ਮਾਸਕੋ- ਅਮਰੀਕੀ ਖੁਫ਼ੀਆ ਏਜੰਸੀ ਦੇ ਕਾਨਟ੍ਰੈਕਟਰ ਰਹੇ ਐਡਵਰਡ ਸਨੋਡੇਨ ਨੂੰ ਏਜੰਸੀ ਦੀ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਆਰੋਪੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਸਨੋਡੇਨ ਨੂੰ ਰੂਸ ਨੇ ਅਸਥਾਈ ਤੌਰ ਤੇ ਇੱਕ ਸਾਲ ਲਈ ਅਸਥਾਈ ਸ਼ਰਣ ਦੇ ਦਿੱਤੀ ਹੈ।ਸਨੋਡੇਨ ਦੇ ਵਕੀਲ ਨੇ ਕਿਹਾ ਹੈ ਕਿ ਪਿੱਛਲੇ ਕੁਝ ਸਮੇਂ ਤੋਂ ਮਾਸਕੋ ਏਅਰਪੋਰਟ ਤੇ ਫਸੇ ਰਹਿਣ ਤੋਂ ਬਾਅਦ ਹੁਣ ਉਹ ਬਾਹਰ ਆ ਗਏ ਹਨ।
ਰੂਸ ਵੱਲੋਂ ਸ਼ਰਣ ਦਿੱਤੇ ਜਾਣ ਦੇ ਫੈਸਲੇ ਦਾ ਸਨੋਡੇਨ ਨੇ ਸਵਾਗਤ ਕਰਦੇ ਹੋਏ ਰੂਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਅਮਰੀਕੀ ਸਰਕਾਰ ਤੇ ਇਹ ਆਰੋਪ ਲਗਾਇਆ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨਾਂ ਦਾ ਸਨਮਾਨ ਨਹੀਂ ਕਰਦੀ। ਸਨੋਡੇਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ, ‘ ਪਿੱਛਲੇ 8 ਹਫ਼ਤਿਆਂ ਤੋਂ ਓਬਾਮਾ ਪ੍ਰਸ਼ਾਸਨ ਨੇ ਅੰਦਰੂਨੀ ਜਾਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਪ੍ਰਤੀ ਕੋਈ ਸਨਮਾਨ ਨਹੀਂ ਵਿਖਾਇਆ। ਪਰ ਆਖਿਰ ਕਾਨੂੰਨ ਦੀ ਜਿੱਤ ਹੋ ਰਹੀ ਹੈ। ਮੈਂ ਇਸ ਲਈ ਰੂਸ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਆਪਣੇ ਕਾਨੂੰਨ ਅਤੇ ਅੰਤਰਰਾਸ਼ਟਰੀ ਮਰਿਆਦਾ ਦੇ ਤਹਿਤ ਮੈਨੂੰ ਸ਼ਰਣ ਦਿੱਤੀ ਹੈ।’
ਅਮਰੀਕਾ ਵੱਲੋਂ ਮਾਸਕੋ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਜੇ ਸਨੋਡੇਨ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾਂ ਨਹੀਂ ਦਿੱਤੀ ਜਾਵੇਗੀ। ਰੂਸ ਦੁਆਰਾ ਸ਼ਰਣ ਦਿੱਤੇ ਜਾਣ ਤੋਂ ਬਾਅਦ ਇਹ ਸਾਬਿਤ ਹੁੰਦਾ ਹੈ ਕਿ ਰੂਸ ਸਰਕਾਰ ਦਾ ਸਨੋਡੇਨ ਨੂੰ ਅਮਰੀਕਾ ਨੂੰ ਸੌਂਪੇ ਜਾਣ ਦਾ ਕੋਈ ਇਰਾਦਾ ਨਹੀਂ ਹੈ।