ਬਰਨਾਲਾ, (ਜੀਵਨ ਰਾਮਗੜ੍ਹ)-‘ ਅਜੋਕਾ ਦੌਰ ਟੈਕਸਟਾਇਲ ਇੰਡਸਟਰੀਜ਼ ਲਈ ਸੁਨਿਹਰੀ ਦੌਰ ਹੈ ਜਿਸ ਵਿੱਚ ਅਸੀਂ ਜਲਦ ਹੀ ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਤੋਂ ਸੱਤ-ਅੱਠ ਗੁਣਾਂ ਅੱਗੇ ਚਲ ਰਹੇ ਚੀਨ ਵਰਗੇ ਦੇਸ ਨੂੰ ਪਛਾੜਦੇ ਹੋਏ ਵਿਸ਼ਵ ਪੱਧਰ ’ਤੇ ਪਹਿਲੇ ਸਥਾਨ ’ਤੇ ਹੋਵਾਂਗੇ।’ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਟੈਕਸਟਾਇਲ ਮੰਤਰੀ ਡਾ. ਕਾਵੁਰੂ ਸੰਭਾਸਿਵਾ ਰਾਓ ਨੇ ਅੱਜ ਬਰਨਾਲਾ ਵਿਖੇ ਸਥਿਤ ਟਰਾਈਡੈਂਟ ਉਦਯੋਗ ਸਮੂਹ ਦੇ ਧੌਲਾ ਕੰਪਲੈਕਸ ਵਿਖੇ 848 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ‘ਲੋਟਸ ਇੰਟੈਗਰੇਟਿਡ ਟੈਕਸ ਪਾਰਕ’ ਦੇ ਉਦਾਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਉਪਰੋਕਤ ਮੰਤਵ ਨੂੰ ਹਾਸਲ ਕਰਨ ਲਈ ਟੈਕਸਟਾਇਲ ਇੰਡਸਟਰੀਜ਼ ਨੂੰ 30 ਤੋਂ 40 ਫ਼ੀਸਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ ਅਤੇ ਟੈਕਸਟਾਇਲ ਪਾਰਕ ਸਥਾਪਤ ਕਰਨ ਲਈ ਵੀ ਇੰਨੀਸ਼ੇਟਿਵ ਲੈਣ ਵਾਲੇ ਉਦਯੋਗ ਸਮੂਹਾਂ ਨੂੰ ਕੇਂਦਰ ਸਰਕਾਰ ਵੱਲੋਂ 40 ਕਰੋੜ ਤੱਕ ਦੀ ਸਬਸਿਡੀ ਦਾ ਵੀ ਬੰਦੋਬਸਤ ਕੀਤਾ ਜਾ ਰਿਹਾ ਹੈ। ਸ੍ਰੀ ਕੇ ਐਸ ਰਾਓ ਨੇ ਇਸ ਸਮਾਗਮ ’ਚ ਹਲਕੇ ਦੇ ਸਾਂਸਦ ਵਿਜੈਇੰਦਰ ਸਿੰਗਲਾ ਵੱਲੋਂ ਇਲਾਕੇ ਦੀ ਨੌਜ਼ਵਾਨੀ ਨੂੰ ਹੁਨਰਮੰਦ ਬਣਾਉਣ ਲਈ ਕਿਸੇ ਪ੍ਰੋਜੈਕਟ ਦੀ ਮੰਗ ਦੇ ਸੁਆਲ ’ਤੇ ਜੁਆਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਵੱਲੋਂ ਜਲਦੀ ਹੀ ਬਰਨਾਲਾ ਵਿਖੇ ਐਪਰਿਲ ਟਰੇਨਿੰਗ ਅਤੇ ਡਿਜ਼ਾਇਨ ਸੈਂਟਰ ਸਥਾਪਤ ਕੀਤਾ ਜਾਵੇਗਾ। ਜਿਸ ਵਿੱਚੋਂ ਹਰ ਸਾਲ ਇਲਾਕੇ ਦੇ ਇੱਕ ਹਜ਼ਾਰ ਦੇ ਕਰੀਬ ਨੌਜ਼ਵਾਨਾਂ ਨੂੰ ਵੱਖ ਵੱਖ ਕਿੱਤਿਆਂ ਦੀ ਰੁਜ਼ਗਾਰ ਮੁਖੀ ਟਰੇਨਿੰਗ ਦੇ ਕੇ ਹੁਨਰਮੰਦ ਬਣਾਇਆ ਜਾਵੇਗਾ। ਉਨ੍ਹਾਂ ਕਪਾਹ ਦੀ ਫ਼ਸਲ ਦੀ ਖੋਜ਼ ਤੇ ਵਿਕਾਸ ’ਤੇ ਜੋਰ ਦੇਣ ਤੋਂ ਇਲਾਵਾ ਸਮਰਥਨ ਮੁੱਲ ਵਿੱਚ ਵਾਧੇ ਲਈ ਕੇਂਦਰੀ ਸਰਕਾਰ ਤੱਕ ਖੁਦ ਪਹੁੰਚ ਕਰਨ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜ਼ਮੀਨੀ ਪਾਣੀ ਦੇ ਲਗਾਤਾਰ ਹੇਠਾਂ ਡਿੱਗਣ ਨੂੰ ਰੋਕਣ ਅਤੇ ਦੇਸ਼ ਨੂੰ ਅਨਾਜ ਸਮੱਸਿਆ ਦੀ ਚੁਣੌਤੀ ਨਾਲ ਨਿਪਟਣ ਦੇ ਸਮਰੱਥ ਬਣਾਉਣ ਲਈ ਸੂਬੇ ਵਿੱਚ ਖੇਤੀ ਵਿਭਿੰਨਤਾ ਲਈ ਕੇਂਦਰ ਖੁੱਲ੍ਹ ਕੇ ਸਹਾਇਤਾ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਦੇਸ਼ ਦਾ ਸਿਰਫ ਦੋ ਫੀਸਦੀ ਭੁਗੋਲਿਕ ਖੇਤਰ ਹੈ, ਜਦਕਿ 50 ਤੋਂ 60 ਫੀਸਦੀ ਅਨਾਜ ਦੇਸ਼ ਦੇ ਕੇਂਦਰੀ ਪੂਲ ਵਿੱਚ ਪੰਜਾਬ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰਦਿਆਂ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ 600 ਫੁੱਟ ਤੱਕ ਹੇਠਾਂ ਚਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਹਾਇਤਾ ਲਈ ਕੇਂਦਰ ਨੂੰ ਕਪਾਹ ਤੇ ਹੋਰਨਾਂ ਫ਼ਸਲਾਂ ਲਈ ਵਿਸ਼ੇਸ਼ ਪੈਕੇਜ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਸੂਬੇ ਦੀ ਟੈਕਸਟਾਈਲ ਹੱਬ ਹੈ ਅਤੇ ਉ¤ਚ ਗੁਣਵੱਤਾ ਵਾਲੀ ਕਪਾਹ ਪੈਦਾ ਕਰਨ ਲਈ ਕੇਂਦਰ ਸਰਕਾਰ ਨੂੰ ਏਥੇ ਵਿਸ਼ੇਸ਼ ਖੋਜ ਤੇ ਵਿਕਾਸ ਕੇਂਦਰ ਸਥਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸਰਾਈਲ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਭਾਰਤ ਨਾਲੋਂ ਕਪਾਹ ਦਾ ਪ੍ਰਤੀ ਏਕੜ ਉਤਪਾਦਨ 10 ਗੁਣਾ ਹੈ ਤੇ ਸਾਨੂੰ ਉਨ੍ਹਾਂ ਦੇਸ਼ਾਂ ਦੀ ਬਰਾਬਰੀ ਲਈ ਖੋਜ ਕਾਰਜਾਂ ਨੂੰ ਵੀ ਉਸ ਪੱਧਰ ’ਤੇ ਲਿਜਾਣਾ ਹੋਵੇਗਾ।
ਖੇਤੀ ਉਤਪਾਦਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੱਡੇ ਵਾਧੇ ਦੀ ਮੰਗ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਇਨ੍ਹਾਂ ਦੇ ਭਾਅ ਕੀਮਤ ਸੂਚਕ ਅੰਕ ਨਾਲ ਜੋੜੇ। ਸੂਬੇ ਵਿੱਚ ਤਿੰਨ ਹੋਰ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਮੰਗ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਵਿੱਚ ਟੈਕਸਟਾਈਲ ਖੇਤਰ ਵੱਲ ਖਾਸ ਧਿਆਨ ਦਿੱਤਾ ਗਿਆ ਹੈ। ਜੇਕਰ ਕੇਂਦਰ ਸਰਕਾਰ ਤਿੰਨ ਹੋਰ ਟੈਕਸਟਾਈਲ ਪਾਰਕ ਸੂਬੇ ਲਈ ਪਾਸ ਕਰਦੀ ਹੈ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਵਿਸ਼ੇਸ਼ ਪੈਕੇਜ਼ ਦੇਵੇਗੀ। ਸੂਬੇ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦੀ ਮੰਗ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ 10ਵੀਂ ਪਾਸ ਤੋਂ ਬਾਅਦ ਹਰੇਕ ਵਿਦਿਆਰਥੀ ਲਈ ਵੋਕੇਸ਼ਨਲ ਸਿੱਖਿਆ ਜ਼ਰੂਰੀ ਕੀਤੀ ਜਾਣੀ ਚਾਹੀਦੀ ਹੈ।
ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਨੇ ਬੋਲਦਿਆਂ ਜਿਥੇ ਕੇਂਦਰੀ ਮੰਤਰੀ ਤੋਂ ਨੌਜ਼ਵਾਨਾਂ ਲਈ ਹੁਨਰ ਸਿਖਲਾਈ ਪ੍ਰਜੈਕਟ ਦੀ ਮੰਗ ਕੀਤੀ ਉਥੇ ਪੰਜਾਬ ਸਰਕਾਰ ਨੂੰ ਢੁਕਵੀਂ ਟੈਕਸਟਾਇਲ ਨੀਤੀ ਅਪਨਾਉਣ ਦੀ ਲੋੜ ’ਤੇ ਜੋਰ ਦਿੰਦਿਆਂ ਸੂਬੇ ਦੇ ਵਿਕਾਸ ਲਈ ਕੇਂਦਰ ਨਾਲ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜੋਰ ਦਿੱਤਾ।
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਇਹ ਪਾਰਕ ਕੁੱਲ 850 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜੋ ਕਿ ਉ¤ਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਪਾਰਕ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਸਿੱਧੇ ਰੂਪ ਵਿੱਚ 1500 ਅਤੇ ਅਸਿੱਧੇ ਰੂਪ ਵਿੱਚ 2000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਜਿਨ੍ਹਾਂ ਵਿੱਚੋਂ 25 ਫੀਸਦੀ ਲੜਕੀਆਂ ਹਨ।
ਇਸ ਮੌਕੇ ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ੍ਰੀਮਤੀ ਪੀ. ਲਕਸ਼ਮੀ ਨੇ ਵੀ ਸੰਬੋਧਨ ਕੀਤਾ ਅਤੇ ਇੰਨ੍ਹਾਂ ਤੋਂ ਇਲਾਵਾ ਜ਼ੌਹਰਾ ਚੈਟਰਜੀ ਸਕੱਤਰ ਟੈਕਸਟਾਇਲ ਵਿਭਾਗ ਭਾਰਤ ਸਰਕਾਰ ਵੀ ਹਾਜਰ ਸਨ।