ਫਤਹਿਗੜ੍ਹ ਸਾਹਿਬ – “ਸ੍ਰੀ ਅਕਾਲ ਤਖ਼ਤ ਸਾਹਿਬ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਵੱਡਮੁੱਲੇ “ਮੀਰੀ-ਪੀਰੀ” ਦੇ ਸਿਧਾਤ ਦੀ ਪ੍ਰਤੀਕ ਹੈ । ਜਿਥੋ ਗੁਰੂ ਸਾਹਿਬਾਨ ਦੇ ਸਮੇਂ ਅਤੇ ਉਹਨਾਂ ਤੋ ਬਾਅਦ ਵੀ ਕਾਫੀ ਲੰਮਾਂ ਸਮਾਂ ਕੋਈ ਪੱਖਪਾਤੀ ਜਾਂ ਸਿਆਸਤਦਾਨਾਂ ਦੀ ਸੋਚ ਦੇ ਅਧੀਨ ਕੋਈ ਫੈਸਲਾ ਨਹੀਂ ਕੀਤਾ ਗਿਆ । ਪਰ ਅਤਿ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਕੁਝ ਅਰਸਿਆ ਤੋ ਸਿਆਸਤ ਵਿਚ ਪੂਰੀ ਤਰ੍ਹਾਂ ਮਲੀਨ ਹੋ ਚੁੱਕੀ ਰਵਾਇਤੀ ਅਕਾਲੀ ਲੀਡਰਸਿਪ ਦੀਆਂ ਇਛਾਵਾਂ ਦੀ ਪੂਰਤੀ ਲਈ ਪੱਖਪਾਤੀ ਅਤੇ ਵਿਰੋਧੀਆਂ ਨੂੰ ਜਲੀਲ ਕਰਨ ਵਾਲੇ ਦੁੱਖਦਾਂਇਕ ਫੈਸਲੇ ਹੋ ਰਹੇ ਹਨ । ਜਿਸ ਨਾਲ ਇਸ ਮਹਾਨ ਤਖ਼ਤ ਦੀ ਮਹਾਨਤਾ ਅਤੇ ਸਰਬਉੱਚਤਾ ਉਤੇ ਜਥੇਦਾਰ ਸਾਹਿਬਾਨ ਪ੍ਰਸ਼ਨਚਿੰਨ੍ਹ ਲਗਾਉਣ ਦੀਆਂ ਗੁਸਤਾਖੀਆਂ ਕਰਦੇ ਆ ਰਹੇ ਹਨ, ਜੋ ਬਿਲਕੁਲ ਨਹੀ ਹੋਣੇ ਚਾਹੀਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦੋ ਦਿਨ ਪਹਿਲੇ ਦਿੱਲੀ ਦੇ ਆਗੂ ਸ. ਪਰਮਜੀਤ ਸਿੰਘ ਸਰਨਾ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਫੈਸਲੇ ਨੂੰ ਮੰਦਭਾਵਨਾਵਾਂ ਨਾਲ ਮਲੀਨ ਅਤੇ ਸਿਆਸਤਦਾਨਾਂ ਦੀਆਂ ਆਪਸੀ ਰੰਜਸਾਂ ਕੱਢਣ ਵਾਲੇ ਕਰਾਰ ਦਿੰਦੇ ਹੋਏ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਸੋਚ ਅਤੇ ਸਿਧਾਂਤ ਇਸ ਗੱਲ ਦੀ ਮੰਗ ਕਰਦੇ ਹਨ ਕਿ ਜੋ ਵੀ ਸਿਆਸੀ ਆਗੂ ਸਿੱਖੀ ਸਿਧਾਤਾਂ ਅਤੇ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਦੇ ਵਿਰੁੱਧ ਜਾ ਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕੋਈ ਪੰਥ ਵਿਰੋਧੀ ਅਮਲ ਕਰਦਾ ਹੈ, ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੱਦਕੇ, ਮੀਰੀ-ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖਕੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਹੁਕਮਾਂ ਅਨੁਸਾਰ ਗੁਰਮਰਿਯਾਦਾਂ ਅਨੁਸਾਰ ਸਜ਼ਾ ਲਗਾਈ ਜਾਵੇ । ਨਾ ਕਿ ਕਿਸੇ ਸਿਆਸਤਦਾਨ ਨਾਲ ਰੰਜਸ ਰੱਖਕੇ ਅਜਿਹਾ ਕੀਤਾ ਜਾਵੇ । ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਜਦੋ ਇਹ ਜਾਣਕਾਰੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਮਾਧੋਪੁਰ (ਪਠਾਣਕੋਟ) ਵਿਖੇ ਬੀਜੇਪੀ-ਆਰ.ਐਸ.ਐਸ. ਆਦਿ ਮੁਤੱਸਵੀਆਂ ਵੱਲੋਂ ਕੀਤੀ ਪੰਥ ਵਿਰੋਧੀ ਰੈਲੀ ਵਿਚ ਸਮੂਲੀਅਤ ਕਰਕੇ ਸ੍ਰੀ ਮੋਦੀ ਵਰਗੇ ਮਨੁੱਖਤਾ ਦੇ ਕਾਤਲ ਨੂੰ ਸ੍ਰੀ ਸਾਹਿਬ ਅਤੇ ਸਿਰਪਾਓ ਭੇਟ ਕਰਕੇ ਅਤੇ ਉਸ ਮਨੁੱਖਤਾ ਦੇ ਕਾਤਲ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਬਤੌਰ ਅਗਲਾ ਵਜ਼ੀਰ-ਏ-ਆਜ਼ਮ ਪ੍ਰਵਾਨ ਕਰਨ ਦੀ ਜੋ ਬੱਜਰ ਗੁਸਤਾਖੀ ਕੀਤੀ ਹੈ ਅਤੇ ਸਿੱਖੀ ਸਿਧਾਤਾਂ ਦਾ ਅਪਮਾਨ ਕੀਤਾ ਹੈ,ਤਾਂ ਜਥੇਦਾਰ ਸਾਹਿਬਾਨ ਇਸ ਪੰਥਕ ਦੋਸ਼ੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੱਦਕੇ ਸਜ਼ਾ ਲਗਵਾਉਣ ਤੋ ਕਿਉਂ ਭੱਜ ਰਹੇ ਹਨ ਅਤੇ ਵਿਰੋਧੀਆਂ ਨੂੰ ਬਾਰ-ਬਾਰ ਜਲੀਲ ਕਰਨ ਦੀ ਸੋਚ ਅਧੀਨ ਅਜਿਹਾ ਕਿਉਂ ਕਰ ਰਹੇ ਹਨ ? ਉਹ ਸਿੱਖ ਕੌਮ ਨੂੰ ਦਲੀਲ ਨਾਲ ਜੁਆਬ ਦੇਣ ਜਾਂ ਫਿਰ ਆਪਣੇ ਇਹਨਾਂ ਉੱਚ ਰੁਤਬਿਆਂ ਦੀਆਂ ਜਿੰਮੇਵਾਰੀਆਂ ਇਮਾਨਦਾਰੀ ਨਾਲ ਨਾ ਨਿਭਾਉਣ ਦੀ ਬਦੌਲਤ ਖੁਦ ਹੀ ਇਹਨਾਂ ਸੇਵਾਵਾਂ ਤੋ ਅਸਤੀਫੇ ਦੇ ਦੇਣ ।
ਸ. ਮਾਨ ਨੇ ਕਿਹਾ ਕਿ ਵੋਟਾਂ ਦੀ ਖਾਤਰ ਅਤੇ ਸਿੱਖ ਵਿਰੋਧੀ ਮੁਤੱਸਵੀ ਜਮਾਤਾਂ ਨੂੰ ਸੈਟਰ ਦੀ ਹਕੂਮਤ ਉਤੇ ਬਿਠਾਉਣ ਦੀ ਸੋਚ ਅਧੀਨ ਸ. ਬਾਦਲ ਨੇ ਭੇਸ ਬਦਲਕੇ ਟਰੱਕ ਡਰਾਈਵਰ ਬਣਕੇ ਦਿੱਲੀ ਵਿਖੇ ਜਾ ਕੇ ਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਹਿੰਦੂ ਗਰਦਾਨਦੀ ਹੈ ਉਸ ਨੂੰ ਸਾੜਨ ਦਾ ਇਕ ਪਾਸੇ ਡਰਾਮਾਂ ਕਰਦੇ ਹਨ ਅਤੇ ਦੂਸਰੇ ਪਾਸੇ ਉਸੇ ਹਿੰਦ ਵਿਧਾਨ ਦੀ ਸੌਹ ਚੁੱਕਕੇ ਸੈਟਰ ਦੇ ਵਜ਼ੀਰ ਵੀ ਬਣਦੇ ਹਨ ਅਤੇ ਪੰਜਾਬ ਦੇ ਚਾਰ ਵਾਰੀ ਮੁੱਖ ਮੰਤਰੀ ਵੀ ਬਣਦੇ ਹਨ । ਫਿਰ ਜਦੋ ਸਿੱਖ ਕੌਮ ਵੱਲੋਂ ਵਿਧਾਨ ਸਭਾ ਪੰਜਾਬ ਵਿਚ “ਆਨੰਦ ਮੈਰਿਜ ਐਕਟ” ਦਾ ਮਤਾ ਪਾਸ ਕਰਨ ਦੀ ਜੋਰਦਾਰ ਮੰਗ ਉੱਠਦੀ ਹੈ, ਤਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਇਸ ਸਿੱਖ ਸੋਚ ਤੋ ਖੁਦ ਹੀ ਭੱਜ ਜਾਂਦੇ ਹਨ । ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ 22 ਅਪ੍ਰੈਲ 1992 ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਲੀਡਰਸਿਪ ਵੱਲੋਂ ਦਸਤਖਤ ਕਰਕੇ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ “ਖ਼ਾਲਿਸਤਾਨ” ਕਾਇਮ ਕਰਨ ਲਈ ਦਿੱਤੇ ਗਏ ਯਾਦ ਪੱਤਰ ਉਤੇ ਸ. ਬਾਦਲ ਦੇ ਦਸਤਖ਼ਤ ਮੌਜੂਦ ਹਨ, ਇਹ ਉਸ ਇਤਿਹਾਸਿਕ ਦਸਤਾਵੇਜ ਤੋ ਵੀ ਮੁੰਨਕਰ ਹੋ ਗਏ ਹਨ । ਇਥੇ ਹੀ ਬਸ ਨਹੀ ਜਦੋ ਸੈਟਰ ਵਿਚ ਬੀਜੇਪੀ ਦੀ ਐਨ.ਡੀ.ਏ. ਦੀ ਹਕੂਮਤ ਸੀ ਅਤੇ ਸ. ਬਾਦਲ ਉਸ ਵਿਚ ਭਾਈਵਾਲ ਸਨ ਤਾ ਉਸ ਸਮੇਂ ਇਹਨਾਂ ਨੇ ਕਦੀ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਬਲਿਊ ਸਟਾਰ ਦੇ ਫੌਜੀ ਹਮਲੇ ਦੀ ਪਾਰਲੀਮੈਂਟ ਵਿਚ ਮੁਆਫੀ ਮੰਗਣ, ਪੰਜਾਬ ਦੇ ਕੀਮਤੀ ਪਾਣੀਆਂ ਤੇ ਦਰਿਆਵਾਂ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਹਵਾਲੇ ਕਰਨ, ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ, ਭਾਖੜਾ ਡੈਮ ਅਤੇ ਹੋਰ ਹੈੱਡ ਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਨੂੰ ਦੇਣ ਦੀ ਗੱਲ ਕਦੇ ਨਹੀਂ ਕੀਤੀ । ਲੇਕਿਨ ਜਦੋ ਸੈਟਰ ਵਿਚ ਕਾਂਗਰਸ ਜਾਂ ਯੂਪੀਏ ਦੀ ਹਕੂਮਤ ਹੁੰਦੀ ਹੈ ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਏ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਹਿੱਤ ਉਪਰੋਕਤ ਭਖਦੇ ਮਸਲਿਆਂ ਉਤੇ ਖੂਬ ਰੌਲਾ ਪਾਉਦੇ ਹਨ । ਜੋ ਕਿ ਇਹਨਾਂ ਦੀ ਗੈਰ ਸੰਜ਼ੀਦਗੀ ਸੋਚ ਨੂੰ ਪ੍ਰਤੱਖ ਕਰਦੀ ਹੈ । ਜਿਸ ਤੋ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਸੁਚੇਤ ਰਹਿਕੇ ਆਉਣ ਵਾਲੇ ਸਮੇਂ ਵਿਚ ਵਿਚਰਨਾ ਪਵੇਗਾ ਅਤੇ ਫੈਸਲਾ ਕਰਦੇ ਹੋਏ ਇਹਨਾਂ ਤਾਕਤਾਂ ਵਿਰੁੱਧ ਡੱਟਣਾ ਪਵੇਗਾ । ਜਦੋਕਿ ਇਹ ਇਹਨਾਂ ਮੁੱਦਿਆ ਉਤੇ ਸੰਜ਼ੀਦਾਂ ਹੀ ਨਹੀ ਹਨ ।