ਚੰਡੀਗੜ੍ਹ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਦੇ ਉਸ ਬਿਆਨ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਸੂਬੇ ਦਾ ਹੈ ਅਤੇ ਹੁੱਡਾ ਗਲਤ ਬਿਆਨਬਾਜੀ ਕਰ ਰਿਹਾ ਹੈ, ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਬਿਆਨ ਪੰਜਾਬ ਸੂਬੇ ਪੱਖੀ ਹੈ ਅਤੇ ਇਸ ਗੱਲ ਨੂੰ ਜੁਰਅਤ ਨਾਲ ਮੀਡੀਏ ਵਿਚ ਕਹਿਣ ਲਈ ਮੁਬਾਰਕਬਾਦ ਦੇ ਹੱਕਦਾਰ ਹਨ, ਪਰ ਉਹ ਚੰਡੀਗੜ੍ਹ ਨੂੰ ਕਾਨੂੰਨੀ ਅਤੇ ਅਮਲੀ ਰੂਪ ਵਿਚ ਪੰਜਾਬ ਦੇ ਹਵਾਲੇ ਕਰਨ ਲਈ ਕਾਂਗਰਸ ਦੀ ਚੇਅਰ ਪਰਸਨ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਵਜ਼ੀਰ-ਏ-ਆਜ਼ਮ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਜੇਕਰ ਇਹ ਐਲਾਨ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਤਾਂ ਬਹਿਤਰ ਹੋਵੇਗਾ । ਤਾਂ ਕਿ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮਹਿਸੂਸ ਹੋ ਸਕੇ ਕਿ ਸ. ਪ੍ਰਤਾਪ ਸਿੰਘ ਬਾਜਵਾ ਵਾਕਿਆ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਲਈ ਸੰਜ਼ੀਦਾਂ ਹਨ ।”
ਉਹਨਾਂ ਇਸ ਗੱਲ ਲਈ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਕਿ ਜਦੋ ਸੈਟਰ ਵਿਚ ਕਾਂਗਰਸ ਵਿਰੋਧੀ ਜਮਾਤ ਐਨ.ਡੀ.ਏ. ਦੀ ਸਰਕਾਰ ਹੁੰਦੀ ਹੈ ਤਾਂ ਉਸ ਸਮੇਂ ਬੀਜੇਪੀ ਅਤੇ ਬਾਦਲ ਦਲੀਏ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ, ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਅਤੇ ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾ ਦਾ ਕੰਟਰੋਲ ਪੰਜਾਬ ਨੂੰ ਦੇਣ ਲਈ ਉੱਚੀ ਅਵਾਜ਼ ਵਿਚ ਰੋਲਾ ਪਾਉਦੇ ਹਨ । ਇਸੇ ਤਰ੍ਹਾਂ ਜਦੋ ਸੈਟਰ ਵਿਚ ਐਨਡੀਏ ਦੀ ਤੇ ਉਹਨਾਂ ਦੇ ਭਾਈਵਾਲਾਂ ਦੀ ਸਰਕਾਰ ਹੁੰਦੀ ਹੈ ਤਾਂ ਕਾਂਗਰਸੀ ਉਪਰੋਕਤ ਮੰਗਾਂ ਲਈ ਖੂਬ ਰੌਲਾ ਪਾਉਦੇ ਹਨ । ਪਰ ਜਦੋ ਸੈਟਰ ਵਿਚ ਇਹਨਾਂ ਦੀਆਂ ਆਪੋ-ਆਪਣੀਆਂ ਜਾਂ ਆਪਣੇ ਭਾਈਵਾਲਾਂ ਦੀਆਂ ਹਕੂਮਤਾਂ ਹੁੰਦੀਆਂ ਹਨ ਤਾਂ ਇਹ ਕਾਂਗਰਸੀ, ਭਾਜਪਾਈ ਅਤੇ ਬਾਦਲ ਦਲੀਏ ਪੰਜਾਬ ਸੂਬੇ ਅਤੇ ਸਿੱਖ ਕੌਮ ਦੀਆਂ ਮੰਗਾਂ ਸੰਬੰਧੀ ਕੁੰਭਕਰਨੀ ਨੀਂਦ ਸੋ ਜਾਂਦੇ ਹਨ । ਉਸ ਸਮੇਂ ਆਪੋ-ਆਪਣੀਆਂ ਸਰਕਾਰਾਂ ਤੋ ਇਹ ਸੰਜ਼ੀਦਾਂ ਮਸਲੇ ਹੱਲ ਕਿਉਂ ਨਹੀਂ ਕਰਵਾਉਦੇ ? ਇਸ ਤੋ ਜ਼ਾਹਿਰ ਹੈ ਕਿ ਪੰਜਾਬ ਦੇ ਕਾਂਗਰਸੀ, ਭਾਜਪਾਈ ਅਤੇ ਬਾਦਲ ਦਲੀਏ ਅਜਿਹੀ ਬਿਆਨਬਾਜੀ ਪੰਜਾਬ ਨਿਵਾਸੀਆਂ ਨੂੰ ਗੁੰਮਰਾਹ ਕਰਨ ਹਿੱਤ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਕਰਦੇ ਹਨ । ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਨਹੀ । ਇਸ ਲਈ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਅਜਿਹੀ ਗੁੰਮਰਾਹਕੁੰਨ ਹੋਣ ਵਾਲੀ ਬਿਆਨਬਾਜੀ ਤੋ ਪ੍ਰਭਾਵਿਤ ਨਾ ਹੋਕੇ ਇਹਨਾਂ ਆਗੂਆਂ ਨੂੰ ਸੰਜ਼ੀਦਾਂ ਹੋਣ ਲਈ ਜੋਰ ਪਾਉਣਾ ਚਾਹੀਦਾ ਹੈ ਤਾਂ ਕਿ ਲੰਮੇਂ ਸਮੇਂ ਤੋ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੁੰਦੀਆਂ ਆ ਰਹੀਆਂ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾਕੇ, ਇਥੇ ਜਮਹੂਰੀਅਤ ਅਤੇ ਅਮਨਮਈ ਲੀਹਾਂ ਨੂੰ ਸਥਾਈ ਤੌਰ ਤੇ ਕਾਇਮ ਕੀਤਾ ਜਾ ਸਕੇ ।