ਫਤਹਿਗੜ੍ਹ ਸਾਹਿਬ – “ਭਾਵੇ ਆਰ.ਐਸ.ਐਸ, ਬੀਜੇਪੀ ਜਾਂ ਹੋਰ ਫਿਰਕੂ ਦਲ ਹਿੰਦੂ ਰਾਸ਼ਟਰਵਾਦ ਵਾਲੀ “ਹਿੰਦੂਤਵ” ਸੋਚ ਨੂੰ ਹਿੰਦ ਵਿਚ ਵੱਸਣ ਵਾਲੀਆਂ ਮੁਸਲਿਮ ਅਤੇ ਸਿੱਖ ਕੌਮਾਂ ਉਤੇ ਜ਼ਬਰੀ ਲਾਗੂ ਕਰਕੇ ਗੁਲਾਮ ਬਣਾਉਣ ਦੀ ਮੰਦਭਾਵਨਾ ਰੱਖਦੀਆਂ ਹਨ ਅਤੇ ਅਜਿਹੀਆਂ ਸਾਜਿ਼ਸਾਂ ਉਤੇ ਕੰਮ ਕਰ ਰਹੀਆਂ ਹਨ । ਪਰ ਮੁਸਲਿਮ ਅਤੇ ਸਿੱਖ ਜੋ ਮਾਰਸ਼ਲ ਕੌਮਾਂ ਹਨ, ਉਹ ਇਹਨਾਂ ਦੀ ਨਫ਼ਰਤ ਫੈਲਾਉਣ ਵਾਲੀ ਇਸ ਫਿਰਕੂ ਸੋਚ ਨੂੰ ਕਤਈ ਪ੍ਰਵਾਨ ਨਹੀਂ ਕਰਗੀਆਂ । ਕਿਉਂਕਿ ਸਿੱਖ ਅਤੇ ਮੁਸਲਿਮ ਕੌਮਾਂ ਆਪਣੇ ਆਪ ਵਿਚ ਇਤਿਹਾਸਿਕ ਅਤੇ ਰਾਜਨੀਤਿਕ ਤੌਰ ਤੇ ਅਜ਼ਾਦ ਕੌਮਾਂ ਹਨ ਅਤੇ ਇਹਨਾਂ ਦੋਵੇ ਕੌਮਾਂ ਦਾ ਆਪੋ-ਆਪਣਾ ਵੱਖਰਾ ਇਤਿਹਾਸ ਅਤੇ ਵਿਰਸਾ ਹੈ । ਇਹ ਦੋਵੇ ਕੌਮਾਂ ਅੱਜ ਆਪਣੀ ਸੰਪੂਰਨ ਪ੍ਰਭੂਸਤ੍ਹਾ (ਬਾਦਸ਼ਾਹੀ) ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਜਿਥੇ ਸੰਘਰਸ਼ ਕਰ ਰਹੀਆਂ ਹਨ, ਉਥੇ ਹਿੰਦੂਤਵ ਨੂੰ ਦ੍ਰਿੜਤਾ ਨਾਲ ਚੁਣੋਤੀ ਵੀ ਦੇ ਰਹੀਆਂ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਕਸ਼ਮੀਰ ਤੋ ਆਪਣੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨਾਲ ਉਥੋ ਦੀ ਮੁਸਲਿਮ ਲੀਡਰਸਿਪ ਨਾਲ ਹੋਈਆਂ ਮੁਲਾਕਾਤਾਂ ਦੇ ਵੇਰਵੇ ਦਿੰਦੇ ਹੋਏ ਦੋਵਾਂ ਕੌਮਾਂ ਦੇ ਬਿਨ੍ਹਾਂ ਤੇ ਵਿਚਾਰ ਪ੍ਰਗਟਾਉਦੇ ਹੋਏ ਜ਼ਾਹਰ ਕੀਤੇ । ਸ. ਮਾਨ ਨੇ ਕਿਹਾ ਕਿ ਅਸੀ ਕਸ਼ਮੀਰ ਦਾ ਦੌਰਾ ਇਸ ਲਈ ਕਰ ਰਹੇ ਹਾਂ ਕਿਉਂਕਿ ਉਥੋ ਦੀ ਉਮਰ ਅਬੁਦੱਲਾ ਹਕੂਮਤ, ਫ਼ੌਜ, ਸਰਕਾਰੀ ਏਜੰਸੀਆਂ ਅਤੇ ਅਰਧ ਸੈਨਿਕ ਬਲ ਕਸ਼ਮੀਰੀਆਂ ਦੇ ਹੱਕ-ਹਕੂਕਾ ਨੂੰ ਗੋਲੀ ਅਤੇ ਬੰਦੂਕ ਨਾਲ ਕੁਚਲਣ ਦੇ ਦੁੱਖਦਾਂਇਕ ਅਮਲ ਕਰ ਰਹੀਆਂ ਹਨ । ਬੀਤੇ ਕਾਫ਼ੀ ਲੰਮੇਂ ਸਮੇਂ ਤੋ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਉਲੰਘਣ ਹੁੰਦਾ ਆ ਰਿਹਾ ਹੈ । ਬੀਤੇ ਕੁਝ ਸਾਲ ਪਹਿਲੇ ਚਿੱਠੀ ਸਿੰਘ ਪੁਰਾ ਵਿਚ 43 ਬੇਕਸੂਰ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਖ਼ਤਮ ਕਰ ਦੇਣ ਦੀ ਸਾਜਿ਼ਸ ਵੀ ਹਿੰਦ ਹਕੂਮਤ ਤੇ ਏਜੰਸੀਆਂ ਦੀ ਸੀ। ਤਾਂ ਕਿ ਇਸ ਵਰਤਾਰੇ ਨੂੰ ਮੁਸਲਿਮ ਖਾੜਕੂਆਂ ਦੇ ਸਿਰ ਮੜ੍ਹਕੇ ਮੁਸਲਿਮ ਅਤੇ ਸਿੱਖ ਕੌਮ ਵਿਚ ਦੁਸ਼ਮਣੀ ਪੈਦਾ ਕੀਤੀ ਜਾ ਸਕੇ । ਇਸ ਕਤਲੇਆਮ ਦੇ ਦੋਸ਼ੀ ਕਾਤਲਾਂ ਨੂੰ ਅੱਜ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ । ਜੋ ਸਾਜਿ਼ਸ ਨੂੰ ਪ੍ਰਤੱਖ ਕਰਦਾ ਹੈ । ਉਹਨਾਂ ਕਿਹਾ ਕਿ ਜੇਕਰ ਕਸ਼ਮੀਰੀ ਜਾਂ ਮੁਸਲਿਮ ਕੌਮ ਆਪਣੇ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਪੂਰਨ ਅਜ਼ਾਦੀ ਦੀ ਮੰਗ ਕਰਦੀ ਹੈ, ਤਾਂ ਇਸ ਵਿਚ ਕੋਈ ਵੀ ਵਿਧਾਨਿਕ ਤੌਰ ਤੇ ਜਾਂ ਮਨੁੱਖਤਾ ਦੇ ਤੌਰ ਤੇ ਕੁਝ ਵੀ ਗਲਤ ਨਹੀਂ ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਵਫਦ ਭਾਵੇ ਸ੍ਰੀਨਗਰ ਵਿਚ ਗਿਆ, ਭਾਵੇ ਰਜੋਰੀ, ਭਾਵੇ ਪੁੰਛ, ਭਾਵੇ ਬਰਗਾਓ ਜਿਥੇ ਵੀ ਅਸੀ ਗਏ ਤਾਂ ਉਥੋ ਦੇ ਸਿੱਖਾਂ ਅਤੇ ਮੁਸਲਮਾਨਾਂ ਨੇ ਸਾਡਾ ਜੋਸ-ਖਰੋਸ ਨਾਲ ਸਵਾਗਤ ਕੀਤਾ । ਜਿਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਉਥੋ ਦੀ ਉਮਰ ਅਬਦੁੱਲਾ ਹਕੂਮਤ, ਸੈਟਰ ਦੀ ਯੂਪੀਏ ਹਕੂਮਤ ਉਥੋ ਦੇ ਬਸਿੰਦੇ ਮੁਸਲਮਾਨਾਂ ਅਤੇ ਸਿੱਖਾਂ ਉਤੇ ਤਾਨਾਸ਼ਾਹੀ ਸੋਚ ਅਧੀਨ ਦਬਾਕੇ ਰੱਖਣਾ ਚਾਹੁੰਦੀਆਂ ਹਨ । ਜੋ ਕਿਸੇ ਤਰ੍ਹਾਂ ਵੀ ਜ਼ਾਇਜ ਨਹੀਂ । ਉਹਨਾਂ ਕਿਹਾ ਕਿ ਜੇਕਰ ਕੋਈ ਫੁੱਟਬਾਲ ਨੂੰ ਤਾਕਤ ਨਾਲ ਦਬਾਉਣ ਦੀ ਕੋਸਿ਼ਸ਼ ਕਰੇਗਾ ਤਾਂ ਉਹ ਦਬਾਉਣ ਵਾਲੇ ਦੇ ਮੂੰਹ ਤੇ ਹੀ ਉੱਭੜਕੇ ਵੱਜੇਗੀ । ਜਿਸਦੇ ਨਤੀਜੇ ਕਦੀ ਵੀ ਸਹੀ ਨਹੀਂ ਨਿਕਲ ਸਕਦੇ । ਉਹਨਾਂ ਕਿਹਾ ਕਿ ਸਾਡਾ ਵਫਦ ਮੁਸਲਿਮ ਅਤੇ ਸਿੱਖ ਆਗੂਆਂ ਨਾਲ ਜਮਹੂਰੀਅਤ ਅਤੇ ਅਮਨਮਈ ਤਰੀਕੇ ਮੁਲਾਕਾਤਾਂ ਕਰ ਰਿਹਾ ਹੈ ਜੋਕਿ ਸਾਡਾ ਵਿਧਾਨਿਕ ਹੱਕ ਹੈ । ਲੇਕਿਨ ਫਿਰ ਵੀ ਉਥੋ ਦੀ ਸਰਕਾਰ ਸਾਨੂੰ ਇਹ ਮੁਲਾਕਾਤਾਂ ਕਰਨ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ ਜੋਕਿ ਆਪਣੇ ਆਪ ਵਿਚ ਵੱਡੀ ਬੇਇਨਸਾਫ਼ੀ ਅਤੇ ਵਿਧਾਨਿਕ ਵਿਤਕਰਾ ਹੈ । ਉਹਨਾਂ ਮੁਸਲਿਮ ਅਤੇ ਸਿੱਖ ਦੋਵੇ ਕੌਮਾਂ ਨੂੰ ਆਰ.ਐਸ.ਐਸ, ਬੀਜੇਪੀ ਦੀ ਹਿੰਦੂਤਵ ਸੋਚ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਜਮਾਤਾਂ ਇਥੋ ਦੀਆਂ ਘੱਟ ਗਿਣਤੀ ਕੌਮਾਂ ਉਤੇ “ਹਿੰਦੂ ਰਾਸ਼ਟਰਵਾਦੀ” ਹੋਣ ਦੀ ਗੱਲ ਥੋਪਕੇ ਇਥੇ ਜ਼ਬਰੀ ਵੱਖ-ਵੱਖ ਕੌਮਾਂ ਵਿਚ ਨਫ਼ਰਤ ਵੀ ਪੈਦਾ ਕਰਨਾ ਚਾਹੁੰਦੀਆਂ ਹਨ, ਜਿਸ ਨੂੰ ਮੁਸਲਿਮ ਅਤੇ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰਨਗੀਆਂ । ਇਸ ਲਈ ਦੋਵੇ ਕੌਮਾਂ ਨੂੰ ਜਿੰਨੀ ਜਲਦੀ ਹੋ ਸਕੇ, ਦੋਵੇ ਕੌਮਾਂ ਦੀ ਲੀਡਰਸਿਪ ਇਕ ਪਲੇਟਫਾਰਮ ਤੇ ਇਕੱਤਰ ਹੋਕੇ, “ਹਿੰਦੂਤਵ” ਰੂਪੀ ਅਜ਼ਗਰ ਨੂੰ ਚੁਣੋਤੀ ਵੀ ਦੇਣ ਅਤੇ ਉਸਦੀ ਸਿਰੀ ਭੰਨਣ ਲਈ ਆਪਣੇ ਇਤਿਹਾਸਿਕ ਢੰਗਾਂ ਦੀ ਬਾਖੂਬੀ ਵਰਤੋਂ ਕਰਦੇ ਹੋਏ ਅਮਲੀ ਰੂਪ ਵਿਚ ਏਕਤਾ ਦਾ ਸਬੂਤ ਦੇਣ ਤਾਂ ਕਿ ਘੱਟ ਗਿਣਤੀ ਕੌਮਾਂ ਆਪਣੀ ਸੰਪੂਰਨ ਅਜ਼ਾਦੀ ਨਾਲ ਵੱਧ-ਫੁੱਲ ਸਕਣ । ਸ. ਮਾਨ ਨੇ ਅਖੀਰ ਵਿਚ ਇਹ ਵੀ ਮੰਗ ਕੀਤੀ ਕਿ ਦੋਵੇ ਕੌਮਾਂ ਨੂੰ ਹਿੰਦ ਦੇ ਵਿਧਾਨਿਕ ਨਿਯਮਾਂ ਅਨੁਸਾਰ “ਰਾਇ-ਸੁਮਾਰੀ” (ਫਲੲਬਸਿਚਟਿੲ) ਅਨੁਸਾਰ ਆਪਣਾ ਫੈਸਲਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਤਾਂ ਕਿ ਇਹ ਦੋਵੇ ਕੌਮਾਂ ਆਪਣੀ ਅਜ਼ਾਦੀ ਨਾਲ ਫੈਸਲਾ ਕਰ ਸਕਣ ਕਿ ਉਹਨਾਂ ਨੇ ਹਿੰਦੂਤਵ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨਾ ਹੈ ਜਾਂ ਫਿਰ ਅਜ਼ਾਦ ਹੋਣਾ ਹੈ ? ਉਸ ਰਾਇ ਸੁਮਾਰੀ ਅਨੁਸਾਰ ਦੋਵੇ ਕੌਮਾਂ ਦਾ ਫੈਸਲਾ ਹੋਣਾ ਚਾਹੀਦਾ ਹੈ । ਅਜਿਹਾ ਉੱਦਮ ਕਰਕੇ ਹੀ ਹੁਕਮਰਾਨ ਸਿੱਖ ਅਤੇ ਮੁਸਲਿਮ ਕੌਮ ਦੀ ਸੰਤੁਸਟੀ ਕਰ ਸਕਦੇ ਹਨ, ਵਰਨਾ ਦੋਵਾਂ ਕੌਮਾਂ ਵਿਚ ਬੇਇਨਸਾਫ਼ੀਆਂ ਅਤੇ ਵਿਤਕਰਿਆਂ ਨੂੰ ਲੈਕੇ ਵੱਧਦੇ ਜਾ ਰਹੇ ਰੋਹ ਦੇ ਨਤੀਜੇ ਕਦੀ ਵੀ ਮਨੁੱਖਤਾ ਪੱਖੀ ਨਹੀਂ ਹੋਣਗੇ । ਆਉਣ ਵਾਲੇ ਦਿਨਾਂ ਵਿਚ ਇਹ ਵਫਦ ਜਿਥੇ ਮੁਸਲਿਮ ਆਗੂ ਸਬੀਰ ਸ਼ਾਹ, ਸ੍ਰੀ ਯਾਸਿਨ ਮਲਿਕ ਅਤੇ ਹੋਰਨਾ ਨੂੰ ਮਿਲੇਗਾ, ਉਥੇ ਸ੍ਰੀਨਗਰ ਵਿਚ ਸ੍ਰੀ ਉਮਰ ਅਬਦੁੱਲਾ ਮੁੱਖ ਮੰਤਰੀ ਜੰਮੂ-ਕਸ਼ਮੀਰ ਨਾਲ ਵੀ ਸਿੱਖ ਅਤੇ ਮੁਸਲਿਮ ਮਸਲਿਆਂ ਨੂੰ ਲੈਕੇ ਮੁਲਾਕਾਤ ਕਰੇਗਾ ।