ਨਵੀਂ ਦਿੱਲੀ- ਨੋਬਲ ਪਰਾਈਜ਼ ਨਾਲ ਸਨਮਾਨਿਤ ਅਤੇ ਪ੍ਰਸਿੱਧ ਅਰਥ ਸ਼ਾਸ਼ਤਰੀ ਅਮਰਤਿਆ ਸੇਨ ਨੇ ਕਿਹਾ ਹੈ ਕਿ ਉਹ ਗੁਜਰਾਤ ਦੇ ਮੁੱਖਮੰਤਰੀ ਅਤੇ ਭਾਜਪਾ ਦੀ ਚੋਣ ਪਰਚਾਰ ਕਮੇਟੀ ਦੇ ਪ੍ਰਧਾਨ ਨਰੇਂਦਰ ਮੋਦੀ ਨੂੰ ਪ੍ਰਧਾਨਮੰਤਰੀ ਦੇ ਤੌਰ ਤੇ ਵੇਖਣਾ ਪਸੰਦ ਨਹੀਂ ਕਰਨਗੇ।
ਸੇਨ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਯੂ ਦੌਰਾਨ ਕਿਹਾ, ‘ਇੱਕ ਹਿੰਦੂਸਤਾਨੀ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦਾ ਕਿ ਮੋਦੀ ਪ੍ਰਧਾਨਮੰਤਰੀ ਬਣੇ’।ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਘੱਟ-ਗਿਣਤੀ ਨੂੰ ਸੁਰੱਖਿਆ ਮੁਹਈਆ ਕਰਵਾਉਣ ਲਈ ਕੋਈ ਖਾਸ ਯਤਨ ਨਹੀਂ ਕੀਤੇ। ਉਨ੍ਹਾਂ ਨੇ ਮੋਦੀ ਮਾਡਲ ਦੇ ਵਿਕਾਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਉਸ ਮਾਡਲ ਦੇ ਹੱਕ ਵਿੱਚ ਨਹੀਂ ਹਨ। ਸੇਨ ਨੇ ਬਿਹਾਰ ਦੇ ਵਿਕਾਸ ਮਾਡਲ ਦੀ ਤਾਰੀਫ਼ ਕੀਤੀ। 2014 ਵਿੱਚ ਆ ਰਹੀਆਂ ਲੋਕ ਸੱਭਾ ਚੋਣਾਂ ਦੇ ਮੱਦੇ ਨਜ਼ਰ ਸੇਨ ਵੱਲੋਂ ਗੁਜਰਾਤ ਮਾਡਲ ਦੀ ਜਗ੍ਹਾ ਬਿਹਾਰ ਮਾਡਲ ਦੀ ਤਾਰੀਫ਼ ਨੂੰ ਰਾਜਨੀਤਕ ਤੌਰ ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਅਮਰਤਿਆ ਸੇਨ ਨੇ ਕਿਹਾ ਕਿ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਇਸ ਨੂੰ ਸਮਾਜਿਕ ਬਦਲਾਅ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਸਮਾਜਿਕ ਬਦਲਾਅ ਤੋਂ ਬਿਨਾਂ ਵਿਕਾਸ ਬਹੁਤ ਹੱਦ ਤੱਕ ਬੇਮਾਨਾ ਅਤੇ ਅਸਥਾਈ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਵਿਕਾਸ ਮਾਡਲ ਵਿੱਚ ਸਮਾਜਿਕ ਬਦਲਾ ਨੂੰ ਸਥਾਨ ਦਿੱਤਾ ਗਿਆ ਹੈ, ਜਦੋਂ ਕਿ ਗੁਜਰਾਤ ਦੇ ਵਿਕਾਸ ਮਾਡਲ ਵਿੱਚ ਅਜਿਹਾ ਨਹੀਂ ਹੈ।ਇਸ ਸਮੇਂ ਸੇਨ ਵੱਲੋਂ ਮੋਦੀ ਤੇ ਕੀਤਾ ਗਿਆ ਵਾਰ ਬਿਹਾਰ ਦੇ ਮੁੱਖਮੰਤਰੀ ਨਤੀਸ਼ ਅਤੇ ਕਾਂਗਰਸ ਦੇ ਪੱਖ ਵਿੱਚ ਜਾਵੇਗਾ।