ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਦਲ ਨੂੰ ਆੜੇ ਹੱਥੀਂ ਲੈਂਦਿਆਂ ਉਹਨਾਂ ਵੱਲੋਂ ਭਾਜਪਾ ਆਗੂ ਨਰਿੰਦਰ ਮੋਦੀ ਨੂੰ ਬਿਨਾ ਸ਼ਰਤ ਹਮਾਇਤ ਦੇਣ ਨੂੰ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ ਹੈ। ਉਹਨਾਂ ਸ: ਬਾਦਲ ਨੂੰ ਰਸਮੀ ਚਿੱਠਿਆਂ ਦੀ ਥਾਂ ਠੋਸ ਕਦਮ ਚੁੱਕਦਿਆਂ ਸ੍ਰੀ ਮੋਦੀ ਤੋਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਦਾ ਉਜਾੜਾ ਬੰਦ ਕਰਵਾਉਣ ਕੇ ਸਿਆਸੀ ਸਮਝਦਾਰੀ ਤੇ ਸੱਚਮੁਝ ਦਾ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਲਈ ਕਿਹਾ ਹੈ।
ਉਹਨਾਂ ਸ: ਬਾਦਲ ਅਤੇ ਸ: ਸੁਖਬੀਰ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਬਾਦਲਾਂ ਵੱਲੋਂ ਕਿਸੇ ਨਿੱਜੀ ਮੁਫ਼ਾਦ ਖ਼ਾਤਰ ਫਿਰਕਾਪ੍ਰਸਤ ਅਤੇ ਪੰਜਾਬੀ ਕਿਸਾਨ ਮਾਰੂ ਸ੍ਰੀ ਮੋਦੀ ਦੀ ਪ੍ਰਧਾਨ ਮੰਤਰੀ ਅਹੁਦੇ ਲਈ ਬਿਨਾ ਸ਼ਰਤ ਹਮਾਇਤ ਦੇਣ ਨਾਲ ਨਾ ਕੇਵਲ ਬਿੱਲੀ ਬੈਠਿਓ ਬਾਹਰ ਆ ਗਈ ਹੈ ਸਗੋਂ ਬਾਦਲਾਂ ਦਾ ਅਖੌਤੀ ਕਿਸਾਨ ਹਿਤੈਸ਼ੀ ਚਿਹਰਾ ਵੀ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਹਰ ਔਖੇ ਸਮੇਂ ਪੰਜਾਬ ਦਾ ਪੰਜਾਬੀ ਭਾਈਚਾਰਾ ਆਪਣੇ ਭਰਾਵਾਂ ਲਈ ਫਿਕਰਮੰਦ ਰਹਿੰਦਾ ਆਇਆ ਹੈ ਇਸ ਲਈ ਉਕਤ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮਸਲਾ ਗੰਭੀਰ ਚਿੰਤਾ ਦਾ ਵਿਸ਼ਾ ਅਤੇ ਹੁਣ ਸਮੂਹ ਪੰਜਾਬੀਆਂ ਦਾ ਮਸਲਾ ਬਣ ਚੁੱਕਿਆ ਹੈ। ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਲਈ ਉਮੀਦਵਾਰ ਫਿਰਕੂ ਸੋਚ ਦਾ ਮੁਦਈ ਹੋਣ ਸਦਕਾ ਪੰਜਾਬੀਆਂ ਅਤੇ ਗੈਰ ਪੰਜਾਬੀਆਂ ਦਾ ਕਦੀ ਵੀ ਸਕਾ ਨਹੀਂ ਬਣ ਸਕਦਾ । ਉਹਨਾਂ ਕਿਹਾ ਕਿ ਗੁਜਰਾਤ ਵਿੱਚੋਂ ਹਜ਼ਾਰਾਂ ਪੰਜਾਬੀ ਕਿਸਾਨਾਂ ਨੂੰ ਹਰ ਹਾਲ ਵਿੱਚ ਉਜਾੜਨ ਲਈ ਤੁਲੇ ਸ੍ਰੀ ਮੋਦੀ ਦੀ ਹਮਾਇਤ ਕਰ ਕੇ ਸ: ਬਾਦਲਾਂ ਨੇ ਪੰਜਾਬੀਆਂ ਨਾਲ ਵੱਡਾ ਧੋਖਾ ਕਮਾਇਆ ਹੈ।
ਅਤੀਤ ਦੀ ਗਲ ਕਰਦਿਆਂ ਫ਼ਤਿਹ ਬਾਜਵਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਸੱਦੇ ’ਤੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਗੁਜਰਾਤ ਦੇ ਭੁੱਜ ਸਮੇਤ ਵੱਖ ਵੱਖ ਥਾਂਈਂ ਸਰਕਾਰ ਵੱਲੋਂ ਵਿਸ਼ੇਸ਼ ਸਕੀਮ ਤਹਿਤ ਅਲਾਟ ਕੀਤੀਆਂ ਗਈਆਂ ਬੇਆਬਾਦ ਤੇ ਬੰਜਰ ਜ਼ਮੀਨਾਂ ਨੂੰ ਚਾਰ ਦਹਾਕਿਆਂ ਦੌਰਾਨ ਸਖ਼ਤ ਮਿਹਨਤ ਨਾਲ ਆਬਾਦ ਕਰ ਕੇ ਆਪਣੀ ਰੋਜ਼ੀ ਰੋਟੀ ਦਾ ਸਾਧਨ ਜੁਟਾਉਣ ਤੋ ਇਲਾਵਾ ਗੁਜਰਾਤ ਦੇ ਵਿਕਾਸ ਲਈ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਜ਼ਮੀਨਾਂ ਦੀਆਂ ਰਜਿਸਟਰੀਆਂ ਪੰਜਾਬੀ ਕਿਸਾਨਾਂ ਦੇ ਨਾਮ ਹੋਣ ਦੇ ਬਾਵਜੂਦ ਮੋਦੀ ਪੰਜਾਬੀ ਕਿਸਾਨਾਂ ਦਾ ਉਜਾੜਾ ਕਰ ਕੇ ਉਹਨਾਂ ਨੂੰ ਹਰ ਹਾਲ ਵਿੱਚ ਤਬਾਹ ਕਰਨ ਲਈ ਇਨ੍ਹਾਂ ਦ੍ਰਿੜ੍ਹ ਹੈ ਕਿ ਉਸ ਨੇ ਅਹਿਮਦਾਬਾਦ ਹਾਈ ਕੋਰਟ ਤਿੰਨ ਸਤਿਕਾਰਯੋਗ ਜੱਜਾਂ ਦੇ ਬੈਚ ਵੱਲੋਂ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਆਉਣ ਉਪਰੰਤ ਵੀ ਉਕਤ ਫੈਸਲੇ ਖ਼ਿਲਾਫ਼ ਖ਼ਿਲਾਫ਼ ਸੁਪਰੀਮ ਕੋਰਟ ਚਲਾ ਗਿਆ।
ਉਹਨਾਂ ਮੋਦੀ ਵੱਲੋਂ ਪੰਜਾਬੀਆਂ ਨਾਲ ਖੂਨ ਦਾ ਰਿਸ਼ਤਾ ਹੋਣ ਦੇ ਦਾਅਵਿਆਂ ’ਤੇ ਚੋਟ ਕਰਦਿਆਂ ਕਿਹਾ ਕਿ ਸ: ਬਾਦਲ ਬੇਸ਼ਕ ਮੋਦੀ ਵੱਲੋਂ ਭੇਜੀਆਂ ਗਈਆਂ ਗਾਵਾਂ ਦਾ ਦੁੱਧ ਪੀ ਦਾ ਹੋਵੇ ਪਰ ਪੰਜਾਬੀ ਖਾਣਾ ਖਾਣ ਤੋਂ ਇਨਕਾਰੀ ਰਹੇ ਮੋਦੀ ਨੂੰ ਗੁਜਰਾਤ ਵਿੱਚ ਵਸ ਰਹੇ ਪੰਜਾਬੀਆਂ ਦਾ ਖੂਨ ਚੂਸ ਤੋਂ ਰੋਕਣ ਲਈ ਬਤੌਰ ਪੰਜਾਬ ਦਾ ਮੁੱਖ ਮੰਤਰੀ ਬਣਦਾ ਸਰਕਾਰੀ ਅਤੇ ਨੈਤਿਕ ਫਰਜ਼ ਨਿਭਾਉਣਾ ਚਾਹੀਦਾ ਹੈ।
ਉਹਨਾਂ ਦੋਸ਼ ਲਾਇਆ ਕਿ ਮੋਦੀ ਨੇ ਆਪਣੇ ਸਮਰਥਕ ਕਈ ਭੂ ਮਾਫੀਆ ਗਰੁੱਪਾਂ ਨੂੰ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਕਰਨ ਅਤੇ ਉਹਨਾਂ ਨੂੰ ਪਰਿਵਾਰਾਂ ਸਮੇਤ ਉੱਥੋਂ ਜਬਰੀ ਬਾਹਰ ਕੱਢ ਦੇਣ ਦੀ ਖੁੱਲ ਦੇ ਰੱਖੀ ਹੈ। ਅੱਜ ਮੋਦੀ ਸਰਕਾਰ ਦੀ ਬੇਰੁਖੀ ਅਤੇ ਘਟ ਗਿਣਤੀਆਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਪੰਜਾਬੀ ਅਤੇ ਗੈਰ ਗੁਜਰਾਤੀ ਕਿਸਾਨ ਤਬਾਹੀ ਕੰਢੇ ਪਹੁੰਚ ਗਏ ਹਨ ਅਤੇ ਹਜ਼ਾਰਾਂ ਪੰਜਾਬੀ ਕਿਸਾਨ ਤਾਂ ਆਪਣੀਆਂ ਜਾਨਾਂ ਦੀ ਸਲਾਮਤੀ ਖ਼ਾਤਰ ਆਪਣੀਆਂ ਕੀਮਤੀ ਜ਼ਮੀਨਾਂ ਛੱਡ ਕੇ ਪਿਤਰੀ ਰਾਜ ਪੰਜਾਬ ਦੌੜ ਆਉਣ ਲਈ ਮਜਬੂਰ ਹਨ।
ਉਹਨਾਂ ਕਿਹਾ ਕਿ ਮੋਦੀ ਦਾ ਰੋਲ ਗੈਰ ਮਾਨਵੀ ਅਤੇ ਅਤਿ ਨਿੰਦਣਯੋਗ ਹੈ, ਪੰਜਾਬ ਕਾਂਗਰਸ ਗੁਜਰਾਤ ਵਸੇ ਪੰਜਾਬੀ ਕਿਸਾਨਾਂ ਦੀ ਬਾਂਹ ਫੜੇਗੀ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਉਕਤ ਮੁੱਦੇ ਨੂੰ ਸੰਜੀਦਗੀ ਨਾਲ ਲੈ ਰਿਹਾ ਹੈ ਤੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਕੇਂਦਰ ਸਰਕਾਰ ਤਕ ਪਹੁੰਚ ਕਰਨ ਤੋਂ ਇਲਾਵਾ ਕਾਂਗਰਸ ਹਰ ਤਰਾਂ ਠੋਸ ਕਦਮ ਉਠਾਏਗੀ।