ਪਟਿਆਲਾ – ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੂੰ ਭਾਈ ਜੈਤੇਗ ਸਿੰਘ ਅਨੰਤ ਫੋਟੋ ਪਤਰਕਾਰ ਅਤੇ ਲੇਖਕ ਵਲੋਂ ਸੰਪਾਦਤ ਕੀਤਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਅਤੇ ਕੁਲਮਿੰਦਰ ਸਿੰਘ ਲੰਗ ਨੇ ਭੇਂਟ ਕੀਤਾ। ਸ੍ਰ ਤਰਲੋਚਨ ਸਿੰਘ ਨੇ ਇਸ ਗ੍ਰੰਥ ਦੇ ਪ੍ਰਕਾਸ਼ਤ ਕਰਨ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਮਰਤੀ ਗ੍ਰੰਥ ਗਦਰ ਲਹਿਰ ਦੇ 100 ਸਾਲ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸਮਾਜਕ ,ਧਾਰਮਿਕ ਅਤੇ ਆਜਾਦੀ ਦੀ ਲੜਾਈ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦੇ 100 ਪ੍ਰਸਿਧ ਵਿਦਵਾਨਾਂ ਅਤੇ ਸਿੱੰਖ ਬੁਧੀਜੀਵੀਆਂ ਦੇ ਜਾਣਕਾਰੀ ਭਰਪੂਰ ਲੇਖ ਹਨ।ਇਸ ਵਿੱਚ ਭਾਈ ਸਾਹਿਬ ਦੀਆਂ ਇਤਿਹਾਸਕ ਜੇਲ੍ਹ ਚਿੱਠੀਆਂ ਅਤੇ ਰੰਗਦਾਰ ਤਸਵੀਰਾਂ ਹਨ।ਉਹਨਾਂ ਅੱਗੋਂ ਕਿਹਾ ਕਿ ਇਹ ਗ੍ਰੰਥ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਦਾ ਕੰਮ ਕਰੇਗਾ ਅਤੇ ਸਿੱਖ ਇਤਿਹਾਸ ਦਾ ਹਿੱਸਾ ਬਣੇਗਾ। ਉਹਨਾ ਕਿਹਾ ਸਿੱਖ ਕੌਮ ਦੇ ਮਹਾਨ ਵਿਦਵਾਨ ਹੀ ਸਾਡੇ ਨੌਜਵਾਨਾਂ ਲਈ ਅਜੋਕੇ ਉਲਝੇ ਸਮਾਜਕ ਤਾਣੇ ਬਾਣੇ ਨੂੰ ਸਿੱਧੇ ਰਸਤੇ ਪਾ ਸਕਦੇ ਹਨ। ਉਹਨਾ ਸਿੱਖ ਵਿਦਵਾਨਾਂ ਅਤੇ ਬੁਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਣਮੁਲੇ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਮਹਾਂ ਪੁਰਖਾਂ ਦੇ ਜੀਵਨ ਤੋਂ ਆਉਣ ਵਾਲੀ ਪਨੀਰੀ ਨੂੰ ਜਾਣੂ ਕਰਵਾਕੇ ਉਹਨਾਂ ਨੂੰ ਸੇਧ ਦੇਣ ਦੀ ਖੇਚਲ ਕਰਨ। ਇਸ ਮੌਕੇ ਤੇ ਉਹਨਾਂ ਨਾਲ ਪ੍ਰਿੰਸੀਪਲ ਬਾਬੂ ਸਿੰਘ ਗੁਰਮ ਪੈਟਰਨ ਅਕਾਲੀ ਜੱਥਾ ਸ਼ਹਿਰੀ ਅਤੇ ਚਰਨਜੀਤ ਸਿੰਘ ਗਰੋਵਰ ਪ੍ਰਧਾਨ ਪੰਜਾਬੀ ਵਿਕਾਸ ਮੰਚ ਵੀ ਸਨ।