਸਾਰ ਮੁੱਖ ਚੋਣ ਕਮਿਸ਼ਨਰ ਨੇ ਰਾਸ਼ਟਰਪਤੀ ਚੋਣਾਂ ਦੇ ਲਈ ਪ੍ਰਸਤਾਵਿਤ ਤਾਰੀਖ ਦੀ ਮਨਜੂਰੀ ਦੇ ਦਿੱਤੀ ਹੈ।ਮੌਜੂਦਾ ਰਾਸ਼ਟਰਪਤੀ ਜਰਦਾਰੀ ਦਾ ਕਾਰਜਕਾਲ ਇਸੇ ਸਾਲ 8 ਸਿਤੰਬਰ ਨੂੰ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਦੂਸਰੇ ਕਾਰਜਕਾਲ ਲਈ ਚੋਣ ਨਹੀਂ ਲੜਨਗੇ। ਜਰਦਾਰੀ ਇਸ ਸਮੇਂ ਆਪਣੀ ਨਿਜ਼ੀ ਯਾਤਰਾ ਤੇ ਲੰਡਨ ਅਤੇ ਦੁੱਬਈ ਗਏ ਹੋਏ ਹਨ।
ਪਾਕਿਸਤਾਨ ਵਿੱਚ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਅਤੇ ਰਾਜ ਵਿਧਾਨ ਸੱਭਾ ਦੀਆਂ 42 ਖਾਲੀ ਸੀਟਾਂ ਦੇ ਲਈ ਉਪ ਚੋਣ 22 ਅਗੱਸਤ ਨੂੰ ਹੋਣੀ ਹੈ। ਚਾਰ ਰਾਜ ਵਿਧਾਨ ਸਭਾਵਾਂ ਅਤੇ ਸੰਸਦ ਦੇ ਦੋਵੇਂ ਸਦਨ ਮਿਲ ਕੇ ਰਾਸ਼ਟਰਪਤੀ ਚੋਣਾਂ ਦੇ ਲਈ ਨਿਰਵਾਚਨ ਮੰਡਲ ਦਾ ਗਠਨ ਕਰਦੇ ਹਨ ਅਤੇ ਮੱਤਦਾਨ ਅਸੈਂਬਲੀਆਂ ਵਿੱਚ ਹੀ ਕਰਵਾਇਆ ਜਾਂਦਾ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਖੁਰਸ਼ੀਦ ਸ਼ਾਹ ਨੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਪੂਰਾ ਹੋਣ ਤੋਂ ਪਹਿਲਾਂ ਚੋਣ ਕਰਵਾਏ ਜਾਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਰਾਸ਼ਟਰਪਤੀ ਚੋਣ 22 ਅਗੱਸਤ ਤੋਂ ਬਾਅਦ ਹੋਣੀ ਚਾਹੀਦੀ ਹੈ।