ਲੰਡਨ- ਬ੍ਰਿਟੇਨ ਦੇ ਸ਼ਾਹੀ ਪਰੀਵਾਰ ਦੀ ਨੂੰਹ ਕੇਟ ਨੇ ਪੱਛਮੀ ਲੰਡਨ ਦੇ ਸੇਂਟ ਮੇਰੀ ਹਸਪਤਾਲ ਵਿੱਚ ਸੋਮਵਾਰ ਨੂੰ ਲੰਡਨ ਦੇ ਸਮੇਂ ਅਨੁਸਾਰ ਸ਼ਾਮ ਦੇ 4.24 ਵਜੇ ਇੱਕ ਛੋਟੇ ਜਿਹੇ ਰਾਜਕੁਮਾਰ ਨੂੰ ਜਨਮ ਦਿੱਤਾ ਹੈ। ਰਾਇਲ ਬੇਬੀ ਦਾ ਵਜ਼ਨ 8 ਪੌਂਡ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ।ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਦਾ ਜਨਮ ਵੀ ਇਸੇ ਹਸਪਤਾਲ ਵਿੱਚ ਹੀ ਹੋਇਆ ਸੀ।
ਕੇਟ ਅਤੇ ਵਿਲੀਅਮ ਦਾ ਇਹ ਪਹਿਲਾ ਬੱਚਾ ਜਨਮ ਲੈਂਦੇ ਸਾਰ ਹੀ ਰਾਜਗਦੀ ਦੇ ਉਤਰਾਅਧਿਕਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ।ਕੇਟ ਨੇ ਨਾਰਮਲ ਡਲਿਵਰੀ ਦੀ ਇੱਛਾ ਜਾਹਿਰ ਕੀਤੀ ਸੀ। ਵਿਲੀਅਮ ਵੀ ਰਾਇਲ ਬੇਬੀ ਦੇ ਜਨਮ ਸਮੇਂ ਮੌਜੂਦ ਸਨ।ਬੱਚੇ ਦੇ ਜਨਮ ਦੀ ਸੂਚਨਾ ਮਿਲਣ ਤੋਂ ਬਾਅਦ ਬ੍ਰਿਟੇਨ ਵਿੱਚ ਜਸ਼ਨ ਦਾ ਮਾਹੌਲ ਹੈ।ਬੇਬੀ ਦੇ ਜਨਮ ਦੇ ਨਾਲ ਹੀ ਲੰਡਨ ਦੇ ਫਵਾਰਿਆਂ ਦਾ ਰੰਗ ਨੀਲੇ ਰੰਗ ਦਾ ਹੋ ਗਿਆ। ਜਦੋਂ ਤੱਕ ਬੱਚੇ ਦਾ ਨਾਂ ਨਹੀਂ ਰੱਖਿਆ ਜਾਂਦਾ ਤਾਂ ਉਸ ਨੂੰ ਬੇਬੀ ਕੈਂਬ੍ਰਿਜ ਹੀ ਪੁਕਾਰਿਆ ਜਾਵੇਗਾ।
ਮਹਾਰਾਣੀ ਅਤੇ ਛੋਟੇ ਪ੍ਰਿੰਸ ਦੀ ਪੜਦਾਦੀ ਇਲੈਜ਼ਬੇਥ ਉਸ ਸਮੇਂ ਰਾਜਮਹਿਲ ਵਿੱਚ ਹੀ ਸੀ ਅਤੇ ਕੇਟ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰ ਰਹੀ ਸੀ। ਬ੍ਰਿਟੇਨ ਦੇ ਪ੍ਰਧਾਨਮੰਤਰੀ ਕੈਮਰਨ ਨੇ ਨੰਨੇ ਰਾਜਕੁਮਾਰ ਦੇ ਜਨਮ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ਼ਾਹੀ ਪ੍ਰੀਵਾਰ ਨੂੰ ਵਧਾਈ ਦਿੱਤੀ ਹੈ।ਰਾਇਲ ਬੇਬੀ ਦੇ ਨਾਂ ਤੇ ਵਿਕਣ ਵਾਲੇ ਖਿਡੌਣਿਆਂ, ਕੱਪ-ਪਲੇਟਸ ਅਤੇ ਕਪੜਿਆਂ ਉਪਰ ਵਿਲੀਅਮ ਅਤੇ ਕੇਟ ਦੀਆਂ ਤਸਵੀਰਾਂ ਹਨ। ਕੇਟ ਦੇ ਅੰਕਲ ਗੈਰੀ ਗੋਲਡਸਮਿਥ ਨੇ ਰਾਇਲ ਬੇਬੀ ਲਈ 24 ਕੈਰਿਟ ਸੋਨੇ ਦੀ ਹਾਥੀ ਦੀ ਸ਼ਕਲ ਵਿੱਚ ਖਿਡੌਣਾ ਗੱਡੀ ਬਣਾਈ ਹੈ।
ਸੇਂਟ ਮੇਰੀ ਹਸਪਤਾਲ ਦੇ ਬਾਹਰ ਲੋਕਾਂ ਦੀ ਬਹੁਤ ਵੱਡੀ ਭੀੜ ਲਗੀ ਹੋਈ ਹੈ।ਸ਼ਾਹੀ ਪ੍ਰੀਵਾਰ ਨੂੰ ਸੱਭ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ। ਦੇਸ਼ ਵਿਦੇਸ਼ ਦਾ ਮੀਡੀਆ ਬ੍ਰਿਟਿਸ਼ ਪ੍ਰੀਵਾਰ ਦੀ ਖੁਸ਼ੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਲਈ ਤਤਪਰ ਹੈ।