ਨਵੀਂ ਦਿੱਲੀ- ਕਾਂਗਰਸ ਵਰਕਿੰਗ ਕਮੇਟੀ ਦੀ ਮਨਜੂਰੀ ਤੋਂ ਬਾਅਦ ਲੰਬੇ ਸਮੇਂ ਤੋਂ ਚਲੀ ਆ ਰਹੀ ਵੱਖਰੇ ਤੇਲੰਗਾਨਾ ਸੂਬੇ ਦੀ ਮੰਗ ਪੂਰੀ ਹੋ ਜਾਵੇਗੀ। ਇਹ ਦੇਸ਼ ਦਾ 29ਵਾਂ ਸੂਬਾ ਹੋਵੇਗਾ। ਬੁੱਧਵਾਰ ਨੂੰ ਕੈਬਨਿਟ ਦੀ ਸਪੈਸ਼ਲ ਮੀਟਿੰਗ ਬੁਲਾਈ ਗਈ ਹੈ,ਇਸ ਵਿੱਚ ਵੱਖਰੇ ਤੇਲੰਗਾਨਾ ਰਾਜ ਦੇ ਗਠਨ ਤੇ ਅੰਤਿਮ ਮੋਹਰ ਲਗਾਈ ਜਾਵੇਗੀ।
ਕਾਂਗਰਸ ਦੇ ਸੰਚਾਰ ਸੈਲ ਦੇ ਮੁੱਖੀ ਅਜੈ ਮਾਕਨ ਅਤੇ ਦਿਗਵਿਜੈ ਸਿੰਘ ਨੇ ਵੱਖਰੇ ਤੇਲੰਗਾਨਾ ਰਾਜ ਦੇ ਗਠਨ ਦਾ ਐਲਾਨ ਕੀਤਾ। ਦਿਗਵਿਜੈ ਸਿੰਘ ਨੇ ਦੱਸਿਆ ਕਿ ਤੇਲੰਗਾਨਾ ਸੂਬੇ ਵਿੱਚ 10 ਜਿਲ੍ਹੇ ਸ਼ਾਮਿਲ ਕੀਤੇ ਗਏ ਹਨ। ਹੈਦਰਾਬਾਦ 10 ਸਾਲ ਤੱਕ ਦੋਵਾਂ ਰਾਜਾਂ ਦੀ ਰਾਜਧਾਨੀ ਰਹੇਗਾ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਤੱਟੀ ਆਂਧਾਰਾ ਪ੍ਰਦੇਸ਼ ਦੇ ਕਿਸੇ ਹਿੱਸੇ ਵਿੱਚ ਹੀ ਬਣਾਈ ਜਾਵੇਗੀ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਹੀ ਰਹੇਗੀ।
ਤੱਟੀ ਆਂਧਰਾ ਪ੍ਰਦੇਸ਼ ਤੇਲੰਗਾਨਾ ਤੋਂ ਵੱਖਰਾ ਰਹੇਗਾ ਅਤੇ ਇਹ ਰਾਏਲਸੀਮਾ ਨਾਲ ਮਿਲ ਕੇ ਆਂਧਰਾ ਪ੍ਰਦੇਸ਼ ਬਣੇਗਾ। ਤੇਲੰਗਾਨਾ ਦੇ ਗਠਨ ਵਿੱਚ 5-6 ਮਹੀਨੇ ਲਗ ਸਕਦੇ ਹਨ। ਸੰਸਦ ਵਿੱਚ ਇਸ ਰਾਜ ਪੁਨਰਗੰਠਨ ਬਿੱਲ ਨ ਸਧਾਰਨ ਬਹੁਮੱਤ ਨਾਲ ਪਾਸ ਕਰਵਾਉਣ ਲਈ ਕਈ ਯੋਗ ਕਦਮ ਉਠਾਏ ਜਾਣਗੇ। ਇਸ ਬਿੱਲ ਨੂੰ ਲੋਕ ਸੱਭਾ ਅਤੇ ਰਾਜ ਸੱਭਾ ਵਿੱਚ ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮੱਤ ਦੀ ਲੋੜ ਨਹੀਂ ਹੋਵੇਗੀ।
ਵੱਖਰੇ ਤੇਲੰਗਾਨਾ ਸੂਬੇ ਦੇ ਐਲਾਨ ਤੋਂ ਪਹਿਲਾਂ ਹੀ ਆਂਧਰਾ ਪਰਦੇਸ਼ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਹਿੰਸਾ ਭੜਕਣ ਵਰਗੀਆਂ ਵਾਰਦਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਸੀਆਰਪੀਐਫ਼,ਬੀਐਸਐਫ਼,ਸੀਆਈਐਸਐਫ਼ ਅਤੇ ਆਈਟੀਬੀਪੀ ਦੇ 1,000 ਜਵਾਨਾਂ ਨੂੰ ਭੇਜ ਦਿੱਤਾ ਗਿਆਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 1200 ਜਵਾਨ ਪਿੱਛਲੇ ਹਫ਼ਤੇ ਹੀ ਤੈਨਾਤ ਕਰ ਦਿੱਤੇ ਗਏ ਸਨ। ਗਵਾਂਢੀ ਰਾਜਾਂ ਦੇ ਅਰਧ ਸੈਨਿਕ ਬਲਾਂ ਨੂੰ ਵੀ ਰਾਜ ਵਿੱਚ ਬੁਲਾਇਆ ਗਿਆ ਹੈ।