ਅੰਮ੍ਰਿਤਸਰ:- ਰਾਜਸਥਾਨ ਦੇ ਆਈ. ਜੀ. ਜੇਲ੍ਹਾਂ ਸ੍ਰੀ ਜੇ.ਕੇ. ਸ਼ਰਮਾ ਨੇ ਆਪਣੀ ਪਤਨੀ ਬੀਬੀ ਵਿਮਲਾ ਸ਼ਰਮਾ, ਬੇਟਾ ਅਤੁਲ ਸ਼ਰਮਾ ਅਤੇ ਨੂੰਹ ਸ੍ਰੀਮਤੀ ਸੰਗੀਤਾ ਸ਼ਰਮਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਾਂਤੀ ਦੀ ਅਰਦਾਸ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਉਹ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਗਏ ਜਿਥੇ ਸ਼ਰਧਾ ਨਾਲ ਬੈਠ ਕੇ ਉਨ੍ਹਾਂ ਨੇ ਪਰਿਵਾਰ ਸਮੇਤ ਪ੍ਰਸ਼ਾਦਾ ਛਕਿਆ। ਉਨ੍ਹਾਂ ਲੰਗਰ ਪ੍ਰਥਾ, ਪਰਿਕਰਮਾਂ ‘ਚ ਬਣੇ ਅਸਥਾਨ ਗੁਰਦੁਆਰਾ ਦੁਖ ਭੰਜਨੀ ਬੇਰ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਕੰਮਲ ਇਤਿਹਾਸ ਬਾਰੇ ਸ.ਹਰਪ੍ਰੀਤ ਸਿੰਘ ਸੂਚਨਾ ਅਧਿਕਾਰੀ ਪਾਸੋਂ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕੀਤੇ।
ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਜੇ.ਕੇ. ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ ਤੇ ਧਾਰਮਿਕ ਕਿਤਾਬਾਂ ਦਾ ਸੈੱਟ ਦੇ ਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਵਿਰਸਾ ਸਿੰਘ ਵਲਟੋਹਾ ਵਿਧਾਇਕ ਤੇ ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੇ ਸਾਂਝੇ ਰੂਪ ‘ਚ ਸਨਮਾਨਿਤ ਕੀਤਾ।
ਸੂਚਨਾ ਕੇਂਦਰ ਵਿਖੇ ਗੱਲਬਾਤ ਕਰਦਿਆਂ ਸ੍ਰੀ ਜੇ.ਕੇ. ਸ਼ਰਮਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਣ ਸਨਮਾਨ ਬਦਲੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਅਸਥਾਨ ਹੈ ਤੇ ਰੂਹਾਨੀਅਤ ਦੇ ਕੇਂਦਰ ਦੇ ਦਰਸ਼ਨ ਕਰਨ ਨਾਲ ਮਨ ਨੂੰ ਬਹੁਤ ਸਕੂਨ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚਿਰੋਕਣੀ ਖਾਹਿਸ਼ ਸੀ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜ਼ਰੂਰ ਦਰਸ਼ਨ ਕਰਨ ਸੋ ਅੱਜ ਉਹ ਖਾਹਸ਼ ਪੂਰੀ ਹੋ ਗਈ ਹੈ।
ਸ੍ਰੀ ਸ਼ਰਮਾ ਨੂੰ ਸਨਮਾਨਿਤ ਕਰਨ ਸਮੇਂ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ.ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ੍ਰੀ ਸ਼ਰਮਾ ਉਸ ਵੇਲੇ ਜੋਧਪੁਰ ਜੇਲ੍ਹ ਵਿੱਚ ਸੁਪ੍ਰਿੰਟੈਂਡੈਂਟ ਸਨ ਜਦ ਬਹੁਤ ਸਾਰੇ ਸਿੰਘ ਜ਼ੇਲ੍ਹ ਕੱਟ ਰਹੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਸ਼ਰਮਾ ਇਨਸਾਨੀਅਤ ਦਾ ਜ਼ਿੰਦਾ ਜਾਗਦਾ ਸਬੂਤ ਹਨ। ਸ੍ਰੀ ਸ਼ਰਮਾ ਨੇ ਜ਼ੇਲ੍ਹ ਵਿੱਚ ਬੰਦ ਸਿੰਘਾਂ ਨਾਲ ਬਹੁਤ ਹੀ ਚੰਗਾ ਵਿਵਹਾਰ ਕੀਤਾ ਤੇ ਕਦੇ ਵੀ ਕਿਸੇ ਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ