ਪਟਨਾ- ਬਿਹਾਰ ਸੱਤਾਧਾਰੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਹ ਨੇ ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਤੇ ਦੇਸ਼ ਦੀ ਆਖੰਡਤਾ ਅਤੇ ਏਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਭਾਗਵਤ ਦੇ ਖਿਲਾਫ਼ ਅਪਰਾਧਿਕ ਮੁਕੱਦਮਾ ਚਲਾ ਕੇ ਉਸ ਨੂੰ ਜੇਲ੍ਹ ਭੇਜਿਆ ਜਾਵੇ ਅਤੇ ਆਰਐਸਐਸ ਨੂੰ ਬੈਨ ਕੀਤਾ ਜਾਵੇ।
ਖੇਤੀਬਾੜੀ ਮੰਤਰੀ ਨਰੇਂਦਰ ਸਿੰਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਗਵਤ ਦਾ ਇਹ ਕਹਿਣਾ ਕਿ ਦੇਸ਼ ਦੀ ਆਖੰਡਤਾ ਅਤੇ ਏਕਤਾ ਹਿੰਦੂਤਵ ਨਾਲ ਹੀ ਬਣੀ ਰਹਿ ਸਕਦੀ ਹੈ ਜਾਂ ਦੇਸ਼ ਦੇ ਸੰਕਟ ਹਿੰਦੂਤਵ ਦੁਆਰਾ ਹੀ ਖਤਮ ਕੀਤੇ ਜਾ ਸਕਦੇ ਹਨ, ਭਾਰਤ ਦੇ ਸੰਵਿਧਾਨ ਦਾ ਖੁਲ੍ਹਾ ਮਜਾਕ ਹੈ। ਇੱਕ ਪਾਸੇ ਅਸੀਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਹਾਂ ਅਤੇ ਦੂਸਰੀ ਤਰਫ਼ ਕੁਝ ਲੋਕ ਇੱਕ ਕੌਮ ਜਾਂ ਧਰਮ ਨੂੰ ਹੀ ਸਾਰੇ ਸੰਕਟਾਂ ਦਾ ਹਲ ਮੰਨਦੇ ਹਨ। ਉਨ੍ਹਾਂ ਨੇ ਕਿਹਾ ਭਾਗਵਤ ਅਜਿਹੇ ਬਿਆਨ ਦੇ ਕੇ ਭਾਰਤ ਦੀ ਏਕਤਾ ਅਤੇ ਆਖੰਡਤਾ ਨੂੰ ਖਤਰੇ ਵਿੱਚ ਪਾਉਣ ਦਾ ਕੋਝਾ ਯਤਨ ਕਰ ਰਹੇ ਹਨ। ਇਸ ਲਈ ਭਾਗਵਤ ਦੇ ਖਿਲਾਫ਼ ਅਪਰਾਧਿਕ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੇ ਆਰੋਪ ਵਿੱਚ ਮੁਕੱਦਮਾ ਚਲਾ ਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਪਾਰਟੀ ਦੇਸ਼ ਵਿੱਚ ਸੰਪਰਦਾਇਕਤਾ ਨੂੰ ਸ਼ਹਿ ਦੇ ਰਹੀ ਹੈ ਅਤੇ ਨਾਲ ਹੀ ਦੇਸ਼ ਵਿੱਚ ਸੰਪਰਦਾਇਕਤਾ ਦਾ ਜਹਿਰ ਫੈਲਾਉਣ ਵਿੱਚ ਲਗੀ ਹੋਈ ਹੈ।