ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਲੋਕਾਂ ’ਤੇ ਲਗਾਏ ਗਏ ਤਮਾਮ ਟੈਕਸਾਂ ਸੰਬੰਧੀ ਫੈਸਲਿਆਂ ਨਾਲ ਭਾਜਪਾ ਦੀ ਮੁਕੰਮਲ ਮਨਜੂਰੀ ਦੇ ਖੁਲਾਸੇ ਨਾਲ ਭਾਜਪਾ ਦਾ ਸ਼ਹਿਰੀ ਵਰਗ, ਸਨਅਤਕਾਰਾਂ, ਕਾਲੋਨਾਈਜ਼ਰਾਂ ਤੇ ਕਾਰੋਬਾਰੀਆਂ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਹਨਾਂ ਭਾਜਪਾ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਜੇ ਭਾਜਪਾਈ ਸੱਚੇ ਹਨ ਅਤੇ ਉਹਨਾਂ ਦਾ ਸਰਕਾਰ ਦੇ ਉਕਤ ਲੋਕ ਵਿਰੋਧੀ ਫੈਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ ਤਾਂ ਉਹ ਤੁਰੰਤ ਸਰਕਾਰ ਤੋਂ ਬਾਹਰ ਆਉਣ।
ਉਹਨਾਂ ਕਿਹਾ ਕਿ ਲੋਕ ਜਾਣ ਦੇ ਹਨ ਕਿ ਅਕਾਲੀ ਦਲ ਅਤੇ ਭਾਜਪਾ ਦਾ ਸਾਂਝਾ ਏਜੰਡਾ ਕੁਰਸੀ ਕਾਇਮ ਰਖਣੀ ਤੇ ਲੋਕਾਂ ਨੂੰ ਲੁਟਣਾ ਹੈ ਜਿਸ ਕਰ ਕੇ ਲੋਕ ਵਿਰੋਧੀ ਏਜੰਡੇ ਵਾਲੀ ਅਕਾਲੀ ਭਾਜਪਾ ਗੱਠਜੋੜ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਮੌਜੂਦਾ ਸਰਕਾਰ ਇਤਿਹਾਸ ’ਚ ਲੋਕ ਵਿਰੋਧੀ ਫੈਸਲਿਆਂ ਲਈ ਜਾਣੀ ਜਾਵੇਗੀ।
ਕਾਂਗਰਸ ਵਰਕਰਾਂ ਦੀ ਮੀਟਿੰਗ ਉਪਰੰਤ ਸ: ਫਤਿਹ ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਆਪਣੇ ਵਾਅਦੇ ਅਨੁਸਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਅਤੇ ਸੁਵਿਧਾਵਾਂ ਦੇਣ ਤੋਂ ਭਜ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਲੋਕਾਂ ’ਤੇ ਥੋਪੇ ਗਏ ਭਾਰੀ ਵਿੱਤੀ ਬੋਝ ਹੋਵੇ , ਬਿਜਲੀ ਦੇ ਵਾਧੂ ਬਿਲ ਜਾਂ ਵਪਾਰੀਆਂ ਨੂੰ ਬਰਬਾਦ ਕਰਨ ਵਾਲੀ ਈ ਟਰਿਪ ਦਾ ਫੈਸਲਾ ਹੋਵੇ ਅਤੇ ਲੋਕਾਂ ’ਤੇ ਲਗਾਏ ਗਏ ਪ੍ਰਾਪਰਟੀ ਸਮੇਤ ਤਮਾਮ ਟੈਕਸਾਂ ਸੰਬੰਧੀ ਫੈਸਲਿਆਂ ਵਿੱਚ ਭਾਜਪਾ ਦੀ ਮੁਕੰਮਲ ਮਨਜ਼ੂਰੀ ਹੋਣ ਸੰਬੰਧੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਖੋਲੇ ਗਏ ਪੋਲ ਉਪਰੰਤ ਭਾਜਪਾ ਨੂੰ ਆਪਣੀਆਂ ਨੀਤੀਆਂ ਦਾ ਆਪਣਾ ਮੁੜ ਮੰਥਨ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਹੁਣ ਇਹ ਦੋਵੇ ਭਾਈਵਾਲ ਪਾਰਟੀਆਂ ਇਕ ਦੂਜੇ ਪ੍ਰਤੀ ਕਚੇ ਚਿੱਠੇ ਫੋਲ ਕੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਲ ਲਈ ਇਕ ਦੂਜੇ ਨੂੰ ਜਿਮੇਵਾਰ ਠਹਿਰਾ ਰਹੇ ਹਨ। ਉਹਨਾਂ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਸਰਕਾਰ ਵੱਲੋਂ ਅਪਣਾਈ ਗਈ ਮੌਜੂਦਾ ਨੀਤੀ ਨੂੰ ਗੈਰ ਕਾਨੂੰਨੀ ਹੋਣ ਦਾ ਦੋਸ਼ ਲਾਇਆ ਹੈ । ਉਹਨਾਂ ਦਸਿਅ ਕਿ ਕਾਨੂੰਨ ਅਨੁਸਾਰ ਤਿੰਨ ਸਾਲ ਤੋਂ ਵਧ ਸਮੇਂ ਤੋਂ ਅਣ ਅਧਿਕਾਰਤ ਕਾਲੌਨੀਆਂ ਵਿੱਚ ਰਹਿ ਰਹੇ ਲੋਕਾਂ ਤੋਂ ਸਰਕਾਰ ਕੋਈ ਫੀਸ ਨਹੀਂ ਲੈ ਸਕਦੀ। ਉਹਨਾਂ ਦੋਸ਼ ਲਾਇਆ ਕਿ ਅਸਲ ਵਿਚ ਟੈਕਸਾਂ ਦਾ ਸਾਰਾ ਘਾਲਾ ਮਾਲਾ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਡਰਾ ਧਮਕਾ ਕੇ ਲੋਕ ਸਭਾ ਚੋਣਾਂ ਲਈ ਪੈਸਾ ਇਕਠਾ ਕਰਨ ਦੀ ਬਾਦਲਕਿਆਂ ਦੀ ਚਾਲ ਹੈ। ਉਹਨਾਂ ਕਿਹਾ ਕਿ ਲੋਕ ਇਹਨਾਂ ਦੇ ਲੋਕ ਵਿਰੋਧੀ ਏਜੰਡੇ ਨੂੰ ਸਮਝ ਚੁਕੇ ਹਨ ਤੇ ਲੋਕ ਸਭਾ ਚੋਣਾਂ ਵਿਚ ਇਸ ਦਾ ਠੋਕਵਾਂ ਜਵਾਬ ਦੇਣਗੇ ।
ਉਹਨਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਇਕ ਨਿਜੀ ਚੈਨਲ ਨੂੰ ਦਿਤੀ ਗਈ ਇੰਟਰਵਿਊ ਵਿੱਚ ਲੜਕੀਆਂ ਨੂੰ ‘ਆਈਟਮ’ ਕਹਿਣ ਦਾ ਸਖਤ ਨੋਟਿਲ ਲੈਦਿਆਂ ਕਿਹਾ ਕਿ ਔਰਤ ਜਾਤੀ ਦਾ ਅਪਮਾਨ ਕਰਨਾ ਇਹਨਾਂ ਅਕਾਲੀਆਂ ਦੀ ਫਿਤਰਤ ਬਣ ਚੁੱਕੀ ਹੈ। ਸੁਖਬੀਰ ਦਾ ‘ਆਈਟਮ’, ਮਾਲ ਮੰਤਰੀ ਬਿਕਰਮ ਮਜੀਠੀਆ ਵੱਲੋਂ ਵਿਧਾਨ ਸਭਾ ਵਿੱਚ ਕੀਤੀ ਗਈ ਗਾਲੀ ਗਲੋਚ ਅਤੇ ਮੁੱਖ ਮੰਤਰੀ ਬਾਦਲ ਵੱਲੋਂ ਕਿਸੇ ਗਲ ’ਤੇ ‘ਪਾਕਿਸਤਾਨ ਤੋਂ ਮੇਮਾਂ ਤਾਂ ਨਹੀਂ ਮੰਗਵਾਈਆਂ’ ਆਦਿ ਨੂੰ ਨੈਤਿਕ ਪਤਨ ਅਤੇ ਐਸ਼ ਪ੍ਰਸਤ ਮਾਨਸਿਕਤਾ ਦਾ ਪ੍ਰਗਟਾਵਾ ਹਨ ।
ਉਹਨਾਂ ਰਾਤ ਸਮੇਂ ਪਿੰਡਾਂ ਵਿੱਚ ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ’ਤੇ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣ ’ਤੇ ਚਿੰਤਾ ਤੇ ਰੋਸ ਪ੍ਰਗਟ ਕਰਦਿਆਂ ਰਾਤ ਸਮੇਂ ਪਿੰਡਾਂ ਦੇ ਲੋਕਾਂ ਦੀ ਸੁਰਖਿਆ ਯਕੀਨੀ ਬਣਾਉਣ ਦੀ ਸਰਕਾਰ ਤੋਂ ਪੁਰਜੋਰ ਮੰਗ ਕੀਤੀ।
ਉਹਨਾਂ ਸਰਕਾਰ ਨੂੰ ਬਿਹਤਰ ਕਾਰਗੁਜਾਰੀਆਂ ਸਦਕਾ ਅਗਲੀ ਤੱਰਕੀ ਦੇ ਕੇ ਸਟਾਰ ਲਗਾਏ ਗਏ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੀਆਂ ਪੋਸਟਾਂ ’ਤੇ ਪੁਰਾਣੀ ਤਨਖਾਹ ਸਕੇਲ ਦੇ ਕੇ ਉਹਨਾਂ ਦਾ ਸ਼ੋਸਣ ਤੇ ਬੇਇਨਸਾਫੀ ਨਾ ਕਰਦਿਆਂ ਕਰਮਚਾਰੀਆਂ ਨੂੰ ਲਾਲੀਪੋਪ ਦੀ ਥਾਂ ਨਵੇਂ ਰੈਂਕ, ਨਵੀਂ ਡਿਉਟੀ ਤੇ ਜਿਮੇਵਾਰੀ ਮੁਤਾਬਕ ਤਨਖਾਹ ਸਕੇਲ ਦੇਣ ਲਈ ਕਿਹਾ।